
ਸਿਆਸੀ ਹਲ-ਚਲ: ਕੌਣ ਬਣੇਗਾ ਮੁਹਾਲੀ ਦਾ ਨਵਾਂ ਮੇਅਰ ਜੀਤੀ ਸਿੱਧੂ ਜਾਂ ਰਿਸਵ ਜੈਨ?
ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 8 ਅਪਰੈਲ ਨੂੰ, ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 8 ਅਪਰੈਲ ਨੂੰ ਹੋਵੇਗੀ। ਇਸ ਸਬੰਧੀ ਰੂਪਨਗਰ ਦੇ ਡਵੀਜ਼ਨਲ ਕਮਿਸ਼ਨਰ ਵੱਲੋਂ 8 ਅਪਰੈਲ ਨੂੰ ਸ਼ਹਿਰ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਮੀਟਿੰਗ ਸੱਦੀ ਗਈ ਹੈ। ਡਵੀਜ਼ਨਲ ਕਮਿਸ਼ਨਰ ਰਾਹੁਲ ਤਿਵਾੜੀ ਨੇ ਸੋਮਵਾਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ 8 ਅਪਰੈਲ ਨੂੰ ਬਾਅਦ ਦੁਪਹਿਰ 3 ਵਜੇ ਨਗਰ ਭਵਨ ਸੈਕਟਰ-68 ਵਿੱਚ ਸਾਰੇ ਕੌਂਸਲਰਾਂ ਦੀ ਮੀਟਿੰਗ ਸੱਦੀ ਜਾਵੇ ਅਤੇ ਇਸ ਸਬੰਧੀ ਤੁਰੰਤ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਵੇ। ਡਵੀਜ਼ਨਲ ਕਮਿਸ਼ਨਰ ਨੇ ਸਰਕਾਰੀ ਪੱਤਰ ਵਿੱਚ ਲਿਖਿਆ ਹੈ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਾਰੇ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਉਪਰੰਤ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਕਰਵਾਈ ਜਾਵੇਗੀ। ਅਧਿਕਾਰੀ ਨੇ ਵਿਸ਼ੇਸ਼ ਤੌਰ ’ਤੇ ਇਸ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਵੀਡੀਓਗ੍ਰਾਫ਼ੀ ਕਰਾਉਣ ਦੀ ਵਿਵਸਥਾ ਕੀਤੀ ਜਾਵੇ।
ਉਧਰ, ਅੱਜ ਜਿਵੇਂ ਹੀ ਨਵੇਂ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਮੇਅਰ ਦੀ ਚੋਣ ਕਰਵਾਉਣ ਲਈ ਸਰਕਾਰੀ ਪੱਤਰ ਨਗਰ ਨਿਗਮ ਦੇ ਦਫ਼ਤਰ ਵਿੱਚ ਪੁੱਜ ਤਾਂ ਤੁਰੰਤ ਹੁਕਮਰਾਨ ਪਾਰਟੀ ਦੇ ਆਗੂਆਂ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਅਤੇ ਐਡਵਾਂਸ ਵਿੱਚ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸੂਤਰ ਦੱਸਦੇ ਹਨ ਕਿ ਮੰਤਰੀ ਆਪਣੇ ਛੋਟੇ ਭਰਾ ਜੀਤੀ ਸਿੱਧੂ ਨੂੰ ਮੇਅਰ ਦੀ ਕੁਰਸੀ ’ਤੇ ਬਿਠਾਉਣਾ ਚਾਹੁੰਦੇ ਹਨ। ਉਂਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਵੀ ਮੇਅਰ ਬਣਨ ਲਈ ਆਪਣੇ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਨੇ ਇਹ ਕਦਮ ਪਾਰਟੀ ਦੇ ਸੀਨੀਅਰ ਕਾਂਗਰਸ ਆਗੂਆਂ ਦਾ ਥਾਪੜਾ ਮਿਲਣ ਤੋਂ ਬਾਅਦ ਹੀ ਚੁੱਕਿਆ ਹੈ। ਵੈਸੇ ਵੀ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਅਤੇ ਬਾਕੀ ਆਜ਼ਾਦ ਕੌਂਸਲਰਾਂ ਨੇ ਵੀ ਸ੍ਰੀ ਜੈਨ ਨੂੰ ਅੰਦਰਖਾਤੇ ਸਮਰਥਨ ਦੇਣ ਦੀ ਹਾਮੀ ਭਰੀ ਹੈ। ਇਸ ਸਬੰਧੀ ਸ੍ਰੀ ਜੈਨ ਨਾਲ ਆਜ਼ਾਦ ਗਰੁੱਪ ਅਤੇ ਆਜ਼ਾਦ ਕੌਂਸਲਰ ਸੰਪਰਕ ਕਰ ਚੁੱਕੇ ਹਨ ਅਤੇ ਇਹ ਭਰੋਸਾ ਦਿੱਤਾ ਕਿ ਜੀਤੀ ਸਿੱਧੂ ਨੂੰ ਮੇਅਰ ਦੀ ਚੇਅਰ ਤੋਂ ਦੂਰ ਰੱਖਣ ਲਈ ਆਜ਼ਾਦ ਗਰੁੱਪ ਅਤੇ ਆਜ਼ਾਦ ਕੌਂਸਲਰ ਉਸ ਦਾ ਸਾਥ ਦੇ ਸਕਦੇ ਹਨ। ਪ੍ਰੰਤੂ ਜੈਨ ਲਈ ਮੇਅਰ ਬਣਨਾ ਏਨਾ ਸੌਖਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ 27 ਕੌਂਸਲਰਾਂ ਦੀ ਲੋੜ ਹੈ। ਆਜ਼ਾਦ ਗਰੁੱਪ ਅਤੇ ਆਜ਼ਾਦ ਕੌਂਸਲਰਾਂ ਦੀ ਗਿਣਤੀ ਮਹਿਜ਼ 13 ਹੈ। ਜੈਨ ਕੋਲ ਆਪਣੀਆਂ ਤਿੰਨ ਵੋਟਾਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਘੱਟੋ ਘੱਟ 10 ਕੌਂਸਲਰ ਹੋਰ ਚਾਹੀਦੇ ਹਨ। ਖ਼ਰੀਦੋ ਫਰੋਖ਼ਤ ਵੀ ਕੀਤੇ ਜਾਣ ਦੇ ਚਰਚੇ ਜ਼ੋਰਾਂ ’ਤੇ ਹਨ। ਹੁਣ ਦੇਖਦਾ ਇਹ ਹੋਵੇਗਾ ਕਿ ਆਉਣ ਵਾਲੀ 8 ਤਰੀਕ ਨੂੰ ਮੇਅਰ ਦੀ ਕੁਰਸੀ ’ਤੇ ਮੰਤਰੀ ਦਾ ਛੋਟਾ ਭਰਾ ਕਾਬਜ਼ ਹੁੰਦਾ ਹੈ ਜਾਂ ਕਿਸੇ ਹੋਰ ਸੀਨੀਅਰ ਆਗੂ ਦੀ ਲਾਟਰੀ ਨਿਕਲਦੀ ਹੈ।
ਮੁਹਾਲੀ ਨਗਰ ਨਿਗਮ ਦੀ ਚੋਣ 14 ਫਰਵਰੀ ਨੂੰ ਹੋਈ ਸੀ ਲੇਕਿਨ ਹੁਣ ਤੱਕ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਨਾ ਚੁਕਾਏ ਜਾਣ ਕਾਰਨ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਕੰਮ ਠੰਢੇ ਬਸਤੇ ਵਿੱਚ ਪਿਆ ਸੀ। ਇਹੀ ਨਹੀਂ ਸ਼ਹਿਰ ਵਿੱਚ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਸੀ।