ਜਾਂਚ ਦੀ ਆੜ ਵਿੱਚ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰਾਂਗੇ: ਸਿੱਧੂ

ਮੁਹਾਲੀ ਹਲਕੇ ਦੇ ਲੋਕ ਮੇਰਾ ਆਪਣਾ ਪਰਿਵਾਰ: ਕੂੜ ਪ੍ਰਚਾਰ ਦਾ ਨਹੀਂ ਹੋਵੇਗਾ ਕੋਈ ਅਸਰ: ਸਿੱਧੂ

ਬਲਬੀਰ ਸਿੱਧੂ ਨੇ ਚੋਣ ਕਮਿਸ਼ਨ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ ਕੀਤੀ ਜਾਂਚ ਬਾਰੇ ਰੱਖਿਆ ਆਪਣਾ ਪੱਖ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਕੱਲ੍ਹ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੇ ਘਰ ਕੀਤੀ ਗਈ ਜਾਂਚ ਬਾਰੇ ਅੱਜ ਆਪਣਾ ਪੱਖ ਰੱਖਦਿਆਂ ਕਿਹਾ ਕਿ ਬਿਨਾਂ ਸਰਚ ਵਾਰੰਟ ਦੇ ਆਈ ਟੀਮ ਨਾਲ ਪੂਰਾ ਸਹਿਯੋਗ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਰੋਧੀ ਉਮੀਦਵਾਰ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਨੂੰ ਦੇਖ ਕੇ ਬੁਖਲਾ ਗਏ ਹਨ ਅਤੇ ਹੁਣ ਉਹ ਸਿੱਧੂ ਪਰਿਵਾਰ ਦੀ ਇਮੇਜ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਨ ’ਤੇ ਉਤਾਰੂ ਹੋ ਗਏ ਹਨ।
ਲੰਘੀ ਰਾਤ ਉਨ੍ਹਾਂ ਦੇ ਛੋਟੇ ਭਰਾ ਤੇ ਮੇਅਰ ਜੀਤੀ ਸਿੱਧੂ ਦੇ ਘਰ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੌਰਾਨ ਕੋਈ ਵੀ ਇਤਰਾਜਯੋਗ ਸਮੱਗਰੀ ਨਹੀਂ ਮਿਲੀ ਹੈ। ਇਹ ਸਾਰਾ ਕਾਰਵਾਈ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਟੀਮ ਨੇ ਬਿਨਾਂ ਸਰਚ ਵਾਰੰਟ ਤੋਂ ਫਰੋਲਾ ਫਰਾਲੀ ਕੀਤੀ ਗਈ ਹੈ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੇ ਟੀਮ ਨੂੰ ਪੂਰਾ ਸਹਿਯੋਗ ਦਿੱਤਾ। ਉਂਜ ਉਨ੍ਹਾਂ ਕਿਹਾ ਕਿ ਜਿਹੜੀਆਂ 5-7 ਕੁ ਸਿਲਾਈ ਮਸ਼ੀਨਾਂ ਮਿਲੀਆਂ ਹਨ, ਉਹ ਉਨ੍ਹਾਂ ਨੇ ਆਪਣੇ ਵੱਡੇ ਭਰਾ ਸਵਰਗਵਾਸੀ ਓਲੰਪੀਅਨ ਬਲਦੇਵ ਸਿੰਘ ਸਿੱਧੂ ਦੀ ਯਾਦ ਵਿੱਚ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੌਰਾਨ ਲੋੜਵੰਦ ਲੜਕੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇੰਜ ਹੀ ਕੁਝ ਸੂਟ ਤੇ ਸਾੜ੍ਹੀਆਂ ਉਨ੍ਹਾਂ ਦੇ ਘਰ ਪਈਆਂ ਸਨ ਜੋ ਉਹ ਵੀ ਗਰੀਬ ਲੜਕੀਆਂ ਦੇ ਵਿਆਹ ਮੌਕੇ ਦਾਨ ਕੀਤੀਆਂ ਜਾਂਦੀਆਂ ਹਨ। ਇਹ ਸਾਰਾ ਪੁਰਾਣਾ ਬਚਿਆ ਹੋਇਆ ਸਮਾਨ ਹੈ।
ਸਿੱਧੂ ਨੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ’ਤੇ ਨਿਸਾਨਾ ਸਾਧਦਿਆਂ ਕਿਹਾ ਕਿ ਸਾਬਕਾ ਮੇਅਰ ਚੋਣ ਪਹਿਲਾਂ ਹੀ ਆਪਣੀ ਹਾਰ ਦੇਖ ਕੇ ਬੁਖਲਾ ਗਏ ਹਨ ਅਤੇ ਰੋਜ਼ਾਨਾ ਬੱਸ ਸਟੈਂਡਾਂ, ਲੋਕਾਂ ਦੇ ਘਰਾਂ ਅਤੇ ਪਿੰਡਾਂ ਦੀਆਂ ਫਿਰਨੀਆਂ ਅਤੇ ਹੋਰ ਥਾਵਾਂ ’ਤੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਦੇ ਪਰਚੇ ਸੁਟਵਾ ਰਹੇ ਹਨ। ਜਦੋਂਕਿ ਉਹ ਮੁਹਾਲੀ ਹਲਕੇ ਵਿੱਚ ਕੀਤੇ ਗਏ ਵਿਕਾਸ ਦੇ ਦਮ ’ਤੇ ਚੋਣਾਂ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਧੋਖੇਬਾਜ਼ ਵਿਅਕਤੀ ਹੈ। ਉਸ ਦੇ ਆਪਣੇ ਸੈਕਟਰਾਂ ਦੇ ਬਾਸ਼ਿੰਦੇ ਭਾਰੀ ਟੈਕਸ ਦੇਣ ਦੇ ਬਾਵਜੂਦ ਬਿਲਡਰ ਦੀਆਂ ਮਨਮਾਨੀਆਂ ਤੋਂ ਤੰਗ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਵਿਹਲੇ ਹੋ ਕੇ ਉਹ ਕੁਲਵੰਤ ਸਿੰਘ ਖ਼ਿਲਾਫ਼ ਮਾਣਹਾਨੀ ਦੇ ਕੇਸ ਦਾਇਰ ਕਰਨਗੇ।
ਵਿਧਾਇਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਜੋ ਪਰਚੇ ਸੁਟਵਾਏ ਜਾ ਰਹੇ ਹਨ ਉਨ੍ਹਾਂ ਵਿੱਚ ਉਨ੍ਹਾਂ ਦੀ ਜਾਇਦਾਦ ਨੂੰ ਕਿਤੇ 45 ਹਜ਼ਾਰ ਕਰੋੜ, ਕਿਤੇ 25 ਹਜ਼ਾਰ ਕਰੋੜ, ਕਿਤੇ ਖਰੜ ਵਿੱਚ ਜ਼ਮੀਨਾਂ ਕਿਤੇ ਹੋਰ ਜਾਇਦਾਦ ਦੇ ਦਾਅਵੇ ਕਰਕੇ ਉਨ੍ਹਾਂ ਦੀ ਛਵੀ ਨੂੰ ਧੂਮਲ ਕੀਤਾ ਜਾ ਰਿਹਾ ਹੈ ਜਦੋਂਕਿ ਕੁਲਵੰਤ ਸਿੰਘ ਵਰਗਾ ਇਕ ਤੂੜੀ ਦੀ ਦੁਕਾਨ ’ਤੇ ਪੱਠੇ ਵੇਚਣ ਵਾਲਾ ਵਿਅਕਤੀ ਅੱਜ ਅਰਬਾਂ ਖਰਬਾਂ ਦਾ ਮਾਲਕ ਕਿਵੇਂ ਬਣ ਗਿਆ। ਅੱਜ ਉਹ ਪੰਜਾਬ ਦਾ ਸਭ ਤੋਂ ਵੱਧ ਅਮੀਰ ਉਮੀਦਵਾਰ ਹੈ, ਇਹ ਸਾਰਿਆਂ ਨੂੰ ਪਤਾ ਹੈ ਅਤੇ ਮੁਹਾਲੀ ਹਲਕੇ ਦੇ ਲੋਕ ਭਲਕੇ ਐਤਵਾਰ ਨੂੰ ਕਾਂਗਰਸ ਦੇ ਹੱਕ ਵਿੱਚ ਭਾਰੀ ਮਾਤਰਾ ਵਿੱਚ ਮਾਤਦਾਨ ਕਰਕੇ ਉਸ ਦੇ ਕੂੜ ਪ੍ਰਚਾਰ ਦਾ ਕਰਾਰਾ ਜਵਾਬ ਦੇਣਗੇ ਅਤੇ 10 ਮਾਰਚ ਨੂੰ ਚੋਣ ਨੀਤਜੇ ਕੁਲਵੰਤ ਸਿੰਘ ਦੇ ਸਾਰੇ ਭੁਲੇਖੇ ਦੂਰ ਕਰ ਦੇਣਗੇ ਅਤੇ ਉਹ ਇਸ ਵਾਰ ਵੀ ਬੁਰੀ ਤਰ੍ਹਾਂ ਚੋਣ ਹਾਰੇਗਾ। ਪਿਛਲੀ ਵਾਰ ਵੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਅੰਤਰ ਨਾਲ ਚੋਣਾਂ ਵਿੱਚ ਹਰਾਇਆ ਸੀ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦਾ ਇਹ ਸਾਰਾ ਕੂੜ ਪ੍ਰਚਾਰ ਉਸ ਦੀ ਬੁਖਲਾਹਟ ਦਾ ਨਤੀਜਾ ਹੈ ਕਿਉਂਕਿ ਉਸ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਆਪ ਮੁਹਾਲੀ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਹੈ ਜਦੋਂ ਕਿ ਕੁਲਵੰਤ ਸਿੰਘ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਅੌਰਤਾਂ ਨੂੰ ਸੂਟ ਵੰਡਦਾ ਰਿਹਾ ਹੈ ਇਸ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਕੀਤੀ ਪਰ ਕੋਈ ਕਾਰਵਾਈ ਨਾ ਹੋਈ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਵਿੱਚ ਆਪਣੇ ਵੱਲੋਂ ਕਰਵਾਏ ਗਏ ਵਿਕਾਸ ਦੇ ਦਮ ਤੇ ਆਏ ਹਨ ਜਦੋਂ ਕਿ ਕੁਲਵੰਤ ਸਿੰਘ ਸੱਤਾ ਦਾ ਲੋਭੀ ਹੈ ਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸੱਤਾ ਤੇ ਕਾਬਜ਼ ਹੋਣਾ ਚਾਹੁੰਦਾ ਹੈ ਪਰ ਮੁਹਾਲੀ ਦੇ ਲੋਕ ਇੰਨੇ ਜ਼ਿਆਦਾ ਸਿਆਣੇ ਹਨ ਕਿ ਪਹਿਲਾਂ ਵੀ ਉਸ ਨੂੰ ਨਗਰ ਨਿਗਮ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ। ਉਨ੍ਹਾਂ ਆਪਣੇ ਨਾਲ ਬੈਠੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇੱਕ ਰਿਟਾਇਰਡ ਪ੍ਰਿੰਸੀਪਲ ਨੇ ਕੁਲਵੰਤ ਸਿੰਘ ਨੂੰ ਬੁਰੀ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਮਾਤ ਦਿੱਤੀ ਕਿਉਂਕਿ ਲੋਕ ਖੁਦ ਅੱਗੇ ਹੋ ਕੇ ਕੁਲਵੰਤ ਸਿੰਘ ਨੂੰ ਹਰਾਉਣਾ ਚਾਹੁੰਦੇ ਸਨ ਕਿਉਂਕਿ ਕੁਲਵੰਤ ਨੇ ਲੋਕਾਂ ਦੇ ਕੰਮ ਕਰਨੇ ਤਾਂ ਦੂਰ ਦੀ ਗੱਲ ਹੈ ਸਗੋਂ ਉਨ੍ਹਾਂ ਦੀ ਬੇਇੱਜ਼ਤੀ ਕਰਦਾ ਸੀ।
ਉਨ੍ਹਾਂ ਕਿਹਾ ਕਿ ਬੀਤੇ ਕੱਲ ਉਨ੍ਹਾਂ ਦੇ ਰੋਡ ਸ਼ੋਅ ਨੇ ਵਿਰੋਧੀਆਂ ਦੇ ਹੌਸਲੇ ਬੁਰੀ ਤਰ੍ਹਾਂ ਪਸਤ ਕਰ ਦਿੱਤੇ ਹਨ ਅਤੇ ਵਿਰੋਧੀਆਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਪਿਛਲੇ 30 ਵਰ੍ਹਿਆਂ ਤੋਂ ਲਗਾਤਾਰ ਮੁਹਾਲੀ ਦੇ ਲੋਕਾਂ ਦੀ ਸੇਵਾ ਵਿੱਚ ਜੁਟੇ ਬਲਬੀਰ ਸਿੰਘ ਸਿੱਧੂ ਤੋਂ ਇਲਾਵਾ ਮੁਹਾਲੀ ਹਲਕੇ ਦੇ ਲੋਕਾਂ ਨੇ ਕਿਸੇ ਹੋਰ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਾ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਖਿਲਾਫ ਚੋਣ ਕਮਿਸ਼ਨ ਵੱਲੋਂ ਵਿਤਕਰੇ ਦੀ ਕਾਰਵਾਈ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਦੋਂ ਉਨ੍ਹਾਂ ਦੀ ਕਿਸੇ ਗੱਡੀ ਵਿਚ ਕੋਈ ਸਾਮਾਨ ਨਹੀਂ ਮਿਲਿਆ, ਕਿਸੇ ਨੂੰ ਵੰਡਦੇ ਹੋਏ ਕੋਈ ਸਾਮਾਨ ਨਹੀਂ ਮਿਲਿਆ ਤਾਂ ਫਿਰ ਘਰ ਵਿੱਚ ਪਈਆਂ ਇਹ ਵਸਤਾਂ ਜੋ ਕਿ ਉਹ ਵੱਖ ਵੱਖ ਪ੍ਰੋਗਰਾਮਾਂ ਵਿੱਚ ਲੋੜਵੰਦਾਂ ਨੂੰ ਵੰਡਦੇ ਹਨ ਬਾਰੇ ਵਧ ਚੜ੍ਹ ਕੇ ਗੱਲ ਕਿਉਂ ਫੈਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਸੋਸ਼ਲ ਮੀਡੀਆ ਉੱਤੇ ਇਸ ਰਾਤ ਨੂੰ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੀ ਆੜ ਵਿੱਚ ਉਨ੍ਹਾਂ ਦੇ ਖ਼ਿਲਾਫ਼ ਬਹੁਤ ਵੱਡਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਜਵਾਬ ਦੇਣ ਲਈ ਉਨ੍ਹਾਂ ਨੇ ਪੱਤਰਕਾਰ ਸੰਮੇਲਨ ਕਰਨ ਲਈ ਮਜਬੂਰ ਹੋਣਾ ਪਿਆ ਹੈ ਤਾਂ ਕਿ ਉਹ ਆਪਣੀ ਗੱਲ ਆਪਣੇ ਹਲਕੇ ਦੇ ਲੋਕਾਂ ਤਕ ਪਹੁੰਚਾ ਸਕਣ।
ਇਸ ਮੌਕੇ ਬਲਬੀਰ ਸਿੱਧੂ ਨੇ ਪ੍ਰੋ. ਹਰਪਾਲ ਸਿੰਘ ਸਾਬਕਾ ਡਾਇਰੈਕਟਰ ਅਕੈਡਮਿਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਵੀ ਰੂਬਰੂ ਕਰਵਾਇਆ ਜੋ ਕਿ ਕੁਲਵੰਤ ਸਿੰਘ ਦੇ ਪੁਰਾਣੇ ਸਾਥੀ ਰਹੇ ਹਨ ਉਨ੍ਹਾਂ ਕਿਹਾ ਕਿ ਪ੍ਰੋ. ਹਰਲਾਲ ਸਿੰਘ ਨਾਲ ਵੀ ਕੁਲਵੰਤ ਸਿੰਘ ਨੇ ਧੋਖਾ ਕੀਤਾ ਹੈ। ਇਸ ਮੌਕੇ ਪ੍ਰੋ ਹਰਲਾਲ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਦੀਆਂ ਕਰਤੂਤਾਂ ਨੂੰ ਦੇਖਦੇ ਹੋਏ ਓ ਕੁਲਵੰਤ ਸਿੰਘ ਦਾ ਸਾਥ ਛੱਡ ਗਏ ਸਨ ਪਰ ਉਨ੍ਹਾਂ ਕੋਲ ਅੱਜ ਵੀ ਉਹ ਐਗਰੀਮੈਂਟ ਪਏ ਹਨ, ਜਿਨ੍ਹਾਂ ਵਿੱਚ ਕੁਲਵੰਤ ਸਿੰਘ ਨੇ ਉਨ੍ਹਾਂ ਦੇ ਪੈਸੇ ਦੇਣੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਪਿੰਡਾਂ ਦੇ ਖਾਲੇ, ਨਾਲੀਆਂ, ਪਹੀਆਂ ਸਭ ਕੁਝ ਖਾ ਗਿਆ ਅਤੇ ਇਸੇ ਕਰਕੇ ਉਹ ਕੁਲਵੰਤ ਸਿੰਘ ਨੂੰ ਛੱਡ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁਲਵੰਤ ਸਿੰਘ ਨੂੰ ਕੌਂਸਲਰ ਬਣਾਉਣ ਵਿਚ ਮਦਦ ਕੀਤੀ ਮੇਅਰ ਬਣਾਉਣ ਵਿਚ ਮਦਦ ਕੀਤੀ ਅਤੇ ਇਸ ਵਾਰ ਉਹ ਕੁਲਵੰਤ ਸਿੰਘ ਨੂੰ ਹਰਾਉਣ ਲਈ ਅਤੇ ਬਲਬੀਰ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਕਮਰਕੱਸੇ ਕਰੀ ਬੈਠੇ ਹਨ
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਿਸ਼ਵ ਜੈਨ, ਮੇਅਰ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਜਤਿੰਦਰ ਆਨੰਦ, ਕੌਂਸਲਰ ਰਵਿੰਦਰ ਸਿੰਘ, ਸ੍ਰੀਮਤੀ ਅਨੁਰਾਧਾ ਆਨੰਦ, ਸੁੱਚਾ ਸਿੰਘ ਕਲੌੜ ਸਮੇਤ ਸਮੂਹ ਕਈ ਕੌਂਸਲਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…