
ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਦੋਂ ਮਿਲਣਗੇ ਪੱਕੇ ਅਧਿਕਾਰੀ ਤੇ ਕਰਮਚਾਰੀ?
ਆਰਜੀ ਚਾਰਜ ਵਾਲੇ ਅਧਿਕਾਰੀਆਂ ਅਤੇ ਕੱਚੇ ਕਰਮਚਾਰੀਆਂ ਸਹਾਰੇ ਹੀ ਚਲ ਰਿਹਾ ਹੈ ਸਿੱਖਿਆ ਬੋਰਡ ਦਾ ਕੰਮ ਕਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੱਕੇ ਕਰਮਚਾਰੀ ਅਤੇ ਅਧਿਕਾਰੀ ਆਖਿਰ ਕਦੋਂ ਮਿਲਣਗੇ ਇਹ ਕਹਿਣਾ ਮੁਸ਼ਕਲ ਹੈ। ਬੀਤੇ ਲਗਭਗ 14-15 ਸਾਲਾਂ ਦੌਰਾਨ ਬੋਰਡ ਵਿੱਚ ਡਾਟਾ ਆਪਰੇਟਰਾਂ ਤੋਂ ਬਿਨਾਂ ਹੋਰ ਕਈ ਕੋਈ ਪੱਕਾ ਕਰਮਚਾਰੀ ਭਰਤੀ ਨਹੀਂ ਕੀਤਾ ਗਿਆ ਜਦੋਂ ਕਿ ਹਰ ਸਾਲ ਬੋਰਡ ਦੇ ਵੱਡੀ ਗਿਣਤੀ ਕਰਮਚਾਰੀਆਂ ਦੇ ਰਿਟਾਇਰ ਹੁੰਦੇ ਜਾਣ ਕਾਰਨ ਇਹਨਾਂ ਕੱਚੇ ਮੁਲਾਜਮਾਂ ਦੀ ਗਿਣਤੀ ਬੋਰਡ ਦੇ ਪੱਕੇ ਮੁਲਾਜਮਾਂ ਦੇ ਬਰਾਬਰ (ਲਗਭਗ) ਹੋੋ ਗਈ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਬੋਰਡ ਦਾ ਜਿਆਦਾਤਰ ਕੰਮ ਕਾਜ ਇਹਨਾਂ ਕੱਚੇ ਮੁਲਾਜਮਾਂ ਦੇ ਸਿਰ ਤੇ ਹੀ ਚਲ ਰਿਹਾ ਹੈ। ਬੇਸ਼ਕ ਪੰਜਾਬ ਸਰਕਾਰ ਨੇ ਕੱਚੇ ਮੁਲਾਜਮ ਪੱਕੇ ਕਰਨ ਲਈ ਇੱਕ ਦੋ ਵਾਰ ਨੋਟੀਫਿਕੇਸ਼ਨ ਜਾਰੀ ਕੀਤੇ ਸਨ ਪਰ ਬੋਰਡ ਦੇ ਕੱਚੇ ਮੁਲਾਜਮਾਂ ਨੂੰ ਪੱਕੇ ਹੋਣਾ ਨਸੀਬ ਨਹੀਂ ਹੋਇਆ।
ਇਸੇ ਤਰ੍ਹਾਂ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕੋਈ ਪੱਕਾ ਸੈਕਟਰੀ ਵੀ ਨਸੀਬ ਨਹੀਂ ਹੋਇਆ। ਸਿਖਿਆ ਬੋਰਡ ਮੈਨੇਜਮੈਂਟ ਦਾ ਧੂਰਾ ਸਮਝੀ ਜਾਂਦੀ ਸਕੱਤਰ ਦੀ ਕੁਰਸੀ ਪਿੱਛਲੇ ਲੰਬੇ ਸਮੇੱ ਤੋੱ ਵਿਵਾਦਾਂ ਵਿੱਚ ਆਉਂਦੀ ਰਹੀ ਹੈ ਅਤੇ ਇਸ ਕਾਰਨ ਵੀ ਇਸਤੇ ਕਿਸੇ ਪੱਕੇ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਸਿਖਿਆ ਬੋਰਡ ਦੇ ਵਿੱਤ ਅਤੇ ਵਿਕਾਸ ਅਫ਼ਸਰ ਦੀ ਅਸਾਮੀ ਵੀ ਲੰਮੇ ਸਮੇਂ ਤੋਂ ਨਹੀਂ ਭਰੀ ਗਈ ਅਤੇ ਆਰਜੀ ਚਾਰਜ ਨਾਲ ਹੀ ਚਲ ਰਹੀ ਹੈ। ਸਕੱਤਰ ਦੀ ਅਸਾਮੀ ਤੇ ਬੋਰਡ ਦੇ ਸੰਯੁਕਤ ਸਕੱਤਰ ਨੂੰ ਅਤੇ ਵਿੱਤ ਅਤੇ ਵਿਕਾਸ ਅਫਸਰ ਦੇ ਅਹੁਦਾ ਦਾ ਚਾਰਜ ਉਪ- ਸਕੱਤਰ ਪੱਧਰ ਦੇ ਅਧਿਕਾਰੀ ਨੂੰ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਬਲਕਿ ਬੋਰਡ ਵਿੱਚ ਕਈ ਸੰਯੁਕਤ ਸਕੱਤਰ, ਉਪ ਸਕੱਤਰ ਵੀ ਵਾਧੂ ਚਾਰਜ ਤੇ ਕੰਮ ਕਰ ਰਹੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਜਰੂਰ ਅਜਿਹੇ ਪੱਕੇ ਅਧਿਕਾਰੀ ਹਨ ਜੋ ਪੱਕੀ ਨਿਯੁਕਤੀ ਤੇ ਹਨ ਪਰ ਉਹਨਾਂ ਦੇ ਕੇਲ ਅਧਿਕਾਰ ਨਹੀਂ ਹਨ। ਬੋਰਡ ਦੀ ਸੀਨੀਅਰ ਵਾਈਸ ਚੇਅਰਪਰਸਨ ਵੀ ਅਜੇ ਹਵਾ ਵਿੱਚ ਹੀ ਹਨ। ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਜਾਂਦੇ ਜਾਂਦੇ ਪੰਜਾਬ ਦੇ ਕਈ ਬੋਰਡਾਂ ਦੀ ਝੋਲੀ ਸੀਨੀਅਰ ਵਾਈਸ ਚੇਅਰਮੈਨ ਪਾ ਦਿੱਤੇ ਗਏ ਸਨ। ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਕਈ ਬੋਰਡਾਂ ਦੇ ਸੀਨੀਅਰ ਵਾਇਸ ਚੇਅਰਮੈਨ ਤਾਂ ਘਰਾਂ ਨੂੰ ਭੇਜ ਦਿੱਤੇ ਗਏ ਹਨ ਪਰ ਪੰਜਾਬ ਸਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੀਨੀਅਰ ਵਾਇਸ ਚੇਅਰਮੈਨ ਬਾਰੇ ਅਜੇ ਫੈਸਲਾ ਨਹੀਂ ਕਰ ਸਕੀ ਹੈ। ਉੱਝ ਉਹਨਾਂ ਕੋਲ ਵੀ ਕੋਈ ਅਧਿਕਾਰ ਨਹੀਂ ਹਨ। ਸਿਰਫ ਫਾਇਲ ਉਪਰ ਤੋੱ ਹੇਠਾਂ ਅਤੇ ਹੇਠਾਂ ਤੋੱ ਉਪਰ ਭੇਜਣ ਤੱਕ ਹੀ ਸੀਮਿਤ ਹਨ।
ਪਿਛਲੀ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਸ੍ਰੀ ਬਲਬੀਰ ਸਿੰਘ ਢੋਲ ਅਸਤੀਫਾ ਦੇ ਕੇ ਘਰ ਜਾ ਚੁੱਕੇ ਹਨ। ਸਰਕਾਰ ਵਲੋੱ ਉਹਨਾਂ ਉੱਤੇ ਅਸਿੱਧੇ ਰੂਪ ਵਿੱਚ ਅਸਤੀਫੇ ਦਾ ਦਬਾਅ ਬਣਾਇਆ ਗਿਆ ਸੀ ਸੋ ਉਹਨਾਂ ਅਸਤੀਫੇ ਦੇਣਾ ਬੇਹਤਰ ਸਮਝਿਆ। ਸ੍ਰੀ ਢੋਲ ਦੇ ਅਸਤੀਫੇ ਤੋਂ ਬਾਅਦ ਚੇਅਰਮੈਨ ਦਾ ਚਾਰਜ ਵੀ ਵਧੀਕ ਮੁੱਖ ਸਕੱਤਰ ਨੂੰ ਦਿੱਤਾ ਗਿਆ ਹੈ ਜੋ ਕਦੇ ਕਦੇ ਜਰੂਰੀ ਫਾਇਲਾਂ ਮੰਗਵਾ ਕੇ ਨਵੀਂ ਆਰਜੀ ਜਿੰਮੇਵਾਰੀ ਨਿਭਾ ਰਹੇ ਹਨ।
ਬੋਰਡ ਵਿੱਚ ਇਸ ਸਾਲ ਕਿਤਾਬਾਂ ਦੀ ਲੇਟ ਛਪਾਈ ਦਾ ਮੁੱਦਾ ਕਾਫੀ ਭਾਰੂ ਰਿਹਾ ਸੀ। ਹੁਣ ਵੀ ਕੰਮ ਚਲਾਉ ਅਧਿਕਾਰੀਆਂ ਦੇ ਹੁੰਦੇ ਕਿਤਾਬਾਂ ਲਈ ਕਾਗਜ ਖਰੀਦਣਾ ਛਪਾਈ ਦੇ ਟੈਂਡਰ ਦੇਣੇ ਅਤੇ ਹੋਰ ਮਹਤਵਪੂਰਨ ਕੰਮ ਲਟਕ ਸਕਦੇ ਹਨ। ਸ੍ਰੀ ਢੋਲ ਦੇ ਅਸਤੀਫੇ ਤੋਂ ਬਾਅਦ ਸਰਕਾਰ ਨੇ ਜਲਦੀ ਹੀ ਕੋਈ ਚੇਅਰਮੈਨ ਲਾਉਣ ਦੀ ਗਲ ਕੀਤੀ ਸੀ ਪਰ ਲੱਗਦਾ ਹੈ ਕਿ ਪਿਛਲੀ ਸਰਕਾਰ ਦੀ ਤਰ੍ਹਾਂ ਇਸ ਸਰਕਾਰ ਨੂੰ ਵੀ ਕੰਮ ਚਲਾਉ ਅਮਲੇ ਨਾਲ ਬੋਰਡ ਦੀ ਗੱਡੀ ਰੇੜਨ ਦੀ ਆਦਤ ਪੈਂਦੀ ਜਾ ਰਹੀ ਹੈ ਵਰਨਾ ਵਾਧੂ ਚਾਰਜ ਦੇ ਸਹਾਰੇ ਬੋਰਡ ਨੂੰ ਨਾ ਛੱਡਿਆ ਜਾਂਦਾ। ਪੰਜਾਬ ਸਕੂਲ ਸਿੱਖਿਆ ਬੋਰਡ ਅਸਲ ਵਿੱਚ ਆਰਜੀ ਸਿੱਖਿਆ ਬੋਰਡ ਜਿਆਦਾ ਬਣ ਗਿਆ ਹੈ। ਸਰਕਾਰ ਦੀ ਇਸ ਅਹਿਮ ਅਦਾਰੇ ਪ੍ਰਤੀ ਬੇਰੁਖੀ ਬੋਰਡ ਦਾ ਵਕਾਰ ਸੰਭਾਲ ਕੇ ਰੱਖ ਪਾਏਗੀ ਇਹ ਇਕ ਵੱਡੀ ਚਣੌਤੀ ਹੈ।