
ਐਸਡੀਐਮ ਦੇ ਨਿੱਜੀ ਦਖ਼ਲ ਨਾਲ ਟੀਡੀਆਈ ਸਮਾਰਟ ਸਿਟੀ ਦੇ ਵਸਨੀਕਾਂ ਤੇ ਬਿਲਡਰ ਵਿਚਾਲੇ ਵਿਵਾਦ ਖ਼ਤਮ
ਬਿਲਡਰ ਨੇ ਲਿਖਤੀ ਰੂਪ ਵਿੱਚ ਵਸਨੀਕਾਂ ਦੀਆਂ ਸਮੱਸਿਆਵਾਂ ਹੱਲ ਲਈ ਸਮਾਂਬੱਧ ਕਾਰਵਾਈ ਦੀ ਗੱਲ ਕਹੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਟੀਡੀਆਈ ਸਮਾਰਟ ਸਿਟੀ ਦੇ ਵਸਨੀਕਾਂ ਅਤੇ ਬਿਲਡਰ ਵਿਚਾਲੇ ਪੈਦਾ ਹੋਇਆ ਵਿਵਾਦ ਅੱਜ ਐਸਡੀਐਮ ਸਰਬਜੀਤ ਕੌਰ ਦੇ ਨਿੱਜੀ ਦਖ਼ਲ ਨਾਲ ਹੱਲ ਹੋ ਗਿਆ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੋਹ ਵਿੱਚ ਆਏ ਸੈਕਟਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਬੀਤੇ ਕੱਲ੍ਹ ਟੀਡੀਆਈ ਦੇ ਸੇਲਜ਼ ਦਫ਼ਤਰ ਵਿੱਚ ਟੈਂਕਰ ਅਤੇ ਬਾਲਟੀਆਂ ਨਾਲ ਗੰਦਾ ਪਾਣੀ ਸੁੱਟ ਦਿੱਤਾ ਸੀ, ਜਿਸ ਕਾਰਨ ਮਾਹੌਲ ਤਣਾਓਪੂਰਨ ਹੋ ਗਿਆ ਸੀ। ਇਸ ਮੌਕੇ ਪੁਲੀਸ ਨੇ ਮੌਕੇ ’ਤੇ ਸਥਿਤੀ ਸੰਭਾਲੀ ਗਈ ਅਤੇ ਬਾਅਦ ਵਿੱਚ ਇਹ ਦੋਵੇਂ ਧਿਰਾਂ ਐਸਡੀਐਮ ਕੋਲ ਪੇਸ਼ ਹੋਈਆਂ। ਐਸਡੀਐਮ ਨੇ ਬਿਲਡਰ ਨੂੰ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਲਿਖਤੀ ਰਿਪੋਰਟ ਦੇਣ ਲਈ ਕਿਹਾ ਸੀ।
ਜਾਣਕਾਰੀ ਅਨੁਸਾਰ ਐਸਡੀਐਮ ਸਰਬਜੀਤ ਕੌਰ ਨੇ ਅੱਜ ਦੋਵਾਂ ਧਿਰਾਂ ਨੂੰ ਦੁਬਾਰਾ ਆਪਣੇ ਦਫ਼ਤਰ ਸੱਦਿਆ ਗਿਆ ਸੀ। ਜਿਸ ਦੌਰਾਨ ਬਿਲਡਰ ਦੇ ਨੁਮਾਇੰਦੇ ਅਤੇ ਟੀਡੀਆਈ ਸਮਾਰਟ ਸਿਟੀ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ। ਬਿਲਡਰ ਨੇ ਕਲੋਨੀ ਵਾਸੀਆਂ ਦੀਆਂ ਸਮੱਸਿਆ ਦੇ ਹੱਲ ਲਈ ਲਿਖਤੀ ਭਰੋਸਾ ਦੇਣ ਤੋਂ ਬਾਅਦ ਇਹ ਰੇੜਕਾ ਹੱਲ ਹੋ ਗਿਆ ਹੈ।
ਇਸ ਸਬੰਧੀ ਐਸਡੀਐਮ ਸਰਬਜੀਤ ਕੌਰ ਨੇ ਕਿਹਾ ਕਿ ਬੀਤੇ ਦਿਨੀਂ ਟੀਡੀਆਈ ਸਿਟੀ ਦੇ ਬਿਲਡਰ ਦੇ ਨੁਮਾਇੰਦਿਆਂ ਨੂੰ ਕਿਹਾ ਗਿਆ ਸੀ ਕਿ ਕਲੋਨੀ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਬਿਲਡਰ ਨੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਕਿ ਟੀਡੀਆਈ ਵਿੱਚ ਜਮ੍ਹਾ ਹੋਇਆ ਬਰਸਾਤੀ ਪਾਣੀ ਦੀ ਜਲਦੀ ਨਿਕਾਸੀ ਕੀਤੀ ਜਾਵੇਗੀ ਅਤੇ ਵਸਨੀਕਾਂ ਦੀ ਸਮੱਸਿਆਵਾਂ ਨੂੰ ਪੜਾਅਵਾਰ ਹੱਲ ਕੀਤਾ ਜਾ ਰਿਹਾ ਹੈ। ਬਿਲਡਰ ਨੇ ਕਿਹਾ ਕਿ ਉਨ੍ਹਾਂ ਲਈ ਲੋਕ ਪਹਿਲਾਂ ਹਨ। ਇਸ ਦੌਰਾਨ ਟੀਡੀਆਈ ਸਮਾਰਟ ਸਿਟੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਨੇ ਐਸਡੀਐਮ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ।