Share on Facebook Share on Twitter Share on Google+ Share on Pinterest Share on Linkedin ਚੰਡੀਗੜ੍ਹ ਨਗਰ ਨਿਗਮ ਦੀ ਪ੍ਰਵਾਨਗੀ ਨਾਲ ਮੁਹਾਲੀ ਵਿੱਚ ਪੁੱਟੀਆਂ ਜਾ ਰਹੀਆਂ ਨੇ ਸੜਕਾਂ ਤੇ ਫੁੱਟਪਾਥ ਪਿਛਲੇ ਸਾਲ ਬਰਸਾਤੀ ਦੇ ਪਾਣੀ ਦੇ ਤੇਜ਼ ਵਹਾਅ ਨਾਲ ਜ਼ਮੀਨ ਧਸਣ ਤੇ ਟੁੱਟੀਆਂ ਸੜਕਾਂ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਠੱਪ ਡਿਪਟੀ ਮੇਅਰ ਦੀ ਗੱਲ ਤੱਕ ਨਹੀਂ ਸੁਣਦੇ ਨਗਰ ਨਿਗਮ ਦੇ ਅਧਿਕਾਰੀ, 3 ਮਹੀਨੇ ਪਹਿਲਾਂ ਮੰਗੀ ਨਹੀਂ ਦਿੱਤੀ ਜਾਣਕਾਰੀ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਵਿਕਾਸ ਪੱਖੋਂ ਵਿਸ਼ਵ ਦੇ ਨਕਸ਼ੇ ’ਤੇ ਲਿਆਉਣ ਦੇ ਦਾਅਵੇ ਪਹਿਲੀ ਨਜ਼ਰ ਵਿੱਚ ਖੋਖਲੇ ਜਾਪਦੇ ਹਨ। ਆਈਟੀ ਸਿਟੀ ਦੀਆਂ ਪ੍ਰਮੁੱਖ ਬਾਹਰੀ ਸੜਕਾਂ ਅਤੇ ਰਿਹਾਇਸ਼ੀ ਖੇਤਰ ਵਿਚਲੀਆਂ ਸੜਕਾਂ ਕਾਫੀ ਥਾਵਾਂ ਤੋਂ ਜ਼ਮੀਨ ਵਿੱਚ ਧਸ ਚੁੱਕੀਆਂ ਹਨ। ਹਾਲਾਂਕਿ ਨਗਰ ਨਿਗਮ ਨੇ ਸ਼ਹਿਰ ਦੀ ਸੁੰਦਰਤਾ ਵਧਾਉਣ ਅਤੇ ਪੈਦਲ ਰਾਹਗੀਰਾਂ ਦੀ ਸੁਵਿਧਾ ਲਈ ਲੱਖਾਂ ਰੁਪਏ ਖਰਚ ਕਰਕੇ ਰੰਗ ਬਰੰਗੇ ਪੇਵਰ ਬਲਾਕ ਲਗਾ ਵਧੀਆਂ ਫੁੱਟਪਾਥ ਬਣਾਏ ਗਏ ਸੀ ਲੇਕਿਨ ਮੌਜੂਦਾ ਸਮੇਂ ਵਿੱਚ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਅਤੇ ਫੁੱਟਪਾਥਾਂ ਹੇਠਲੀ ਜ਼ਮੀਨ ਖੋਖਲੀ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਜਿਹੀ ਫੈਲ ਗਈ ਹੈ। ਸ਼ਹਿਰ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਸੜਕਾਂ ਤੇ ਫੁੱਟਪਾਥ ਹੇਠਲੀ ਜ਼ਮੀਨ ਧਸੀ ਹੋਈ ਨਜ਼ਰ ਆਉਂਦੀ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀ ਬਿਲਕੁਲ ਬੇਖ਼ਬਰ ਹਨ। ਉਂਜ ਪ੍ਰਸ਼ਾਸਨਿਕ ਅਧਿਕਾਰੀ ਇਸ ਦਾ ਕਾਰਨ ਮੁੱਖ ਕਾਰਨ ਕੁੱਝ ਦਿਨ ਪਹਿਲਾਂ ਹੋਈ ਹਲਕੀ ਜਿਹੀ ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਅਤੇ ਕੁੱਝ ਮੋਬਾਈਲ ਕੰਪਨੀਆਂ ਵੱਲੋਂ ਸ਼ਹਿਰ ਵਿੱਚ ਅੰਡਰ ਗਰਾਉਂਡ ਕੇਬਲ ਤਾਰਾਂ ਪਾਉਣ ਲਈ ਪੁੱਟੀ ਜਾ ਰਹੀ ਜ਼ਮੀਨ ਕਾਰਨ ਸੜਕਾਂ ਹੇਠਾਂ ਤੋਂ ਖੋਖਲੀਆਂ ਹੋਣਾ ਮੰਨਿਆਂ ਜਾ ਰਿਹਾ ਹੈ। ਇਸ ਸਬੰਧੀ ਮੀਡੀਆ ਦੀ ਸੂਚਨਾ ਤੋਂ ਬਾਅਦ ਲੋਕ ਨਿਰਮਾਣ ਵਿਭਾਗ, ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਨੀਂਦ ਉੱਡ ਗਈ ਹੈ। ਸੀਨੀਅਰ ਸਿਟੀਜ਼ਨ ਸੰਸਥਾ ਦੇ ਆਗੂ ਡਾ. ਪਵਨ ਕੁਮਾਰ ਜੈਨ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਸੋਸ਼ਲ ਵਰਕਰ ਕਮਲਜੋਤ ਕੌਰ ਅਤੇ ਸਤਨਾਮ ਸਿੰਘ ਦਾਊਂ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਸਬੰਧਤ ਕੰਪਨੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਜੈਨ ਨੇ ਦੱਸਿਆ ਕਿ ਸੈਕਟਰ-69 ਦੀ ਮੁੱਖ ਸੜਕ ਦੇ ਕਿਨਾਰੇ ਵੀਰਵਾਰ ਨੂੰ ਇੱਕ ਮੋਬਾਈਲ ਕੰਪਨੀ ਦੇ ਕਰਮਚਾਰੀ ਅੰਡਰ ਗਰਾਉਂਡ ਕੇਬਲ ਪਾਉਣ ਲਈ ਪਹੁੰਚ ਗਏ ਸੀ ਲੇਕਿਨ ਸਥਾਨਕ ਲੋਕਾਂ ਦੇ ਵਿਰੋਧ ਦੇ ਚੱਲਦਿਆਂ ਨਿਗਮ ਨੇ ਉਨ੍ਹਾਂ ਨੂੰ ਤਾਰ ਪਾਉਣ ਤੋਂ ਰੋਕ ਦਿੱਤਾ ਸੀ ਲੇਕਿਨ ਅੱਜ ਸਵੇਰੇ ਤੜਕੇ ਮੁੜ ਮੋਬਾਈਲ ਕੰਪਨੀ ਦੇ ਕਰਮਚਾਰੀਆਂ ਨੇ ਡਰਿੱਲ ਮਸ਼ੀਨ ਨਾਲ ਅੰਡਰ ਗਰਾਉਂਡ ਕੇਬਲ ਤਾਰ ਪਾਉਣੀ ਸ਼ੁਰੂ ਕਰ ਦਿੱਤੀ। ਜਦੋਂ ਲੋਕਾਂ ਨੇ ਨਿਗਮ ਦੀ ਪ੍ਰਵਾਨਗੀ ਬਾਰੇ ਪੁੱਛਿਆਂ ਤਾਂ ਜ਼ਮੀਨ ਪੁੱਟ ਰਹੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਇੱਕ ਪ੍ਰਵਾਨਗੀ ਵਾਲਾ ਪੱਤਰ ਦਿਖਾਇਆ ਗਿਆ। ਇਹ ਪੱਤਰ ਦੇਖ ਕੇ ਸਥਾਨਕ ਲੋਕ ਦੰਗ ਰਹਿ ਗਏ ਕਿਉਂਕਿ ਇਹ ਪ੍ਰਵਾਨਗੀ ਪੱਤਰ ਚੰਡੀਗੜ੍ਹ ਨਗਰ ਨਿਗਮ ਵੱਲੋਂ ਕੰਪਨੀ ਨੂੰ ਚੰਡੀਗੜ੍ਹ ਵਿੱਚ ਅੰਡਰ ਗਰਾਉਂਡ ਕੇਬਲ ਤਾਰ ਪਾਉਣ ਲਈ ਜ਼ਮੀਨ ਦੀ ਪੁਟਾਈ ਕਰਨ ਦੀ ਮੋਹਲਤ ਦਿੱਤੀ ਗਈ ਸੀ। ਜਦੋਂ ਕਿ ਕੰਪਨੀ ਦੇ ਮਜ਼ਦੂਰ ਮੁਹਾਲੀ ਦੀਆਂ ਸੜਕਾਂ ਨੂੰ ਪੁੱਟੀ ਜਾ ਰਹੇ ਸੀ। ਸੂਚਨਾ ਮਿਲਣ ’ਤੇ ਨਗਰ ਨਿਗਮ ਦੀ ਐਸਡੀਓ ਅਵੀਨੀਤ ਕੌਰ ਮੌਕੇ ’ਤੇ ਪਹੁੰਚ ਗਏ ਅਤੇ ਮੋਬਾਈਲ ਕੰਪਨੀ ਦਾ ਸਾਰਾ ਸਮਾਨ ਅਤੇ ਕੇਬਲ ਤਾਰਾਂ ਦਾ ਬੰਡਲ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਮਗਰੋਂ ਮੋਬਾਈਲ ਕੰਪਨੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਗਈ। ਉਧਰ, ਮੁਹਾਲੀ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦਾ ਕਹਿਣਾ ਹੈ ਕਿ ਇਹ ਕੰਮ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵਾਲੇ ਅਕਸਰ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਵਿੱਚ ਹੀ ਅੰਡਰ ਗਰਾਉਂਡ ਕੇਬਲ ਤਾਰਾਂ ਪਾਉਣ ਦਾ ਕੰਮ ਕਰਦੇ ਹਨ ਕਿਉਂਕਿ ਉਹ ਭਲੀਭਾਤ ਜਾਣਦੇ ਹਨ ਕਿ ਛੁੱਟੀ ਵਾਲੇ ਦਿਨ ਲੋਕਾਂ ਦੀ ਆਵਾਜ਼ ਅਧਿਕਾਰੀਆਂ ਦੇ ਕੰਨਾਂ ਤੱਕ ਨਹੀਂ ਪਹੁੰਚ ਸਕਦੀ ਹੈ ਅਤੇ ਅਧਿਕਾਰੀ ਵੀ ਛੁੱਟੀ ਦਾ ਬਹਾਨਾ ਲਗਾ ਕੇ ਟਾਲਾ ਵੱਟ ਲੈਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਇਹ ਸਿਲਸਿਲਾ ਕਾਫੀ ਸਮੇਂ ਤੋਂ ਜਾਰੀ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਡਿਪਟੀ ਮੇਅਰ ਨੇ ਦੱਸਿਆ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਸ਼ਹਿਰ ਵਿੱਚ ਅੰਡਰ ਗਰਾਉਂਡ ਕੇਬਲ ਤਾਰਾਂ ਪਾਉਣ ਅਤੇ ਮੋਬਾਈਲ ਕੰਪਨੀਆਂ ਨੂੰ ਦਿੱਤੀ ਜਾਂਦੀ ਅਗਾਊਂ ਪ੍ਰਵਾਨਗੀਆਂ ਬਾਰੇ ਲਿਖਤੀ ਜਾਣਕਾਰੀ ਮੰਗ ਗਈ ਸੀ ਅਤੇ ਇਸ ਸਬੰਧੀ ਨਿਗਮ ਦੇ ਕਮਿਸ਼ਨਰ ਤੇ ਹੋਰ ਸਬੰਧਤ ਬ੍ਰਾਂਚਾਂ ਨੂੰ ਪੱਤਰ ਲਿਖਿਆ ਗਿਆ ਸੀ ਲੇਕਿਨ ਹੁਣ ਤੱਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਈ ਟੈਲੀਕਾਮ ਕੰਪਨੀਆਂ ਵੱਲੋਂ ਅੰਡਰ ਗਰਾਉਂਡ ਤਾਰਾਂ ਪਾਉਣ ਲਈ ਡਰਿੱਲ ਮਸ਼ੀਨਾਂ ਨਾਲ ਧਰਤੀ ਵਿੱਚ ਜ਼ਬਰਦਸਤ ਕੰਬਣੀ ਛਿੜਦੀ ਹੈ ਅਤੇ ਪਾਈਪਾਂ ਨੂੰ ਨੁਕਸਾਨ ਪੁੱਜਦਾ ਹੈ। ਡਰਿੱਲ ਮਸ਼ੀਨਾਂ ਨਾਲ ਜ਼ਮੀਨ ਪੁੱਟਣ ਕਾਰਨ ਵੀ ਸੜਕਾਂ ਹੇਠਲੀ ਜ਼ਮੀਨ ਖੋਖਲੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਜੀਆਈਐਸ ਅਤੇ ਅੰਡਰ ਗਰਾਉਂਡ ਪਾਈਪਾਂ ਦਾ ਸਰਵੇ ਕਰਨ ਉਪਰੰਤ ਟੈਂਡਰ ਦਿੱਤੇ ਜਾਂਦੇ ਹਨ ਅਤੇ ਟੈਲੀਕਾਮ ਕੰਪਨੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਜੇਕਰ ਅੰਡਰਗਰਾਉਂਡ ਪਾਈਪਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਪੁੱਜਦਾ ਹੈ ਤਾਂ ਇਸ ਜ਼ਿੰਮੇਵਾਰ ਸਬੰਧਤ ਕੰਪਨੀ ਦੀ ਹੋਵੇਗੀ ਪ੍ਰੰਤੂ ਮੁਹਾਲੀ ਵਿੱਚ ਅਜਿਹਾ ਨਹੀਂ ਹੋ ਰਿਹਾ ਹੈ ਸਗੋਂ ਸ਼ਰ੍ਹੇਆਮ ਨਿਯਮਾਂ ਦੀ ਉਲੰਘਣਾ ਕਰਕੇ ਸੜਕਾਂ ਪੁੱਟੀਆਂ ਜਾ ਰਹੀਆਂ ਹਨ। ਜਿਸ ਕਾਰਨ ਸੀਵਰੇਜ ਸਿਸਟਮ ਤਬਾਹ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਸ਼ਹਿਰ ਵਿੱਚ ਕਦੇ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ। (ਬਾਕਸ ਆਈਟਮ) ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਮੋਬਾਈਲ ਕੰਪਨੀ ਦਾ ਸਾਰਾ ਸਮਾਨ ਅਤੇ ਕੇਬਲ ਤਾਰ ਦਾ ਬੰਡਲ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹਾਲੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕੰਪਨੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਧਰ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਪਵਨ ਕੁਮਾਰ ਨੇ ਮੋਬਾਈਲ ਕੰਪਨੀ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। (ਬਾਕਸ ਆਈਟਮ) ਉਧਰ, ਪਿਛਲੇ ਸਾਲ ਲਗਾਤਾਰ ਤੇਜ਼ ਬਾਰਿਸ਼ ਦੇ ਪਾਣੀ ਅਤੇ ਅਚਾਨਕ ਸੀਵਰੇਜ ਓਵਰਫਲੋ ਹੋਣ ਕਾਰਨ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਜਾਣ ਵਾਲੀ 200 ਫੁੱਟ ਚੌੜੀ ਏਅਰਪੋਰਟ ਸੜਕ ’ਤੇ ਸੈਕਟਰ-80 ਮੌਲੀ ਚੌਕ ਨੇੜੇ ਮੀਂਹ ਦੇ ਪਾਣੀ ਕਾਰਨ ਪਏ ਡੂੰਘੇ ਖੱਡਿਆਂ ਅਤੇ ਹੋਰ ਸੜਕਾਂ ਹੇਠਲੀ ਜ਼ਮੀਨ ਧਸਣ ਦੇ ਮਾਮਲੇ ਦੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਵਿਜਲੈਂਸ ਬਿਊਰੋ (ਉਡਣ ਦਸਤਾ-1) ਜ਼ਿਲ੍ਹਾ ਮੁਹਾਲੀ ਦੇ ਤਤਕਾਲੀ ਐਸ.ਪੀ ਹਰਗੋਬਿੰਦ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੇ ਤਕਨੀਕੀ ਮਾਹਰਾਂ ਦੀ ਇਕ ਉਚ ਪੱਧਰੀ ਟੀਮ ਵੱਲੋਂ ਏਅਰਪੋਰਟ ਸੜਕ ਦਾ ਦੌਰਾ ਕਰਕੇ ਸੜਕ ਵਿੱਚ ਪਏ ਖੱਡਿਆਂ ਦਾ ਨਿਰੀਖਣ ਕਰਦਿਆਂ ਸੜਕ ਦੇ ਨਿਰਮਾਣ ਲਈ ਵਰਤੇ ਗਏ ਮਟੀਰੀਅਲ ਦੇ ਸੈਂਪਲ ਲਏ ਸਨ ਲੇਕਿਨ ਹੁਣ ਤੱਕ ਇਹ ਜਾਂਚ ਕਿਸੇ ਕੰਢੇ ਨਹੀਂ ਲੱਗੀ ਅਤੇ ਨਾ ਹੀ ਵਿਜੀਲੈਂਸ ਨੇ ਇਸ ਬਾਰੇ ਕੋਈ ਰਿਪੋਰਟ ਹੀ ਨਸਰ ਕੀਤੀ ਹੈ ਅਤੇ ਨਾ ਹੀ ਕੋਈ ਅਧਿਕਾਰੀ ਕੁੱਝ ਦੱਸਣ ਨੂੰ ਤਿਆਰ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ