ਵਿੱਤ ਮੰਤਰੀ ਦੇ ਭਰੋਸੇ ਨਾਲ ਸਿੱਖਿਆ ਬੋਰਡ ਦਾ ਵਿੱਤੀ ਸੰਕਟ ਹੱਲ ਹੋਣ ਦੀ ਆਸ ਬੱਝੀ

ਵਿੱਤ ਮੰਤਰੀ ਨੂੰ ਸਿੱਖਿਆ ਬੋਰਡ ਦੇ ਵਿੱਤੀ ਸੰਕਟ ਤੋਂ ਜਾਣੂ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਅਤੇ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਕੂਲ ਬੋਰਡ ਦੇ ਵਿੱਤੀ ਹਾਲਾਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਬੋਰਡ ਦੇ ਵਿੱਤੀ ਹਾਲਾਤ ਐਨੇ ਨਾਜ਼ੁਕ ਬਣੇ ਹੋਏ ਹਨ ਕਿ ਸਕੂਲ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਸੇਵਾਮੁਕਤ ਕਰਮਚਾਰੀਆਂ ਨੂੰ ਹੁਣ ਤੱਕ ਪੈਨਸ਼ਨ ਵੀ ਨਹੀਂ ਦਿੱਤੀ ਜਾ ਸਕੀ ਹੈ। ਇਹੀ ਨਹੀਂ ਰੋਜ਼ਾਨਾ ਖਰਚੇ ਲਈ ਵੀ ਪੈਸੇ ਨਹੀਂ ਹਨ ਅਤੇ ਬੋਰਡ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਬੜੀ ਮੁਸ਼ਕਲ ਨਾਲ ਦਿੱਤੀ ਜਾ ਸਕੀ ਹੈ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਪੈਨਸ਼ਨਾਂ, ਮੈਡੀਕਲ ਬਿੱਲਾਂ ਦੀਆਂ ਅਦਾਇਗੀਆਂ ਵੀ ਮੁਸ਼ਕਲ ਹੋ ਗਈਆਂ ਹਨ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਮੁਲਾਜ਼ਮਾਂ ਅਤੇ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਦਾ ਪੇਅ ਕਮਿਸ਼ਨ, ਗਰੇਚੂਟੀ, ਮੈਡੀਕਲ ਬਿੱਲ ਅਤੇ ਹੋਰ ਕਈ ਤਰ੍ਹਾਂ ਦੇ ਲਗਪਗ 40 ਕਰੋੜ ਦਾ ਬਕਾਏ ਲਮਕ ਵਿੱਚ ਪਏ ਹਨ। ਜਦੋਂਕਿ ਹਰੇਕ ਮਹੀਨੇ ਰੋਜ਼ਮੱਰਾ ਦੇ ਖ਼ਰਚ ਵਜੋਂ 20 ਤੋਂ 25 ਕਰੋੜ ਚਾਹੀਦੇ ਹਨ। ਉਨ੍ਹਾਂ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਮੁਫ਼ਤ ਕਿਤਾਬਾਂ ਦੇ ਸਰਕਾਰ ਵੱਲ 513 ਕਰੋੜ ਦੀ ਦੇਣਦਾਰੀ ਖੜੀ ਹੈ। ਇਹੀ ਨਹੀਂ ਪੰਜਵੀਂ ਤੋਂ ਅੱਠਵੀਂ ਤੱਕ ਗਰੀਬ ਬੱਚਿਆਂ ਦੀਆਂ ਪ੍ਰੀਖਿਆ ਫੀਸਾਂ ਦਾ 200 ਕਰੋੜ ਬਕਾਇਆ ਖੜਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਇਮਾਰਤ ਵਿੱਚ ਚੱਲ ਰਹੇ ਸਿੱਖਿਆ ਵਿਭਾਗ ਦੇ ਵੱਖ-ਵੱਖ ਦਫ਼ਤਰਾਂ ਦਾ ਕਿਰਾਇਆ ਵੀ ਦਿੱਤਾ ਜਾ ਰਿਹਾ ਹੈ। ਹੁਣ ਇਹ ਰਾਸ਼ੀ ਵੱਧ ਕੇ ਕਰੀਬ 23 ਕਰੋੜ ਰੁਪਏ ਹੋ ਗਈ ਹੈ।
ਉਧਰ, ਸਿੱਖਿਆ ਬੋਰਡ ਨਾਨ-ਟੀਚਿੰਗ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਵੱਖਰੇ ਤੌਰ ’ਤੇ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਚੀਮਾ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ। ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਅਗਲੇ ਹਫ਼ਤੇ ਸਿੱਖਿਆ ਬੋਰਡ ਅਤੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਐਫ਼ਡੀ ਡਿਪਾਰਟਮੈਂਟ ’ਚੋਂ ਦੋ ਰੁਕੀਆਂ ਹੋਈਆਂ ਫਾਈਲਾਂ ਤੋਂ ਮਿੱਟੀ ਝਾੜਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਦੇ ਭਰੋਸੇ ਤੋਂ ਬਾਅਦ ਬੋਰਡ ਨੂੰ ਵਿੱਤੀ ਸੰਕਟ ’ਚੋਂ ਉੱਭਰਨ ਦੀ ਆਸ ਬੱਝ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…