
ਰੱਬ ਆਸਰੇ ਚੱਲ ਰਿਹੈ ਮੁਹਾਲੀ ਦਾ ਫਾਇਰ ਬ੍ਰਿਗੇਡ ਦਫ਼ਤਰ, ਨਾ ਡਰਾਈਵਰ ਪੂਰੇ ਤੇ ਨਾ ਫਾਇਰਮੈਨ
ਨਵੇਂ ਦਫ਼ਤਰ ਵਿੱਚ ਵੀ ਸਟਾਫ਼ ਦੀ ਘਾਟ, ਪਾਣੀ ਦੀ ਸਟੋਰੇਜ ਦਾ ਪ੍ਰਬੰਧ ਨਹੀਂ
ਮੁਲਾਜ਼ਮਾਂ ਦੀ ਭਰਤੀ ਦਾ ਕੰਮ ਸਰਕਾਰ ਨੇ ਆਪਣੇ ਅਧੀਨ ਲਿਆ, ਡਿਪਟੀ ਮੇਅਰ ਨੇ ਸਰਕਾਰ ’ਤੇ ਚੁੱਕੇ ਸਵਾਲ
ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਆਬਾਦੀ ਵਧਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਵੀ ਲਗਾਤਾਰ ਵਧ ਰਹੀਆਂ ਹਨ। ਮੁਹਾਲੀ ਨਗਰ ਨਿਗਮ ਕੋਲ ਅੱਗ ਬੁਝਾਉਣ ਲਈ ਮਸ਼ੀਨਰੀ ਪੱਖੋਂ ਤਾਂ ਪੁਖ਼ਤਾ ਪ੍ਰਬੰਧ ਹਨ ਪ੍ਰੰਤੂ ਫਾਇਰਮੈਨਾਂ ਅਤੇ ਡਰਾਈਵਰਾਂ ਦੀ ਘਾਟ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇੱਥੇ ਬਹੁ-ਮੰਜ਼ਲਾਂ ਇਮਾਰਤਾਂ ਵਿੱਚ ਅੱਗ ਬੁਝਾਉਣ ਲਈ 54 ਮੀਟਰ ਉੱਚੀ ਹਾਈਡ੍ਰੋਲਿਕ ਮਸ਼ੀਨ ਸਮੇਤ 5 ਹਜ਼ਾਰ ਲੀਟਰ ਦੀ ਸਮਰਥਾ ਵਾਲਾ ਇੱਕ ਫੋਮ ਟੈਂਡਰ, ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 5 ਹਜ਼ਾਰ ਪਾਣੀ ਦੀ ਸਮਰਥਾ ਵਾਲੇ ਦੋ ਮਲਟੀ ਪਰਪਜ਼ ਫਾਇਰ ਟੈਂਡਰ, ਦੋ ਫਾਇਰ ਟੈਂਡਰ ਹੋਰ ਅਤੇ ਕਰੀਬ 10 ਹਜ਼ਾਰ ਲੀਟਰ ਦੀ ਸਮਰਥਾ ਵਾਲਾ 1 ਵਾਟਰ ਬਾਊਜਰ ਉਪਲਬਧ ਹੈ। ਉਂਜ ਇੱਕ ਵਾਟਰ ਬਾਊਜਰ ਕੰਡਮ ਵੀ ਹੋ ਗਿਆ ਹੈ।
ਅਡੀਸ਼ਨਲ ਡਵੀਜ਼ਨਲ ਫਾਇਰ ਅਫ਼ਸਰ (ਏਡੀਐਫ਼ਓ) ਦੀ ਅਸਾਮੀ ਵੀ ਖਾਲੀ ਪਈ ਹੈ। ਫੇਜ਼-1 ਦਫ਼ਤਰ ਵਿੱਚ 4 ਅਤੇ ਨਵੇਂ ਦਫ਼ਤਰ ਵਿੱਚ 6 ਡਰਾਈਵਰ ਹਨ। ਇੰਜ ਹੀ ਕ੍ਰਮਵਾਰ 16 ਅਤੇ 24 ਫਾਇਰਮੈਨ ਹਨ ਜਦੋਂਕਿ ਲੋੜ ਘੱਟੋ-ਘੱਟ 80 ਫਾਇਰਮੈਨਾਂ ਦੀ ਹੈ। ਦੋਵੇਂ ਦਫ਼ਤਰਾਂ ਵਿੱਚ ਸਬ ਫਾਇਰ ਅਫ਼ਸਰ ਵੀ 5 ਤਾਇਨਾਤ ਹਨ ਜਦੋਂਕਿ ਲੋੜ 10 ਦੀ ਹੈ। ਇੱਕ ਫਾਇਰ ਅਫ਼ਸਰ ਹੀ ਦੋਵੇਂ ਦਫ਼ਤਰਾਂ ਦਾ ਕੰਮ ਦੇਖ ਰਿਹਾ ਹੈ। ਡਰਾਈਵਰਾਂ ਦੀਆਂ 24 ਅਸਾਮੀਆਂ ਸੈਕਸ਼ਨ ਹਨ ਪ੍ਰੰਤੂ ਇਸ ਸਮੇਂ ਮੁਹਾਲੀ ਵਿੱਚ 11 ਚਾਲਕਾਂ ਨਾਲ ਡੰਗ ਸਾਰਿਆ ਜਾ ਰਿਹਾ ਹੈ। ਇਨ੍ਹਾਂ ’ਚੋਂ 3 ਡਰਾਈਵਰ ਪੱਕੇ ਅਤੇ 8 ਕੱਚੇ ਹਨ। ਇਸੇ ਤਰ੍ਹਾਂ 80 ਫਾਇਰਮੈਨਾਂ ਦੀ ਲੋੜ ਹੈ।
ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਤਿੰਨ ਸ਼ਿਫ਼ਟਾਂ ਚੱਲਦੀਆਂ ਹਨ। ਇੱਕ ਫਾਇਰ ਟੈਂਡਰ ’ਤੇ ਘੱਟੋ-ਘੱਟ ਲੀਡ ਫਾਇਰਮੈਨ, ਇੱਕ ਫਾਇਰਮੈਨ, ਡਰਾਈਵਰ ਸਮੇਤ ਕੁੱਲ 6 ਬੰਦਿਆਂ ਦਾ ਸਟਾਫ਼ ਚਾਹੀਦਾ ਹੁੰਦਾ ਹੈ ਪ੍ਰੰਤੂ ਮੌਜੂਦਾ ਸਮੇਂ ਵਿੱਚ ਸਿਰਫ਼ 4 ਕਰਮਚਾਰੀਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸੈਕਟਰ-78 ਵਿੱਚ ਫਾਇਰ ਬ੍ਰਿਗੇਡ ਦਾ ਨਵਾਂ ਦਫ਼ਤਰ-ਕਮ-ਸਿਖਲਾਈ ਕੇਂਦਰ ਬਣਾਇਆ ਗਿਆ ਹੈ ਪ੍ਰੰਤੂ ਇੱਥੇ ਵੀ ਸਟਾਫ਼ ਵੀ ਵੱਡੀ ਘਾਟ ਹੈ ਅਤੇ ਨਵੇਂ ਦਫ਼ਤਰ ਵਿੱਚ ਪਾਣੀ ਦੀ ਸਟੋਰੇਜ ਲਈ ਪ੍ਰਬੰਧ ਨਹੀਂ ਹਨ। ਗੱਡੀਆਂ ਪਾਣੀ ਭਰਨ ਲਈ ਪੁਰਾਣੇ ਦਫ਼ਤਰ ਜਾਂ ਪ੍ਰਾਈਵੇਟ ਸੁਸਾਇਟੀ ਦੀ ਮਦਦ ਲਈ ਜਾਂਦੀ ਹੈ।
ਨੌਜਵਾਨ ਆਗੂ ਆਸ਼ੂ ਵੈਦ ਅਤੇ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦੇ ਪੁਰਾਣੇ ਅਤੇ ਨਵੇਂ ਦਫ਼ਤਰ ਵਿੱਚ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਸ਼ਹਿਰ ਦੀ ਆਬਾਦੀ ਨੂੰ ਦੇਖਦੇ ਹੋਏ ਇੱਕ ਹੋਰ ਨਵਾਂ ਫਾਇਰ ਸਟੇਸ਼ਨ ਬਣਾਇਆ ਜਾਵੇ ਤਾਂ ਜੋ ਅੱਗ ’ਤੇ ਕਾਬੂ ਪਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ਨੇ ਮੁਲਾਜ਼ਮਾਂ ਦੀ ਭਰਤੀ ਦਾ ਕੰਮ ਆਪਣੇ ਅਧੀਨ ਲੈ ਲਿਆ ਹੈ। ਮਨਜ਼ੂਰ ਅਸਾਮੀਆਂ ’ਤੇ ਸਟਾਫ਼ ਦੀ ਤਾਇਨਾਤੀ ਲਈ ਨਗਰ ਨਿਗਮ ਵੱਲੋਂ ਹਾਊਸ ਵਿੱਚ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਅੱਗ ਬੁਝਾਉਣ ਲਈ ਫਾਇਰਮੈਨ ਤੇ ਹੋਰ ਸਟਾਫ਼ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰਨਾ ਪੈਂਦਾ ਹੈ। ਇਸ ਕੰਮ ਲਈ ਪੱਕੇ ਮੁਲਾਜ਼ਮਾਂ ਦੀ ਲੋੜ ਹੈ ਕਿਉਂਕਿ ਕੱਚੇ ਕਰਮਚਾਰੀਆਂ ਨੂੰ ਮਹਿਜ਼ 10 ਕੁ ਹਜ਼ਾਰ ਤਨਖ਼ਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਹਾਲੀ ਵਰਗੇ ਵੀਆਈਪੀ ਸ਼ਹਿਰ ਦਾ ਇਹ ਹਾਲ ਹੈ ਤਾਂ ਬਾਕੀ ਸ਼ਹਿਰਾਂ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਮੁਹਾਲੀ ਦੇ ਫਾਇਰ ਅਫ਼ਸਰ ਜਸਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਰਕਾਰ ਪੱਧਰ ’ਤੇ ਰੈਗੂਲਰ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ ਹੈ ਪ੍ਰੰਤੂ ਸਟਾਫ਼ ਦੀ ਘਾਟ ਦੇ ਬਾਵਜੂਦ ਮੌਜੂਦਾ ਸਟਾਫ਼ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਿਹਾ ਹੈ। ਐਮਰਜੈਂਸੀ ਪੈਣ ’ਤੇ ਛੁੱਟੀ ਵਾਲੇ ਸਟਾਫ਼ ਨੂੰ ਵੀ ਘਰੋਂ ਦਫ਼ਤਰ ਸੱਦ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਬਹੁਮੰਜ਼ਲਾਂ ਇਮਾਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ 90 ਮੀਟਰ ਉੱਚਾਈ ਤੱਕ ਮਾਰ ਕਰਨ ਵਾਲੀ ਹਾਈਡ੍ਰੋਲਿਕ ਮਸ਼ੀਨ ਖ਼ਰੀਦ ਕੇ ਦੇਣ ਲਈ ਗਮਾਡਾ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਦੋ ਯਾਦ ਪੱਤਰ ਵੀ ਲਿਖੇ ਜਾ ਚੁੱਕੇ ਹਨ। ਭੰਗੂ ਨੇ ਦੱਸਿਆ ਕਿ ਮੁਹਾਲੀ ਏਅਰਪੋਰਟ ਸਾਈਡ ਇੱਕ ਹੋਰ ਨਵਾਂ ਤੀਜਾ ਫਾਇਰ ਬ੍ਰਿਗੇਡ ਦਫ਼ਤਰ ਬਣਾਉਣ ਦੀ ਤਜਵੀਜ਼ ਹੈ।