ਅਕਾਲੀ-ਬਸਪਾ ਸਰਕਾਰ ਬਣਨ ’ਤੇ ਸਨਅਤਕਾਰਾਂ ਨੂੰ ਸੋਲਰ ਪਲਾਂਟ ਲਗਾਉਣ ਦੀ ਮਿਲੇਗੀ ਇਜਾਜ਼ਤ

ਮੁਹਾਲੀ ਵਿੱਚ ਬਣੇਗਾ 300 ਏਕੜ ਖੇਤਰ ਵਿੱਚ ਐਗਜ਼ੀਬਿਸ਼ਨ ਸੈਂਟਰ: ਸੁਖਬੀਰ ਬਾਦਲ

ਮੁੱਖ ਮੰਤਰੀ ਇੰਜਨ, ਮੰਤਰੀ ਤੇ ਵਿਧਾਇਕ ਡੱਬੇ: ਇੰਜਨ ਵਧੀਆ ਨਾ ਹੋਏ ਤਾਂ ਖੜ੍ਹੀ ਰਹਿੰਦੀ ਹੈ ਟਰੇਨ

ਮੁਹਾਲੀ ਸ਼ਹਿਰ ਮੇਰੇ ਦਿਲ ਦੇ ਨੇੜੇ, ਏਅਰਪੋਰਟ, ਆਈਐਸਬੀ, ਚੌੜੀਆਂ ਸੜਕਾਂ ਅਕਾਲੀ ਦਲ ਦੀ ਦੇਣ: ਸੁਖਬੀਰ ਸਿੰਘ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਸਨਅਤਕਾਰਾਂ ਨੂੰ ਸੋਲਰ ਪਾਵਰ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਨਅਤਕਾਰ ਰਲ ਕੇ ਪੰਜਾਬ ਵਿੱਚ ਕਿਸੇ ਵੀ ਥਾਂ ’ਤੇ ਸਸਤੀ ਜ਼ਮੀਨ ਉੱਤੇ ਪਲਾਂਟ ਲਗਾ ਸਕਦੇ ਹਨ ਅਤੇ ਪਾਵਰ ਨੂੰ ਇੱਥੇ ਟਰਾਂਸਫ਼ਰ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਸਨਅਤਕਾਰਾਂ ਨੂੰ ਬਿਜਲੀ ਦੀ ਲਾਗਤ ਪਵੇਗੀ। ਮੁਹਾਲੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਪਰਦੀਪ ਸਿੰਘ ਭਾਰਜ, ਕੈਪਟਨ ਰਮਨਦੀਪ ਸਿੰਘ ਬਾਵਾ ਵੀ ਮੌਜੂਦ ਸਨ।
ਸੁਖਬੀਰ ਨੇ ਕਿਹਾ ਕਿ ਸਨਅਤਾਂ ਤੋਂ ਬਗੈਰ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ ਅਤੇ ਉਨ੍ਹਾਂ ਦੀ ਇਹ ਸੋਚ ਹੈ ਕਿ ਸਰਕਾਰ ਆਉਣ ਤੇ ਉਹ ਮੁਹਾਲੀ ਵਿੱਚ 300 ਏਕੜ ਵਿੱਚ ਐਗਜ਼ੀਬਿਸ਼ਨ ਸੈਂਟਰ ਬਣਾਉਣਗੇ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਇਲਾਵਾ ਅਜਿਹਾ ਕੋਈ ਐਗਜ਼ੀਬੀਸ਼ਨ ਸੈਂਟਰ ਨਹੀਂ ਹੈ ਅਤੇ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਫ੍ਰੈਂਕਫਰਟ ਵਿੱਚ ਇਕ ਵੱਡਾ ਐਗਜ਼ੀਬੀਸ਼ਨ ਸੈਂਟਰ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੱਧੂ ਅਤੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਵੋਟਾਂ ਪਾਉਣਾ ਫਜ਼ੂਲ ਹੈ। ਉਨ੍ਹਾਂ ਸਮੂਹ ਸਨਅਤਕਾਰਾਂ ਨੂੰ ਪਰਵਿੰਦਰ ਸੋਹਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਚੰਗੀ ਸਰਕਾਰ ਬਣੇਗੀ ਤਾਂ ਸਨਅਤਾਂ ਵੀ ਪ੍ਰਫੁੱਲਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਇਨਵੈਸਟ ਪੰਜਾਬ ਲਿਆਂਦਾ ਅਤੇ ਇਕ ਮਹੀਨੇ ਵਿੱਚ ਹਰ ਤਰ੍ਹਾਂ ਦੀ ਕਲੀਅਰੈਂਸ ਮਿਲਦੀ ਸੀ ਪਰ ਕਾਂਗਰਸ ਨੇ ਇਹ ਸੁਵਿਧਾ ਬੰਦ ਕਰ ਦਿੱਤੀ। ਇਹੀ ਨਹੀਂ ਸੇਵਾ ਕੇਂਦਰਾਂ ਨੂੰ ਤਾਲੇ ਜੜ੍ਹ ਦਿੱਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸੇ ਟਰੇਨ ਦਾ ਇੰਜਨ ਅਤੇ ਮੰਤਰੀ ਤੇ ਵਿਧਾਇਕ ਉਸ ਦੇ ਡੱਬੇ ਹੁੰਦੇ ਹਨ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਟਰੇਨ ਦਾ ਇੰਜਨ ਸੀ ਅਤੇ ਪੰਜ ਸਾਲ ਟਰੇਨ ਪਟੜੀ ’ਤੇ ਹੀ ਖੜੀ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਮੁੱਖ ਮੰਤਰੀ ਦੇ ਤਿੰਨ ਚਿਹਰੇ ਹਨ ਜਿਨ੍ਹਾਂ ਵਿੱਚ ਭਗਵੰਤ ਮਾਨ, ਚਰਨਜੀਤ ਚੰਨੀ ਅਤੇ ਉਹ ਖ਼ੁਦ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦੀ ਸੋਚ, ਪਿਛੋਕੜ ਅਤੇ ਉਸ ਦੀ ਸਾਖ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ। ਇਸ ਦੇ ਅਨੁਸਾਰ ਜੋ ਵੀ ਉਮੀਦਵਾਰ ਠੀਕ ਲੱਗੇ ਉਸ ਨੂੰ ਵੋਟਾਂ ਪਾ ਦਿਓ ਪਰ ਸਹੀ ਫੈਸਲਾ ਕਰਿਓ।
ਸ੍ਰੀ ਬਾਦਲ ਨੇ ਸਨਅਤਕਾਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਪਾਰਟੀ ਨਾਲ ਲਿੰਕ ਹੋਵੇ ਪਰ ਮੁੱਖ ਮੰਤਰੀ ਉਸ ਨੂੰ ਚੁਣੋ ਜਿਸ ’ਤੇ ਉਹ ਭਰੋਸਾ ਕਰ ਸਕਦੇ ਹੋਣ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮੈਨੇਜਰ ਰੱਖਣ ਵੇਲੇ ਵੀ ਉਸ ਦਾ ਤਜਰਬਾ ਅਤੇ ਭਰੋਸੇਯੋਗਤਾ ਦੇਖੀ ਜਾਂਦੀ ਹੈ ਕਿਉਂਕਿ ਇਕ ਚੰਗਾ ਬੰਦਾ ਕਿਸੇ ਮਾੜੀ ਕੰਪਨੀ ਨੂੰ ਵੀ ਅੱਗੇ ਲੈ ਜਾਂਦਾ ਹੈ ਜਦੋਂਕਿ ਇਕ ਮਾੜਾ ਬੰਦਾ ਚੰਗੀ ਕੰਪਨੀ ਨੂੰ ਵੀ ਡੁਬੋ ਦੇ ਰੱਖ ਦਿੰਦਾ ਹੈ। ਉਨ੍ਹਾਂ ਕਿਹਾ ਕਿਸੇ ਵੀ ਹਲਕੇ ਵਿੱਚ ਵੋਟ ਅਜਿਹੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਜੋ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਰੱਖਦਾ ਹੋਵੇ। ਇਸ ਤੋਂ ਪਹਿਲਾਂ ਸਨਅਤਕਾਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ। ਅਖੀਰ ਵਿੱਚ ਮੁਹਾਲੀ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਰੇ ਸਨਅਤਕਾਰਾਂ ਦਾ ਧੰਨਵਾਦ ਕੀਤਾ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…