nabaz-e-punjab.com

ਹਿੰਸਾ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਪੀੜਤ ਅੌਰਤਾਂ ਨੂੰ ਸਮੇਂ ਸਿਰ ਕਿਉਂ ਨਹੀਂ ਮਿਲਦਾ ਇਨਸਾਫ਼?

ਆਨਲਾਈਨ ਟਰੇਨਿੰਗ ਵਰਕਸ਼ਾਪ: ਅੌਰਤਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ

ਅੌਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਕਾਰਨ ਹਿੰਸਾ ਦੇ ਜ਼ਿਆਦਾਤਰ ਮਾਮਲਿਆਂ ਦੀ ਰਿਪੋਰਟ ਤੱਕ ਨਹੀਂ ਹੁੰਦੀ

ਪੁਲੀਸ ਦੀ ਤੁਰੰਤ ਕਾਰਵਾਈ ਅੌਰਤਾਂ ਵਿਰੁੱਧ ਹਿੰਸਾ ਦੀ ਮੁੱਢਲੀ ਜਾਂਚ ਵਿੱਚ ਨਿਭਾਅ ਸਕਦੀ ਹੈ ਅਹਿਮ ਭੂਮਿਕਾ: ਏਡੀਜੀਪੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਫਰਵਰੀ:
ਅੌਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਅਤੇ ਪੀੜਤ ਅੌਰਤਾਂ ਨੂੰ ਸਹਾਇਤਾ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਕਰਮੀਆਂ ਨੂੰ ਜਾਗਰੂਕ ਕਰਦਿਆਂ ਪੰਜਾਬ ਪੁਲੀਸ ਦੀ ਏਡੀਜੀਪੀ (ਕਮਿਊਨਿਟੀ ਅਫ਼ੇਅਰਜ਼ ਡਿਵੀਜ਼ਨ ਅਤੇ ਜਨਤਕ ਸ਼ਿਕਾਇਤਾਂ) ਸ੍ਰੀਮਤੀ ਗੁਰਪ੍ਰੀਤ ਦਿਉ ਨੇ ਕਿਹਾ ਕਿ ਅੌਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ ਕੀਤੀ ਗਈ ਫੌਰੀ ਕਾਰਵਾਈ ਅਜਿਹੇ ਮਾਮਲਿਆਂ ਨੂੰ ਛੇਤੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਸ੍ਰੀਮਤੀ ਦਿਉ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਸਖੀ ਵਨ ਸਟਾਪ ਸੈਂਟਰ’ ਸਬੰਧੀ ਕਰਵਾਈ ਗਈ ਰਾਜ ਪੱਧਰੀ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਦੇ ਦੂਜੇ ਪੜਾਅ ਦੌਰਾਨ ਸੰਬੋਧਨ ਕਰ ਰਹੇ ਸਨ।
‘ਹਿੰਸਾ ਤੋਂ ਪ੍ਰਭਾਵਿਤ ਅੌਰਤਾਂ ਦੇ ਮਾਮਲਿਆਂ ਵਿੱਚ ਕਾਨੂੰਨ ਲਾਗੂ ਕਰਨ ਏਜੰਸੀਆਂ ਦੀ ਜਵਾਬੀ ਪ੍ਰਤੀਕਿਰਿਆ ਵਿਸ਼ੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਪੁਲੀਸ ਅੌਰਤਾਂ ਵਿਰੁੱਧ ਹਿੰਸਾ ਦੇ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਪਰ ਅੌਰਤਾਂ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਹਿੰਸਾ ਦੇ ਬਹੁਤੇ ਮਾਮਲਿਆਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ। ਅੌਰਤਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਏਡੀਜੀਪੀ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਿਆਂ ਵਿੱਚ ਕਾਰਆਮਦ ‘ਸਖੀ ਵਨ ਸਟਾਪ ਸੈਂਟਰਾਂ‘ ਨੂੰ ਟੋਲ ਫ਼੍ਰੀ ਮਹਿਲਾ ਹੈਲਪਲਾਈਨ ਨੰਬਰ-181 ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਹਿੰਸਾ ਤੋਂ ਪ੍ਰਭਾਵਤ ਅੌਰਤਾਂ ਨੂੰ ਆਸਾਨੀ ਨਾਲ ਇਨ੍ਹਾਂ ਸੈਂਟਰਾਂ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਥਾਣੇ ਵਿੱਚ ਵੱਖਰੇ ਮਹਿਲਾ ਪੁਲਿਸ ਡੈਸਕ ਹੋਣਾ ਵੀ ਸਮੇਂ ਦੀ ਮੰਗ ਹੈ।
‘ਅੌਰਤਾਂ ਵਿਰੁੱਧ ਜਿਨਸੀ ਤੇ ਭਾਵਨਾਤਮਕ ਹਿੰਸਾ ਦੇ ਕੇਸਾਂ ਨਾਲ ਨਜਿੱਠਣ ਵਿੱਚ ਪੁਲਿਸ ਦੀ ਭੂਮਿਕਾ ਭਾਰਤ ਵਿਚਲੀਆਂ ਸਰਬੋਤਮ ਕਾਰਵਾਈਆਂ ਤੋਂ ਸਿੱਖਣਾ‘ ਵਿਸ਼ੇ ‘ਤੇ ਬੋਲਦਿਆਂ ਹਰਿਆਣਾ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਡਾ. ਕੇ.ਪੀ. ਸਿੰਘ ਨੇ ਕਿਹਾ ਕਿ ਹਿੰਸਾ ਦੀਆਂ ਸ਼ਿਕਾਰ ਅੌਰਤਾਂ ਨੂੰ ਪੁਲਿਸ ਵੱਲੋਂ ਦਿੱਤੀ ਭਾਵਨਾਤਮਕ ਸਹਾਇਤਾ ਨਾਲ ਉਨ੍ਹਾਂ ਵਿੱਚ ਨਿਆਂ ਦੀ ਆਸ ਬੱਝਦੀ ਹੈ ਅਤੇ ਹਿੰਸਾ ਵਿਰੁੱਧ ਲੜਨ ਦੀ ਇੱਛਾ-ਸ਼ਕਤੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਤ ਅੌਰਤਾਂ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰਨ ‘ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਸਿਖਿਆਰਥੀਆਂ ਨੂੰ ਹਿੰਸਾ ਤੋਂ ਪ੍ਰਭਾਵਤ ਅੌਰਤਾਂ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਢੁਕਵੇਂ ਢੰਗ ਨਾਲ ਪੂਰਾ ਕਰਨ ਦੇ ਯੋਗ ਬਣਾਉਣ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਨੈਸ਼ਨਲ ਇੰਸਟੀਚਿਊਟ ਆਫ਼ ਕ੍ਰਿਮੀਨਾਲੌਜੀ ਐਂਡ ਫ਼ੋਰੈਂਸਿਕ ਸਾਇੰਸ (ਗ੍ਰਹਿ ਮੰਤਰਾਲਾ) ਦੇ ਸੀਨੀਅਰ ਫ਼ੈਕਲਟੀ ਡਾ. ਕੇ.ਪੀ. ਕੁਸ਼ਵਾਹਾ ਨੇ ਕਿਹਾ ਕਿ ਵਿਗਿਆਨਕ ਤਰੀਕਿਆਂ ਨਾਲ ਹੀ ਸਬੂਤ ਇਕੱਠੇ ਕੀਤੇ ਜਾਣ ਤਾਂ ਜੋ ਦੋਸ਼ੀਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਪੀੜਤ ਨੂੰ ਛੇਤੀ ਨਿਆਂ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜਿਨਸੀ ਸੋਸ਼ਣ ਦੇ ਮਾਮਲਿਆਂ ਦੀ ਮੈਡੀਕੋ-ਲੀਗਲ ਜਾਂਚ ਲਈ ਫ਼ਾਰਮਾਸੂਟੀਕਲ ਸਟਾਫ਼ ਵੱਲੋਂ ਪ੍ਰਵਾਨਤ ਤੇ ਉੱਤਮ ਤਰੀਕੇ ਅਪਣਾਉਣ ‘ਤੇ ਵੀ ਵਿਚਾਰ ਕੀਤਾ।
ਡਾ. ਮਨਮੀਤ ਕੌਰ, ਪ੍ਰੋਫ਼ੈਸਰ, ਹੈਲਥ ਪ੍ਰਮੋਸ਼ਨ, ਪੀਜੀਆਈ ਸਕੂਲ ਆਫ਼ ਪਬਲਿਕ ਹੈਲਥ ਐਂਡ ਪ੍ਰੋਫ਼ੈਸੋਰੀਅਲ ਫ਼ੈਲੋ, ਦਿ ਜਾਰਜ ਇੰਸਟੀਚਿਊਟ ਫ਼ਾਰ ਗਲੋਬਲ ਹੈਲਥ, ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਨੇ ਵੀ ‘ਸਿਹਤ ਸੰਭਾਲ ਪ੍ਰਣਾਲੀ ਤਹਿਤ ਅੌਰਤਾਂ ਵਿਰੁੱਧ ਹਿੰਸਾ ਦਾ ਪਤਾ ਲਾਉਣਾ ਅਤੇ ਹੱਲ‘ ਸਬੰਧੀ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੌਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ‘ਚ ਸਿਹਤ ਸੰਭਾਲ ਪ੍ਰਣਾਲੀ ਅਕਸਰ ਅਣਗੌਲਿਆ ਪਰ ਬਹੁਤ ਅਹਿਮ ਪਹਿਲੂ ਹੈ।
ਡਾ. ਰੀਤਇੰਦਰ ਕੋਹਲੀ, ਸਾਬਕਾ ਚੇਅਰਪਰਸਨ, ਇੰਡੀਅਨ ਵੂਮੈਨ ਨੈੱਟਵਰਕ, ਚੰਡੀਗੜ੍ਹ ਨੇ ਸੈਸ਼ਨ ‘ਹਿੰਸਾ ਪੀੜਤ ਅੌਰਤਾਂ ਨਾਲ ਸੁਖਾਵੇਂ ਰਾਬਤਾ ਕਿਵੇਂ ਸਥਾਪਤ ਕੀਤੀ ਜਾਵੇ’ ਦੌਰਾਨ ਸਿਖਿਆਰਥੀਆਂ ਨੂੰ ਹਿੰਸਾ ਤੋਂ ਪ੍ਰਭਾਵਤ ਅੌਰਤਾਂ ਦੀ ਮਨੋਵਿਗਿਆਨਕ ਕਾਊਂਸਲਿੰਗ ਦੇ ਜ਼ਰੂਰੀ ਪਹਿਲੂਆਂ ਅਤੇ ਗਤੀਵਿਧੀਆਂ ਨੂੰ ਸਮਝਣ ਲਈ ਸੁਝਾਅ ਦਿੱਤੇ। ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ), ਚੰਡੀਗੜ੍ਹ ਦੀ ਸਹਾਇਕ ਪ੍ਰੋਫ਼ੈਸਰ ਡਾ. ਨਯਾਨਿਕਾ ਸਿੰਘ ਨੇ ਕਿਹਾ ਕਿ ਵਨ ਸਟਾਪ ਸਖੀ ਸੈਂਟਰ ਦੇ ਸਟਾਫ਼ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹਿੰਸਾ ਤੋਂ ਪੀੜਤ ਅੌਰਤਾਂ ਦੀ ਮਾਨਸਿਕ ਸਥਿਤੀ ਨੂੰ ਆਮ ਬਣਾਉਣ ਦੇ ਯਤਨ ਕਰਨਾ ਹੈ। ਉਨ੍ਹਾਂ ਜਿਨਸੀ ਅਤੇ ਭਾਵਨਾਤਮਕ ਹਿੰਸਾ ਦਾ ਸ਼ਿਕਾਰ ਅੌਰਤਾਂ ਨੂੰ ਭਾਵਨਾਤਮਕ ਢੰਗ ਨਾਲ ਠੀਕ ਕਰਨ ਬਾਰੇ ਗੱਲਬਾਤ ਕੀਤੀ, ਜੋ ਅਜਿਹੇ ਮਾਮਲਿਆਂ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਲਈ ਅਹਿਮ ਸਾਬਤ ਹੋ ਸਕਦੀ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਿੰਸਾ ਤੋਂ ਪੀੜਤ ਅੌਰਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ 22 ਜ਼ਿਲ੍ਹਿਆਂ ਵਿੱਚ ‘ਵਨ ਸਟਾਪ ਸਖੀ ਸੈਂਟਰ‘ ਸਥਾਪਤ ਕੀਤੇ ਹਨ, ਜੋ ਸਮਰਪਿਤ ਸਟਾਫ਼ ਨਾਲ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਲੋੜਵੰਦ ਅੌਰਤਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਵਿਭਾਗ ਦੇ ਡਾਇਰੈਕਟਰ-ਕਮ-ਵਿਸ਼ੇਸ਼ ਸਕੱਤਰ ਸ੍ਰੀ ਵਿਪੁਲ ਉੱਜਵਲ ਨੇ ਕਿਹਾ ਕਿ ਵਿਭਾਗ ਵੱਲੋਂ ਚਲਾਏ ਜਾ ਰਹੇ ਇਹ ਸੈਂਟਰ ਪੀੜਤਾਂ ਨੂੰ ਡਾਕਟਰੀ, ਕਾਨੂੰਨੀ ਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਸਣੇ ਏਕੀਕ੍ਰਿਤ ਸੇਵਾਵਾਂ ਤੱਕ ਪੀੜਤਾਂ ਦੀ ਪਹੁੰਚ ਯਕੀਨੀ ਬਣਾ ਰਹੇ ਹਨ। ਇਸ ਵਰਕਸ਼ਾਪ ਦੌਰਾਨ ਸਵਾਲ-ਜਵਾਬ ਸੈਸ਼ਨ ਕਰਵਾਏ ਗਏ ਅਤੇ ਟ੍ਰੇਨਿੰਗ ਕਰ ਰਹੇ ਮੁਲਾਜ਼ਮਾਂ ਦੇ ਸਵਾਲਾਂ ਦੇ ਜਵਾਬ ਕੌਮਾਂਤਰੀ ਪੱਧਰ ਦੇ ਮਾਹਰਾਂ ਵੱਲੋਂ ਦਿੱਤੇ ਗਏ। ਵਰਕਸ਼ਾਪ ਕਰਾਉਣ ਲਈ ਅਹਿਮ ਯੋਗਦਾਨ ਪਾਉਣ ਵਾਲੇ ਗਵਰਨੈਂਸ ਫ਼ੈਲੋ, ਡੀਜੀਆਰ ਐਂਡ ਪੀਜੀ ਸ੍ਰੀਮਤੀ ਪ੍ਰਿਅੰਕਾ ਚੌਧਰੀ ਨੇ ਵੀ ਧੰਨਵਾਦ ਸ਼ਬਦ ਕਹੇ।

Load More Related Articles
Load More By Nabaz-e-Punjab
Load More In Awareness/Campaigns

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…