ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮੂੰਹ ਨਹੀਂ ਲਾਉਣਗੇ ਮੁਹਾਲੀ ਦੇ ਸੂਝਵਾਨ ਵੋਟਰ: ਸਿੱਧੂ

ਸਰਕਾਰੀ ਖ਼ਜ਼ਾਨੇ ਤੇ ਪੰਚਾਇਤੀ ਜ਼ਮੀਨਾਂ ਦੀ ਲੁੱਟ ਨਾਲ ਕੁਝ ਸਾਲਾਂ ਵਿੱਚ ਹੀ ਅਰਬਪਤੀ ਬਣਿਆ ਕੁਲਵੰਤ ਸਿੰਘ

ਬਲਬੀਰ ਸਿੱਧੂ ਨੇ ਕੁਲਵੰਤ ਸਿੰਘ ਉੱਤੇ ਪਿੰਡ ਪਾਪੜੀ ਦੀ ਜ਼ਮੀਨ ਹੜੱਪਣ ਦਾ ਵੀ ਲਾਇਆ ਕਥਿਤ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸੀਨੀਅਰ ਕਾਂਗਰਸੀ ਆਗੂ ਅਤੇ ਮੋਹਾਲੀ ਹਲਕੇ ਤੋਂ ਪਾਰਟੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘‘ਭਾਈ ਲਾਲੋ’’ ਦਾ ਭੇਸ ਧਾਰ ਕੇ ਵੋਟਾਂ ਮੰਗ ਰਹੇ ਅਜੋਕੇ ‘‘ਮਲਕ ਭਾਗੋ’’ ਕੁਲਵੰਤ ਸਿੰਘ ਨੂੰ ਮੂੰਹ ਨਾ ਲਾਉਣ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਲੋਕਾਂ ਦੇ ਖੂਨ ਪਸੀਨੇ ਕਮਾਈ, ਸਰਕਾਰੀ ਖ਼ਜ਼ਾਨੇ ਅਤੇ ਪੰਚਾਇਤੀ ਜ਼ਮੀਨਾਂ ਦੀ ਲੁੱਟ ਨਾਲ ਕੁਝ ਸਾਲਾਂ ਵਿਚ ਹੀ ਅਰਬਪਤੀ ਬਣ ਗਿਆ ਹੈ।
ਸ੍ਰੀ ਸਿੱਧੂ ਨੇ ਕੁਲਵੰਤ ਸਿੰਘ ਨੂੰ ਸਿਰੇ ਦਾ ਮੌਕਾਪ੍ਰਸਤ, ਖ਼ੁਦਗਰਜ਼ ਅਤੇ ਬੇਅਸੂਲਾ ਵਿਅਕਤੀ ਗਰਦਾਨਦਿਆਂ ਕਿਹਾ ਕਿ ਇਸ ਦਾ ਨਾ ਤਾਂ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਆਮ ਆਦਮੀ ਦੀ ਜ਼ਿੰਦਗੀ ਨਾਲ ਕੋਈ ਸਰੋਕਾਰ ਹੈ। ਉਹ ਤਾਂ ਸਿਰਫ਼ ਆਮ ਆਦਮੀ ਪਾਰਟੀ ਦਾ ਨਾਂ ਵਰਤ ਕੇ ਪੰਜਾਬ ਵਿਧਾਨ ਸਭਾ ਦੀਆਂ ਪੌੜ੍ਹੀਆਂ ਚੜਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸੂਝਵਾਨ ਵੋਟਰ ਕੁਲਵੰਤ ਸਿੰਘ ਦੀ ਇਹ ਚਾਲ ਸਫਲ ਨਹੀਂ ਹੋਣ ਦੇਣਗੇ ਅਤੇ ਉਸ ਨੂੰ ਕਰਾਰੀ ਹਾਰ ਦੇਣਗੇ।
ਕੁਲਵੰਤ ਸਿੰਘ ਉੱਤੇ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਉੱਤੇ ਵੀਹ ਵੀਹ ਮੰਜ਼ਲੇ ਫਲੈਟ ਉਸਾਰ ਕੇ ਮਾਇਆਧਾਰੀ ਬਣਨ ਦਾ ਦੋਸ਼ ਲਾਉਂਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਦੀ ਕੰਪਨੀ ਜੇਐਲਪੀਐਲ ਨੇ ਮੁਹਾਲੀ ਸ਼ਹਿਰ ਦੇ ਨਾਲ ਲਗਦੇ ਪਿੰਡ ਪਾਪੜੀ ਦੀ ਪੰਚਾਇਤੀ ਜ਼ਮੀਨ ਉੱਤੇ ਨਜ਼ਾਇਜ਼ ਕਬਜ਼ਾ ਕਰ ਕੇ ਬਹੁਮੰਜ਼ਲੇ ਫਲੈਟ ਅਤੇ ਸੜਕਾਂ ਬਣਾ ਲਈਆਂ ਹਨ। ਇਸ ਸਬੰਧ ਵਿੱਚ ਪਾਪੜੀ ਦੀ ਪੰਚਾਇਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕੁਲਵੰਤ ਸਿੰਘ ਅਤੇ ਉਸ ਦੀ ਕੰਪਨੀ ਵਿਰੁੱਧ ਮਾਮਲਾ ਵੀ ਦਰਜ਼ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੁਲਵੰਤ ਸਿੰਘ ਦੀ ਕੰਪਨੀ ਵਲੋਂ ਕੀਤੇ ਗਏ ਫਰਾਡ ਅਤੇ ਕੁਦਰਤੀ ਵਾਤਾਵਰਣ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਸੈਕਟਰ 66-ਏ ਵਿੱਚ ਉਸਾਰੇ ਗਏ ਬਹੁਮੰਜ਼ਲੇ ਫਲੈਟ ਢਾਹੁਣ ਦੇ ਹੁਕਮ ਵੀ ਦਿੱਤੇ ਹੋਏ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਬਦਲਵੀਂ ਅਤੇ ਲੋਕ ਪੱਖੀ ਸਿਆਸਤ ਕਰਨ ਨੂੰ ਨਿਰਾ ਪਾਖੰਡ ਦਸਦਿਆਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਲੋਂ ਨਕਾਰੇ ਗਏ ਵਿਅਕਤੀਆਂ ਨੂੰ ਟਿਕਟਾਂ ਦੇਣ ਕਾਰਨ ਇਸ ਪਾਰਟੀ ਦੇ ਅਸਲ ਵਲੰਟੀਅਰ ਹੁਣ ਇਸ ਨੂੰ ਛੱਡ ਗਏ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਪ੍ਰਚਾਰੇ ਗਏ ਦਿੱਲੀ ਦੇ ਸਿਹਤ ਸਿਸਟਮ ਦਾ ਜਲੂਸ ਪਿਛਲੇ ਸਾਲ ਉਸ ਸਮੇਂ ਨਿਕਲ ਗਿਆ ਸੀ ਜਦੋਂ ਕਰੋਨਾ ਦੇ ਮਰੀਜ਼ਾਂ ਨੂੰ ਕਿਸੇ ਹਸਪਤਾਲ ਵਿੱਚ ਕੋਈ ਬੈਡ ਵੀ ਨਸੀਬ ਨਹੀਂ ਸੀ ਹੁੰਦਾ ਅਤੇ ਉਸ ਸਮੇਂ ਪੰਜਾਬ ਦੇ ਹਸਪਤਾਲਾਂ ਵਿਚ ਉਹਨਾਂ ਦਾ ਇਲਾਜ ਕੀਤਾ ਗਿਆ ਸੀ।
ਉਹਨਾਂ ਪੰਜਾਬ ਦੇ ਸਨਅਤਕਾਰਾਂ ਨੂੰ ਯਾਦ ਕਰਵਾਇਆ ਕਿ ਦਿੱਲੀ ਵਿਚ ਸਨਅਤਾਂ ਨੂੰ ਬਿਜਲੀ 11 ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਵਿਚ ਸਨਅਤਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਭਾਰਤ ਦਾ ਪਹਿਲਾ ਮੁੱਖ ਮੰਤਰੀ ਸੀ ਜਿਸ ਨੇ ਸਭ ਤੋਂ ਪਹਿਲਾਂ ਮੋਦੀ ਸਰਕਾਰ ਵਲੋਂ ਬਣਾਏ ਗਏ ਕਿਸਾਨ ਮਾਰੂ ਖੇਤੀ ਕਾਨੂੰਨ ਲਾਗੂ ਕੀਤੇ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਦਿਨ ਵੀ ਖੇਤੀ ਕਾਨੂੰਨਾਂ ਵਿਰੁੱਧ ਕਿਤੇ ਰੋਸ ਨਹੀਂ ਪ੍ਰਗਟਾਇਆ ਜਦੋਂ ਕਿ ਕਾਂਗਰਸ ਪਾਰਟੀ ਵਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਲਗਾਤਾਰ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ ਗਿਆ। ਸਿੱਧੂ ਨੇ ਇਹ ਵੀ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਸਮੇਂ ਵੀ ਰਾਹੁਲ ਗਾਂਧੀ, ਪਿਯੰਕਾ ਗਾਂਧੀ ਅਤੇ ਪੰਜਾਬ ਦੇ ਸਾਰੇ ਕਾਂਗਰਸੀ ਆਗੂਆਂ ਨੇ ਧਰਨਾ ਲਾ ਕੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਵਾਏ ਪਰ ਕੇਜਰੀਵਾਲ ਐਂਡ ਕੰਪਨੀ ਦੇ ਕੰਨ ਉੱਤੇ ਜੂੰਅ ਵੀ ਨਹੀਂ ਸਰਕੀ। ਸ੍ਰੀ ਸਿੱਧੂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀਪਾਰਟੀ ਨੂੰ ਵੋਟਾਂ ਪਾਉਣਾ ਉਹਨਾਂ 700 ਕਿਸਾਨਾਂ ਦੀਆਂ ਆਤਮਾਵਾਂ ਨੂੰ ਦੁੱਖ ਪਹੁੰਚਾਉਣ ਦੇ ਬਰਾਬਰ ਹੋਵੇਗਾ ਜਿਨ੍ਹਾਂ ਨੇ ਕਿਸਾਨ ਮੋਰਚੇ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…