Nabaz-e-punjab.com

ਕੀ 14 ਸਾਲ ਦਾ ਬਨਵਾਸ ਕੱਟ ਕੇ ਬੀਰਦਵਿੰਦਰ ਸਿੰਘ ਆਪਣੇ ਪੁਰਾਣੇ ਹਲਕੇ ਖਰੜ ਤੋਂ ਲੜਨਗੇ ਚੋਣ? ਪੜ੍ਹੋ ਪੁਰੀ ਰਿਪੋਰਟ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਰਹੇ ਨੇ ਵੱਡੇ ਸੂਤਰਧਾਰ, ਵਰਕਰਾਂ ’ਚ ਭਾਰੀ ਉਤਸ਼ਾਹ

ਢੀਂਡਸਾ ਧੜੇ ਨਾਲ ਆਪਸੀ ਮਟ ਮਿਟਾਉ ਕਾਰਨ ਚੁੱਪ ਧਾਰੀ ਬੈਠੇ ਸੀ ਬੀਰਦਵਿੰਦਰ ਸਿੰਘ

ਬੀਰਦਵਿੰਦਰ ਸਿੰਘ ਨੇ ਆਪਣੇ ਪੁਰਾਣੇ ਸਾਥੀਆਂ ਤੇ ਸਰਗਰਮ ਵਰਕਰਾਂ ਨਾਲ ਮੇਲ-ਜੋਲ ਵਧਾਇਆ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਾਫ਼ੀ ਅੌਖੇ ਸਨ ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਨਵੰਬਰ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਕਰੀਬ 15 ਸਾਲ ਦੇ ਬਨਵਾਸ ਤੋਂ ਬਾਅਦ ਆਪਣੇ ਪੁਰਾਣੇ ਹਲਕਾ ਖਰੜ ਤੋਂ ਚੋਣ ਲੜ ਸਕਦੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਇਨੀ ਦਿਨੀਂ ਉਨ੍ਹਾਂ ਨੇ ਖਰੜ ਵਿੱਚ ਅੰਦਰਖਾਤੇ ਸਿਆਸੀ ਸਰਗਰਮੀਆਂ ਆਰੰਭ ਦਿੱਤੀਆਂ ਹਨ ਅਤੇ ਆਪਣੇ ਪੁਰਾਣੇ ਸਾਥੀਆਂ\ਸਮਰਥਕਾਂ ਅਤੇ ਪਾਰਟੀ ਦੇ ਵਫ਼ਾਦਾਰ ਵਰਕਰਾਂ ਨਾਲ ਮੇਲ-ਜੋਲ ਵਧਾਇਆ ਜਾ ਰਿਹਾ ਹੈ। ਉਂਜ ਵੀ ਉਹ ਹਮੇਸ਼ਾ ਇਲਾਕੇ ਲੋਕਾਂ ਅਤੇ ਸਮਰਥਕਾਂ ਦੇ ਸੰਪਰਕ ਵਿੱਚ ਰਹੇ ਹਨ।
ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਲਗਪਗ ਤੈਅ ਹੋ ਚੁੱਕਾ ਹੈ, ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪ੍ਰੇਰਨਾ ਦੇ ਕੇ ਉਨ੍ਹਾਂ ਨੂੰ ਵਾਪਸ ਲਿਆ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਹੋ ਕੇ ਉਨ੍ਹਾਂ ਨੇ ਪਾਰਟੀ ਛੱਡੀ ਸੀ। ਹੁਣ ਹਾਈ ਕਮਾਂਡ ਨੇ ਉਨ੍ਹਾਂ ਨਾਲ ਨਿਰੰਤਰ ਤਾਲਮੇਲ ਬਣਾਇਆ ਹੋਇਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡੇ ਸੂਤਰਧਾਰ ਬਣ ਰਹੇ ਹਨ ਕਿਉਂਕਿ ਬੀਰਦਵਿੰਦਰ ਦੇ ਉਨ੍ਹਾਂ ਨਾਲ ਪੁਰਾਣੇ ਸਬੰਧ ਹਨ ਪਰਿਵਾਰਕ ਸਾਂਝ ਹੈ। ਵੈਸੇ ਵੀ ਬੀਰਦਵਿੰਦਰ ਸਿੰਘ ਨੂੰ ਸਭ ਤੋਂ ਵੱਧ ਇਤਰਾਜ਼ ਕੈਪਟਨ ਨਾਲ ਹੀ ਸੀ ਅਤੇ ਉਨ੍ਹਾਂ ਨੇ ਪਾਰਟੀ ਨਾਲ ਕੋਈ ਗਿਲਾ ਨਹੀਂ ਹੈ। ਗਾਂਧੀ ਪਰਿਵਾਰ ਨਾਲ ਰਿਸ਼ਤੇ ਪਹਿਲਾਂ ਤੋਂ ਬਹੁਤ ਅੱਛੇ ਸਨ ਅਤੇ ਹੁਣ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ। ਇਹ ਗੱਲ ਇਸ ਕਰਕੇ ਵੀ ਤਸਦੀਕ ਹੁੰਦੀ ਹੈ ਕਿ ਉਨ੍ਹਾਂ ਨੇ ਬੜੇ ਜ਼ੋਰਾਂ-ਸ਼ੋਰਾਂ ਨਾਲ ਲੋਕਾਂ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਵਰਕਰਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਕਿਸੇ ਆਗੂ ਨੇ ਸਾਰ ਨਹੀਂ ਲਈ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਜਦੋਂ ਬੀਰਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਭਾਵੇਂ ਉਨ੍ਹਾਂ ਨੇ ਇਸ ਮੁੱਦੇ ’ਤੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਂਜ ਉਨ੍ਹਾਂ ਕਿਹਾ ਕਿ ਜੋ ਵੀ ਨਿਰਣਾ ਲੈਣਾ, ਉਹ ਕਾਂਗਰਸ ਨੇ ਲੈਣਾ ਹੈ। ਉਨ੍ਹਾਂ ਵੱਲੋਂ ਫੈਸਲਾ ਲਿਆ ਜਾਵੇਗਾ ਉਹ ਇਲਾਕੇ ਦੇ ਲੋਕਾਂ ਦੀ ਸਹਿਮਤੀ ਨਾਲ ਅਤੇ ਇਲਾਕੇ ਦੀ ਬਿਹਤਰੀ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ‘ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜੇਕਰ ਮੇਰੀ ਜ਼ਿੰਦਗੀ ’ਚੋਂ 14 ਸਾਲ ਮਨਫ਼ੀ ਹੋਏ ਹਨ ਤਾਂ ਇਹ ਖਰੜ ਦੇ ਲੋਕਾਂ ਦੀ ਜ਼ਿੰਦਗੀ ’ਚੋਂ ਵੀ ਮਨਫ਼ੀ ਹੋਏ। ਪਿਛਲੇ ਡੇਢ ਦਹਾਕੇ ਦਾ ਪੀਰੀਅਡ ਬਿਨਾ ਕਾਰਗੁਜ਼ਾਰੀ ਵਾਲਾ ਗੁਜ਼ਰਿਆ ਹੈ। ਹੁਣ ਜਿਵੇਂ ਲੋਕ ਚਾਹੁਣਗੇ, ਉਸ ਮੁਤਾਬਕ ਅੰਤਿਮ ਫੈਸਲਾ ਲਿਆ ਜਾਵੇਗਾ।
(ਬਾਕਸ ਆਈਟਮ)
ਬੀਰਦਵਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਵਿੱਚ ਸ਼ਾਮਲ ਹੋਏ। ਇਸ ਮਗਰੋਂ ਉਹ ਅਕਾਲੀ ਦਲ ਵਿੱਚ ਚਲੇ ਗਏ ਲੇਕਿਨ ਉੱਥੇ ਸੁਖਬੀਰ ਅਤੇ ਮਜੀਠੀਆ ਨਾਲ ਜ਼ਿਆਦਾ ਦੇਰ ਇਕੱਠੇ ਨਹੀਂ ਰਹਿ ਸਕੇ। ਸੁਖਬੀਰ ਦੀ ਤਾਨਾਸ਼ਾਹੀ ਕਾਰਨ ਉਨ੍ਹਾਂ ਨੇ ਬਾਦਲਾਂ ਨੂੰ ਛੱਡ ਕੇ ਚੁੱਪ ਧਾਰ ਕੇ ਆਪਣੇ ਘਰ ਬੈਠੇ ਗਏ ਸਨ, ਪ੍ਰੰਤੂ ਪਿੱਛੇ ਜਿਹੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਰਮਿੰਦਰ ਸਿੰਘ ਢੀਂਡਸਾ ਸਮੇਤ ਹੋਰਨਾਂ ਸੀਨੀਅਰ ਆਗੂਆਂ ਨੇ ਅਕਾਲੀ ਦਲ ਛੱਡ ਦਿੱਤਾ ਅਤੇ ਬੀਰਦਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਨਵਾਂ ਦਲ ਬਣਾਇਆ ਗਿਆ ਪਰ ਇੱਥੇ ਵੀ ਬੀਰਦਵਿੰਦਰ ਹੂਰਾਂ ਦੀ ਦੂਜੇ ਆਗੂਆਂ ਨਾਲ ਦਾਲ ਨਹੀਂ ਗਲੀ ਕਿਉਂਕਿ ਜ਼ਿਆਦਾਤਰ ਅਹਿਮ ਫੈਸਲੇ ਢੀਂਡਸਾ ਖ਼ੁਦ ਹੀ ਕਰ ਲੈਂਦੇ ਸੀ। ਜਿਸ ਕਾਰਨ ਉਹ ਘੱੁਟਣ ਜਿਹੀ ਮਹਿਸੂਸ ਕਰ ਰਹੇ ਸੀ ਪਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਉਹ ਦੁਬਾਰਾ ਸਰਗਰਮ ਹੋ ਗਏ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…