
ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਵਿਧਵਾ ਅੌਰਤ ਇਨਸਾਫ਼ ਲਈ ਖੱਜਲ-ਖੁਆਰ
ਗੁਆਂਢੀਆਂ ਦੇ ਜਵਾਈ ਨੇ ਬਜ਼ੁਰਗ ਨਾਲ 10 ਲੱਖ ਦੀ ਠੱਗੀ ਮਾਰੀ, ਡੀਐਸਪੀ ਨੇ ਕੇਸ ਕੀਤਾ ਰੱਦ
ਪੀੜਤ ਪਰਿਵਾਰ ਨੇ ਮੁਲਜ਼ਮਾਂ ਨੂੰ ਬਚਾਉਣ ਵਾਲੇ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਮੰਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਪਿੰਡ ਤੁੰਗਾਂ (ਨਾਭਾ) ਦੀ ਇਕ ਬਜ਼ੁਰਗ ਵਿਧਵਾ ਅੌਰਤ ਪਰਮਜੀਤ ਕੌਰ ਅਤੇ ਉਸਦੇ ਪਰਿਵਾਰ ਦੇ ਮੈਂਬਰ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਵਿਧਵਾ ਪਰਮਜੀਤ ਕੌਰ, ਉਸ ਦੇ ਬੇਟੇ ਸੁਖਦੇਵ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਵਿਧਵਾ ਅੌਰਤ ਆਪਣੇ ਖਰਚੇ ਲਈ ਬੈਂਕ ’ਚੋਂ 10 ਹਜ਼ਾਰ ਰੁਪਏ ਕਢਵਾਉਣ ਜਾਣਾ ਸੀ, ਕਿ ਰਸਤੇ ਵਿੱਚ ਉਸ ਨੂੰ ਉਨ੍ਹਾਂ ਦੇ ਗੁਆਂਢੀਆਂ ਦਾ ਜਵਾਈ ਮਿਲ ਗਿਆ। ਜਿਸ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ।
ਉਸ ਦੇ ਕਹਿਣ ’ਤੇ ਅੌਰਤ ਨੇ ਭਰੋਸਾ ਕਰਕੇ ਖਾਲੀ ਚੈੱਕ ਸਾਈਨ ਕਰਕੇ ਦੇ ਦਿੱਤਾ, ਪ੍ਰੰਤੂ ਗੁਆਂਢੀਆਂ ਦੇ ਜਵਾਈ ਨੇ 10 ਹਜ਼ਾਰ ਦੀ ਥਾਂ 10.40 ਲੱਖ ਰੁਪਏ ਕਢਵਾ ਲਏ। ਇਸ ਗੱਲ ਦਾ ਉਸ ਨੂੰ ਦੋ-ਢਾਈ ਮਹੀਨੇ ਬਾਅਦ ਉਦੋਂ ਪਤਾ ਲੱਗਾ ਜਦੋਂ ਉਹ ਪੈਸੇ ਕਢਵਾਉਣ ਬੈਂਕ ਗਈ। ਵਿਧਵਾ ਅੌਰਤ ਨਾਲ ਠੱਗੀ ਮਾਰਨ ਦਾ ਰੌਲਾ ਪੈਣ ’ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਗੁਆਂਢੀਆਂ ਦੇ ਰਿਸ਼ਤੇਦਾਰ ਨੂੰ ਪੈਸੇ ਵਾਪਸ ਦੇਣ ਲਈ ਕਿਹਾ ਤਾਂ ਉਸ ਨੇ ਪੀੜਤ ਅੌਰਤ ਦੇ ਬੇਟੇ ਸੁਖਦੇਵ ਸਿੰਘ ਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ ਅਤੇ ਪੈਸੇ ਵਾਪਸ ਨਾ ਮੋੜਨ ਦੀ ਗੱਲ ਆਖੀ। ਪੀੜਤ ਪਰਿਵਾਰ ਨੇ ਕਿਹਾ ਕਿ ਮੁਲਜ਼ਮ ਦਾ ਡੀਐਸਪੀ ਰਾਜੇਸ਼ ਛਿੱਬੜ ਨਾਲ ਉਠਣਾ ਬੈਠਣਾ ਹੈ। ਹਾਲਾਂਕਿ ਕੇਸ ਦਰਜ ਹੋਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਸੀ, ਇਸ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰੀ ਨਹੀਂ ਕੀਤਾ ਗਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਉਪਰੰਤ ਉਹ ਪਟਿਆਲਾ ਦੇ ਐਸਐਸਪੀ ਅੱਗੇ ਪੇਸ਼ ਹੋ ਕੇ ਇਨਸਾਫ਼ ਦੀ ਗੁਹਾਰ ਲਾਈ ਅਤੇ ਉਨ੍ਹਾਂ ਨੇ ਇਨਸਾਫ਼ ਦਾ ਭਰੋਸਾ ਦੇ ਕੇ ਘਰ ਤੋਰ ਦਿੱਤਾ। ਇਸ ਮਗਰੋਂ ਡੀਐਸਪੀ ਨਾਭਾ ਨੇ ਮੁਲਜ਼ਮਾਂ ਨਾਲ ਮਿਲੀਭੁਗਤ ਕਰਕੇ ਕੁੱਝ ਦਿਨ ਪਹਿਲਾਂ ਐਫ਼ਆਈਆਰ ਰੱਦ ਕਰਨ ਬਾਰੇ ਰਿਪੋਰਟ ਐਸਐਸਪੀ ਨੂੰ ਪੇਸ਼ ਕਰ ਦਿੱਤੀ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਪੁਲੀਸ ਦਫ਼ਤਰਾਂ ਵਿੱਚ ਸ਼ਰ੍ਹੇਆਮ ਰਿਸ਼ਵਤ ਚੱਲ ਰਹੀ ਹੈ। ਪਰਿਵਾਰ ਦੇ ਮਦਦਗਾਰ ਜਤਿੰਦਰ ਪਾਲ ਸਿੰਘ ਨੇ ਇਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਵਿਧਵਾ ਅੌਰਤ ਨਾਲ ਇਨਸਾਫ਼ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਦੇ ਜੱਦੀ ਪਿੰਡ ਜਾਂ ਪੰਜਾਬ ਦੇ ਰਾਜਪਾਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆਂ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਡੀਐਸਪੀ ਤੇ ਹੋਰ ਜ਼ਿੰਮੇਵਾਰ ਅਫ਼ਸਰਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
ਉਧਰ, ਡੀਐਸਪੀ ਰਾਜੇਸ਼ ਛਿੱਬੜ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹਾਲੇ ਪੜਤਾਲ ਚੱਲ ਰਹੀ ਹੈ। ਧੋਖਾਧੜੀ ਦੇ ਇਸ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਅਤੇ ਉਸ ਦਾ ਪਰਿਵਾਰ ਕਈ ਉੱਚ ਅਧਿਕਾਰੀਆਂ ਕੋਲ ਪਹੁੰਚ ਕਰ ਚੁੱਕਾ ਹੈ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।