Nabaz-e-punjab.com

ਬੀਰਦਵਿੰਦਰ ਸਿੰਘ ਦੀ ਮੌਤ ਨਾਲ ਮੁਹਾਲੀ ਤੇ ਖਰੜ ਨੂੰ ਵੱਡਾ ਘਾਟਾ ਪਿਆ

ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਉੱਘੇ ਵਿਦਵਾਨ ਤੇ ਲੇਖਕ ਬੀਰ ਦਵਿੰਦਰ ਸਿੰਘ (75) ਦੀ ਮੌਤ ਨਾਲ ਮੁਹਾਲੀ ਅਤੇ ਖਰੜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਇਲਾਕੇ ਦੇ ਲੋਕ ਅੱਜ ਦੀ ਉਨ੍ਹਾਂ ਦੀ ਸਿਫ਼ਤ ਕਰਦੇ ਹਨ।
ਬੀਰਦਵਿੰਦਰ ਸਿੰਘ ਦੀ ਬਦੌਲਤ ਹੀ ਮੁਹਾਲੀ ਦੀ ਬੰਦ ਪਈ ਪਨਵਾਇਰ ਫੈਕਟਰੀ ਦਾ ਤਾਲਾ ਖੁੱਲ੍ਹਿਆ ਅਤੇ ਸਾਰੇ ਕਰਮਚਾਰੀਆਂ ਨੂੰ ਮੁੜ ਨੌਕਰੀ ’ਤੇ ਰੱਖਿਆ ਗਿਆ। ਇੰਜ ਹੀ ਖਰੜ ਵਿੱਚ ਪੰਜਾਬ ਦਾ ਪਹਿਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਅੰਗਰੇਜ਼ੀ ਮਾਧਿਅਮ) ਵੀ ਬੀਰਦਵਿੰਦਰ ਸਿੰਘ ਦੀ ਹੀ ਦੇਣ ਹੈ। ਇਹ ਸਕੂਲ ਦੋ ਸ਼ਿਫ਼ਟਾਂ ਵਿੱਚ ਚੱਲਦਾ ਹੈ ਅਤੇ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਇਸ ਸਕੂਲ ਦੇ ਬੱਚੇ ਹਮੇਸ਼ਾ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਉਂਦੇ ਹਨ। ਗਰੀਬ ਵਰਗ ਦੇ ਲੋਕ ਜੋ ਕਾਨਵੈਂਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰਥ ਹਨ। ਉਨ੍ਹਾਂ ਦੇ ਬੱਚੇ ਬੀਰਦਵਿੰਦਰ ਦੇ ਯਤਨਾਂ ਨਾਲ ਹੋਂਦ ਵਿੱਚ ਆਏ ਸਰਕਾਰੀ ਮਾਡਲ ਸਕੂਲ ਵਿੱਚ ਪੜ੍ਹ ਕੇ ਅੱਜ ਮਲਟੀ ਨੈਸ਼ਨਲ ਕੰਪਨੀਆਂ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਅਤੇ ਕਈ ਨੌਜਵਾਨਾਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ। ਸਰਕਾਰੀ ਸਕੂਲ ਝੰਜੇੜੀ ਅਤੇ ਦੇਸੂਮਾਜਰਾ ਦੀ ਕਾਇਆ-ਕਲਪ ਵਿੱਚ ਉਨ੍ਹਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਪਿੰਡ ਘੜੂੰਆਂ, ਝੰਜੇੜੀ ਮੌਲੀ ਬੈਦਵਾਨ ਸਮੇਤ ਹੋਰਨਾਂ ਵਿੱਚ ਬਿਜਲੀ ਦੇ ਗਰਿੱਡ ਬਣਾ ਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਹੰਭਲਾ ਮਾਰਿਆ ਸੀ।
ਮੁਹਾਲੀ ਦੇ ਦਾਰਾ ਸਟੂਡੀਓ ਤੋਂ ਖਾਨਪੁਰ ਚੌਕ ਤੱਕ ਬਾਈਪਾਸ ਦੀ ਯੋਜਨਾ ਵੀ ਬੀਰਦਵਿੰਦਰ ਸਿੰਘ ਹੁਰਾਂ ਨੇ ਉਲੀਕੀ ਸੀ ਲੇਕਿਨ ਪਿੰਡਾਂ ਦੇ ਕਿਸਾਨਾਂ ਦੀ ਮੰਗ ਅਨੁਸਾਰ ਇਹ ਪ੍ਰਾਜੈਕਟ ਰੱਦ ਕਰਕੇ ਮੁਹਾਲੀ ਤੋਂ ਖਰੜ ਤੱਕ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੀ ਯੋਜਨਾ ਉਲੀਕੀ ਗਈ। ਖਰੜ ਸ਼ਹਿਰ ਵਿੱਚ ਸੀਵਰੇਜ ਅਤੇ ਖਰੜ ਤੋਂ ਬਨੂੜ ਤੱਕ ਸੜਕ ਨੂੰ ਚੌੜਾ ਤੇ ਮਜ਼ਬੂਤ ਬਣਾਉਣ ਵਿੱਚ ਵੀ ਬੀਰਦਵਿੰਦਰ ਦੀ ਅਹਿਮ ਭੂਮਿਕਾ ਰਹੀ। ਇੰਜ ਹੀ ਖਰੜ ਵਿੱਚ ਸੀਵੇਰਜ ਪਾਇਆ ਗਿਆ ਅਤੇ ਖਾਨਪੁਰ ਟੀ-ਪੁਆਇੰਟ ਨੇੜੇ ਮਿਉਂਸਪਲ ਪਾਰਕ ਬਣਾਈ ਗਈ। ਉਸ ਸਮੇਂ ਚਰਨਜੀਤ ਸਿੰਘ ਚੰਨੀ ਖਰੜ ਨਗਰ ਕੌਂਸਲ ਦੇ ਪ੍ਰਧਾਨ ਸਨ। ਵਿਕਾਸ ਪੱਖੋਂ ਇਲਾਕੇ ਦੀ ਨੁਹਾਰ ਬਦਲਣ ਲਈ ਕੀਤੇ ਸ਼ਲਾਘਾਯੋਗ ਯਤਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹਨ। ਉਹ ਬਹੁਤ ਹੀ ਮਿਲਾਪਣੇ ਅਤੇ ਹਰ ਕਿਸੇ ਦੇ ਦੁੱਖ ਸੁੱਖ ਦੇ ਸਾਂਝੀ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…