ਆਖ਼ਰਕਾਰ ਚਾਰ ਭਾਜਪਾ ਉਮੀਦਵਾਰਾਂ ਨੇ ਚੋਣਾਂ ਦੇ ਐਨ ਮੌਕੇ ਕਿਉਂ ਛੱਡੀ ਪਾਰਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 12 ਫਰਵਰੀ:
ਮੁਹਾਲੀ ਨਗਰ ਨਿਗਮ ਦੀ 14 ਫਰਵਰੀ ਨੂੰ ਹੋਣ ਵਾਲੀ ਚੋਣ ਦੇ ਮਹਿਜ਼ ਦੋ ਦਿਨ ਪਹਿਲਾਂ ਭਾਜਪਾ ਦੇ ਚਾਰ ਉਮੀਦਵਾਰ ਚੋਣ ਮੈਦਾਨ ’ਚੋਂ ਪਾਸੇ ਹਟਦਿਆਂ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਵਾਰਡ ਨੰਬਰ-9 ਤੋਂ ਭਾਜਪਾ ਉਮੀਦਵਾਰ ਰਜਿੰਦਰ ਕੌਰ, ਵਾਰਡ ਨੰਬਰ-21 ਤੋਂ ਉਮੀਦਵਾਰ ਕ੍ਰਿਸ਼ਨ ਰਾਣੀ, ਵਾਰਡ ਨੰਬਰ-23 ਤੋਂ ਉਮੀਦਵਾਰ ਪਰਮਜੀਤ ਕੌਰ ਅਤੇ ਵਾਰਡ ਨੰਬਰ-29 ਤੋਂ ਉਮੀਦਵਾਰ ਬਿਮਲਾ ਰਾਣੀ ਨੇ ਭਾਜਪਾ ਨੂੰ ਅਲਵਿਦਾ ਆਖਦਿਆਂ ਆਪਣੇ ਹੱਥਾਂ ਵਿੱਚ ਝਾੜੂ ਫੜ ਲਿਆ ਹੈ। ਉਧਰ, ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਲੜੀਵਾਰ ਕਿਸਾਨ ਅੰਦੋਲਨ ਕਾਰਨ ਪਹਿਲਾਂ ਹੀ ਭਾਜਪਾ ਨੂੰ ਕਾਫੀ ਮੁਸ਼ਕਲਾਂ ਅਤੇ ਲੋਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਜ ਚਾਰ ਉਮੀਦਵਾਰਾਂ ਦੇ ਪਾਰਟੀ ਛੱਡਣ ਦਾ ਐਲਾਨ ਕਰਨ ਨਾਲ ਮੁਹਾਲੀ ਵਿੱਚ ਭਾਜਪਾ ਨੂੰ ਜਬਰਦਸਤ ਝਟਕਾ ਲੱਗਿਆ ਹੈ। ਇਸ ਨਾਲ ਆਜ਼ਾਦ ਗਰੁੱਪ ਦੀ ਚੋਣ ਮੁਹਿੰਮ ਕਾਫੀ ਮਜ਼ਬੂਤੀ ਪ੍ਰਦਾਨ ਹੋਈ ਹੈ। ਖਰੜ ਵਿੱਚ ਸੀਨੀਅਰ ਭਾਜਪਾ ਆਗੂਆਂ ਦੇ ਪਰਿਵਾਰਕ ਮੈਂਬਰ ਆਜ਼ਾਦ ਚੋਣਾਂ ਲੜ ਰਹੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਗਰੀਬ, ਕਿਸਾਨ ਅਤੇ ਹਰ ਵਿਅਕਤੀ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਤੋਂ ਪ੍ਰੇਸ਼ਾਨ ਹੈ। ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਉੱਤੇ ਧੱਕੇ ਨਾਲ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ। ਜਦੋਂ ਕਿਸਾਨ ਇਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਸੜਕ ਉੱਤੇ ਉੱਤਰੇ ਅਤੇ ਮੋਦੀ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਮੋਦੀ ਨੇ ਪਹਿਲਾਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ ਖਾਲਿਸਤਾਨੀ, ਪਾਕਿਸਤਾਨੀ, ਅੱਤਵਾਦੀ ਅਤੇ ਗਦਾਰ ਕਿਹਾ। ਕਿਸਾਨਾਂ ਨੇ ਜਦੋਂ ਹਾਰ ਨਹੀਂ ਮੰਨੀ ਤਾਂ ਉਨ੍ਹਾਂ ਉੱਤੇ ਭਾਜਪਾ ਦੇ ਗੁੰਡਿਆਂ ਤੋਂ ਹਮਲਾ ਕਰਵਾਇਆ ਗਿਆ।
ਭਾਜਪਾ ਛੱਡਣ ’ਤੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਿਅਕਤੀ ਨਰਿੰਦਰ ਮੋਦੀ ਨੂੰ ਨਫ਼ਰਤ ਕਰ ਰਿਹਾ ਹੈ ਪ੍ਰੰਤੂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਪ੍ਰਧਾਨ ਮੰਤਰੀ ਕੋਲ ਨਹੀਂ ਚੁੱਕਿਆ। ਕਿਸਾਨ ਅੰਦੋਲਨ ਦੇ ਚੱਲਦਿਆਂ ਹੁਣ ਤੱਕ 200 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪ੍ਰੰਤੂ ਅਸ਼ਵਨੀ ਸ਼ਰਮਾ ਨੇ ਹਮਦਰਦੀ ਨਹੀਂ ਪ੍ਰਗਟਾਈ। ਇਸ ਰਵੱਈਆ ਕਾਰਨ ਭਾਜਪਾ ਦੇ ਆਗੂ ਲਗਾਤਾਰ ਪਾਰਟੀ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਅਸ਼ਵਨੀ ਸ਼ਰਮਾ ਹੀ ਨਹੀਂ, ਪੰਜਾਬ ਭਾਜਪਾ ਦੇ ਕਿਸੇ ਵੀ ਆਗੂ ਨੇ ਕਿਸਾਨਾਂ ਦੇ ਸਮਰਥਨ ਵਿੱਚ ਇਕ ਸ਼ਬਦ ਨਹੀਂ ਕਿਹਾ। ਗੁਰਦਾਸਪੁਰ ਦੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਜਨਤਾ ਨੇ ਵੋਟ ਦੇ ਕੇ ਲੋਕ ਸਭਾ ਮੈਂਬਰ ਬਣਾਇਆ। ਪੰਜਾਬ ਦੇ ਲੋਕਾਂ ਨੇ ਦਿਓਲ ਪਰਿਵਾਰ ਨੂੰ ਬਹੁਤ ਮਾਨ ਸਨਮਾਨ ਅਤੇ ਪਿਆਰ ਦਿੱਤਾ, ਪ੍ਰੰਤੂ ਉਨਾਂ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ। ਮੋਦੀ ਸਰਕਾਰ ਦੇ ਤਾਨਾਸ਼ਾਹ ਰਵੱਈਆ ਨੂੰ ਹੁਣ ਲੋਕ ਸਮਝ ਗਏ ਹਨ। ਅੱਜ ਪੰਜਾਬ ਵਿੱਚ ਭਾਜਪਾ ਦੀ ਅਜਿਹੀ ਹਾਲਤ ਹੋ ਗਈ ਕਿ ਸਥਾਨਕ ਚੋਣਾਂ ਵਿੱਚ ਭਾਜਪਾ ਆਗੂ ਲੋਕਾਂ ਦੇ ਵਿਰੋਧ ਦੇ ਡਰ ਕਾਰਨ ਵੋਟ ਮੰਗਣ ਨਹੀਂ ਨਿਕਲ ਰਹੇ। ਮੋਦੀ ਸਰਕਾਰ ਦੇ ਰਵੱਈਏ ਉਤੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਮੈਂ ਅੱਜ ਦਾਅਵੇ ਨਾਲ ਕਹਿ ਰਿਹਾ ਹਾਂ ਕਿ 2022 ਦੀਆਂ ਚੋਣਾਂ ਵਿੱਚ ਭਾਜਪਾ ਦਾ ਪੰਜਾਬ ਤੋਂ ਪੂਰੀ ਤਰਾਂ ਸਫਾਇਆ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਸੂਬੇ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਬਣਾ ਸਕਦੀ ਹੈ। ਸਥਾਨਕ ਚੋਣਾਂ ਵਿੱਚ ਲੋਕ ਜਿਸ ਉਤਸ਼ਾਹ ਨਾਲ ‘ਆਪ’ ਉਮੀਦਵਾਰਾਂ ਦਾ ਸਮਰਥਨ ਕਰ ਰਹੇ ਹਨ ਅਤੇ ਉਸ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰਨ ਤੌਰ ਉੱਤੇ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਚਾਰੇ ਉਮੀਦਵਾਰਾਂ ਨੇ ਕਿਹਾ ਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਿਸਾਨ ਵਿਰੋਧੀ ਅਤੇ ਤਾਨਾਸ਼ਾਹ ਰਵੱਈਆ ਕਾਰਨ ਅੱਜ ਭਾਜਪਾ ਛੱਡਣ ਦਾ ਫੈਸਲਾ ਕੀਤਾ। ‘ਆਪ‘ ਵਿੱਚ ਸ਼ਾਮਲ ਹੋਣ ਉੱਤੇ ਉਨਾਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਕਲਿਆਣਕਾਰੀ ਕੰਮ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ‘ਆਪ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੀਨੀਅਰ ਆਗੂ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਗੋਵਿੰਦਰ ਮਿੱਤਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…