ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਲਾਟ ਹੋਏ ਫਲੈਟਾਂ ਨੂੰ ਰੱਦ ਕਰਨ ਵਿਰੁੱਧ ਅਦਾਲਤ ਵਿੱਚ ਜਾਵਾਂਗੇ: ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਪੰਜਾਬ ਦੀ ਕਾਂਗਰਸ ਸਰਕਾਰ, ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਜਨਾਂਵਾਂ ਨੂੰ ਰੱਦ ਕਰਕੇ ਅਤੇ ਹੋਰ ਹੇਰਫੇਰ ਕਰਕੇ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਅਕਾਲੀ ਦਲ ਵੱਲੋਂ ਇਸ ਦੇ ਖ਼ਿਲਾਫ਼ ਮਾਣਯੋਗ ਅਦਾਲਤ ਵਿੱਚ ਕੇਸ ਪਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰ ਸੰਮੇਲਨ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕੀਤਾ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਲਾਭਪਾਤਰੀਆਂ ਨੂੰ ਕਾਫੀ ਗਿਣਤੀ ਵਿਚ ਫਲੈਟ ਅਲਾਟ ਕੀਤੇ ਗਏ ਸਨ ਅਤੇ ਇਸ ਸਬੰਧੀ ਲਾਭਪਾਤਰੀਆਂ ਨੂੰ ਬੈਂਕਾਂ ਵੱਲੋਂ ਕਰਜ਼ੇ ਸਬੰਧੀ ਫਾਰਮੈਲਟੀਆਂ ਪੂਰੀਆਂ ਕਰਨ ਦੇ ਪੱਤਰ ਵੀ ਆ ਗਏ ਸਨ ਪਰ ਪੰਜਾਬ ਸਰਕਾਰ ਨੇ ਇਹਨਾਂ ਫਲੈਟਾਂ ਦੀ ਅਲਾਟਮੈਂਟ ਰੱਦ ਕਰਕੇ ਮੁੜ ਅਰਜੀਆਂ ਮੰਗ ਲਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਕਾਰਵਾਈ ਗਲਤ ਹੈ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਉਹ ਅਦਾਲਤ ਵਿਚ ਜਾਣਗੇ।
ਉਹਨਾਂ ਕਿਹਾ ਕਿ ਪਹਿਲਾਂ ਕੇੱਦਰੀ ਸਕੀਮ ਤਹਿਤ ਪੰਜਾਬ ਸਰਕਾਰ ਨੇ ਹੀ ਗਰੀਬਾਂ ਤੇ ਲੋੜਵੰਦ ਲੋਕਾਂ ਨੂੰ ਇਹ ਫਲੈਟ ਅਲਾਟ ਕੀਤੇ ਸਨ ਅਤੇ ਇਹਨਾਂ ਲੋਕਾਂ ਨੂੰ ਸਿਰ ਉਪਰ ਛੱਤ ਮਿਲਣ ਦੀ ਸੰਭਾਵਨਾ ਬਣ ਗਈ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਹਨਾਂ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿਤੀ ਹੈ, ਜਿਸ ਕਾਰਨ ਜਿਹੜੇ ਲੋਕਾਂ ਨੂੰ ਫਲੈਟ ਅਲਾਟ ਹੋਏ ਸਨ, ਉਹਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਫੈਸਲੇ ਨਾਲ ਇਸ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ ਅਤੇ ਪੰਜਾਬੀਆਂ ਨੂੰ ਵੀ ਪਤਾ ਚਲ ਗਿਆ ਹੈ ਕਿ ਇਸ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫਰਕ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਉਪਰ ਹੀ ਫੇਲ ਹੋ ਗਈ ਹੈ। ਇਸ ਸਰਕਾਰ ਤੋਂ ਹਰ ਵਰਗ ਹੀ ਨਿਰਾਸ਼ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿਚ ਬੇਰੁਜ਼ਗਾਰੀ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋੱ ਦੁਖੀ ਹੋ ਕੇ ਉਦਯੋਗਪਤੀ ਪੰਜਾਬ ਛੱਡ ਕੇ ਹੋਰਨਾਂ ਸੂਬਿਆਂ ਨੂੰ ਜਾ ਰਹੇ ਹਨ। ਇਸ ਤੋੱ ਇਲਾਵਾ ਪੰਜਾਬ ਦੇ ਕਿਸਾਨ ਵੀ ਆਪਣੀਆਂ ਮੰਗਾਂ ਦੇ ਹੱਕ ਵਿਚ ਨਿੱਤ ਦਿਨ ਹੀ ਧਰਨੇ ਅਤੇ ਰੈਲੀਆਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਲਾਟ ਕੀਤੇ ਫਲੈਟਾਂ ਨੂੰ ਰੱਦ ਕਰਕੇ ਮੁੜ ਅਰਜੀਆਂ ਮੰਗਣ ਦਾ ਪੰਜਾਬ ਸਰਕਾਰ ਦਾ ਫੈਸਲਾ ਲੋਕ ਵਿਰੋਧੀ ਹੈ ਅਤੇ ਉਹ ਇਸ ਫੈਸਲੇ ਖਿਲਾਫ ਅਦਾਲਤ ਵਿਚ ਜਾਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਸ ਕਰਮ ਸਿੰਘ ਬਬਰਾ, ਕੌਂਸਲਰ ਆਰ ਪੀ ਸ਼ਰਮਾ, ਕੌਂਸਲਰ ਰਜਨੀ ਗੋਇਲ ਦੇ ਪਤੀ ਅਰੁਣ ਗੋਇਲ, ਕੌਂਸਲਰ ਗੁਰਮੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…