Share on Facebook Share on Twitter Share on Google+ Share on Pinterest Share on Linkedin ਸਰਦੀ ਦੇ ਮੌਸਮ ਵਿੱਚ ਵੀ ਬਲੌਂਗੀ ਵਾਸੀਆਂ ਦੇ ਹਲਕ ਸੁੱਕੇ, 5 ਦਿਨਾਂ ਤੋਂ ਨਹੀਂ ਆਇਆ ਪਾਣੀ ਗਰਾਮ ਪੰਚਾਇਤ ਨੂੰ ਹਾਲੇ ਤੱਕ ਨਹੀਂ ਦਿੱਤਾ ਗਿਆ ਪਾਣੀ ਸਪਲਾਈ ਦਾ ਚਾਰਜ, ਅਧਿਕਾਰੀਆਂ ਦੇ ਬੇਵਸੀ ਜਤਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ: ਸਰਦੀ ਦੇ ਮੌਸਮ ਵਿੱਚ ਇੱਥੋਂ ਦੇ ਕਸਬਾ-ਨੁਮਾ ਪਿੰਡ ਬਲੌਂਗੀ ਅਤੇ ਬਲੌਂਗੀ ਕਲੋਨੀਆਂ ਦੇ ਵਸਨੀਕਾਂ ਦੇ ਹਲਕ ਸੁੱਕੇ ਗਏ ਹਨ। ਬਲੌਂਗੀ ਪਿੰਡ ਅਤੇ ਕਲੋਨੀਆਂ ਵਿੱਚ ਪਿਛਲੇ 5 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਨੰਬਰਦਾਰ ਤਰਲੋਚਨ ਸਿੰਘ ਮਾਨ, ਸਤਨਾਮ ਸਿੰਘ ਮਾਨ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ। ਬਲੌਂਗੀ ਵਾਸੀਆਂ ਨੇ ਬਲਵੀਰ ਕੌਰ ਤੇ ਜਸਵਿੰਦਰ ਦੋਵੇਂ ਸਾਬਕਾ ਪੰਚ, ਚਰਨਜੀਤ ਸਿੰਘ, ਰਾਹੁਲ ਕੁਮਾਰ, ਅਨਿਲ ਕੁਮਾਰ, ਮੁਕੇਸ਼, ਸੁਰਿੰਦਰ, ਰਾਜ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਬਲੌਂਗੀ ਅਤੇ ਕਲੋਨੀਆਂ ਦੇ ਵਸਨੀਕਾਂ ਨੂੰ ਪਿਛਲੇ ਕਰੀਬ 5 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਮੱਸਿਆ ਦੇ ਹੱਲ ਲਈ ਸਰਪੰਚ ਕੋਲ ਜਾਂਦੇ ਹਨ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਹਾਲੇ ਤੱਕ ਉਨ੍ਹਾਂ ਨੂੰ ਪਾਣੀ ਦੀ ਸਪਲਾਈ ਦਾ ਚਾਰਜ ਨਹੀਂ ਮਿਲਿਆ ਹੈ। ਬਲੌਂਗੀ ਕਲੋਨੀ ਦੀ ਸਰਪੰਚ ਸਰੋਜਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਪਾਣੀ ਦਾ ਚਾਰਜ ਨਹੀਂ ਹੈ। ਪਿਛਲੇ ਸਾਲ 26 ਜੂਨ ਨੂੰ ਬੀਡੀਪੀਓ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਾਣੀ ਦਾ ਚਾਰਜ ਪੰਚਾਇਤ ਨੂੰ ਦੇਣ ਲਈ ਪੁਰਾਣੀ ਕਮੇਟੀ, ਬਲੌਂਗੀ ਪਿੰਡ ਅਤੇ ਕਲੋਨੀ ਦੀਆਂ ਮੌਜੂਦਾ ਪੰਚਾਇਤਾਂ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਦੋਵਾਂ ਪੰਚਾਇਤਾਂ ਦੀ ਸਹਿਮਤੀ ਨਾਲ ਬਲੌਂਗੀ ਦੇ ਸਰਪੰਚ ਨੂੰ ਪਾਣੀ ਅਤੇ ਸੈਨੀਟੇਸ਼ਨ ਦਾ ਚਾਰਜ ਦੇਣ ’ਤੇ ਸਹਿਮਤੀ ਹੋਣ ਉਪਰੰਤ ਸਾਂਝਾ ਮਤਾ ਵੀ ਪਾਇਆ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਨਵੀਂ ਪੰਚਾਇਤ ਨੂੰ ਪਾਣੀ ਸਪਲਾਈ ਦਾ ਚਾਰਜ ਨਹੀਂ ਦਿੱਤਾ ਗਿਆ। ਪਿੰਡ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਲੈ ਕੇ ਲੋਕ ਉਨ੍ਹਾਂ ਕੋਲ ਪਹੁੰਚ ਜਾਂਦੇ ਹਨ ਪਰ ਪਾਣੀ ਸਪਲਾਈ ਦਾ ਚਾਰਜ ਪੁਰਾਣੀ ਕਮੇਟੀ ਕੋਲ ਹੋਣ ਕਰਕੇ ਉਨ੍ਹਾਂ ਦੀ ਕੋਈ ਵਾਹ ਨਹੀਂ ਜਾਂਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਲ ਸਪਲਾਈ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ। ਜਲ ਸਪਲਾਈ ਵੱਲੋਂ ਡੇਢ ਮਹੀਨਾ ਪਹਿਲਾਂ ਉਨ੍ਹਾਂ ਨੂੰ ਪਾਣੀ ਦਾ ਚਾਰਜ ਦੇਣ ਸਬੰਧੀ ਪੱਤਰ ਵੀ ਜਾਰੀ ਕੀਤਾ ਜਾ ਚੁੱਕਾ ਹੈ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। (ਬਾਕਸ ਆਈਟਮ) ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਮਿਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਹੀ ਕੀਤੀ ਹੈ। ਉਂਜ ਉਨ੍ਹਾਂ ਦੱਸਿਆ ਕਿ ਇਹ ਮਸਲਾ ਪੁਰਾਣੀ ਪੰਚਾਇਤ ਵੱਲੋਂ ਨਵੀਂ ਪੰਚਾਇਤ ਨੂੰ ਚਾਰਜ ਦੇਣ ਦਾ ਹੈ। ਇਸ ਸਬੰਧੀ ਉਨ੍ਹਾਂ ਨੇ ਡੀਡੀਪੀਓ ਡੀਕੇ ਸਾਲਦੀ ਨੂੰ ਲਿਖ ਵੀ ਲਿਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਯੋਗ ਪੈਰਵੀ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ