nabaz-e-punjab.com

ਬਿਨਾਂ ਨੰਬਰ ਪਲੇਟ ਦੇ ਘੁੰਮ ਰਹੀਆਂ ਹਨ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਾਉਣ ਵਾਲੀਆਂ ਗੱਡੀਆਂ

ਜੇਕਰ ਕੋਈ ਹਾਦਸਾ ਹੋਇਆ ਤਾਂ ਗੱਡੀ ਦੀ ਪਛਾਣ ਤੱਕ ਹੋਵੇਗੀ ਅੌਖੀ, ਟਰੈਫ਼ਿਕ ਪੁਲੀਸ ਨੇ ਅੱਖਾਂ ਫੇਰੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ
ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਹਿਲਾਂ ਲੱਗੀਆਂ ਸਟਰੀਟ ਲਾਈਟਾਂ ਦੀ ਥਾਂ ’ਤੇ ਨਵੀਆਂ ਐਲਈਡੀ ਲਾਈਟਾਂ ਲਗਾਉਣ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਨਗਰ ਨਿਗਮ ਵਲੋੱ ਮੁੰਬਈ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਜਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਐਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਵੀ ਪੂਰੀ ਤੇਜੀ ਨਾਲ ਚਲਾਇਆ ਜਾ ਰਿਹਾ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੀਆਂ 20 ਹਜ਼ਾਰ ਦੇ ਕਰੀਬ ਸਟ੍ਰੀਟ ਲਾਈਟਾਂ ਦੀ ਥਾਂ ਤੇ ਐਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਮੁੰਬਈ ਦੀ ਜਿਸ ਕੰਪਨੀ ਨੂੰ ਦਿੱਤਾ ਗਿਆ ਹੈ ਉਸ ਵਲੋੱ ਇਹ ਕੰਮ ਜੂਨ ਦੇ ਅਖੀਰ ਵਿੱਚ ਖਤਮ ਕੀਤਾ ਜਾਣਾ ਸੀ ਪ੍ਰੰਤੂ ਮਾਨਸੂਨ ਦੇ ਮੌਸਮ ਕਾਰਨ ਇਹ ਕੰਮ ਪ੍ਰਭਾਵਿਤ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਹੁਣ ਦੋ ਤੋੱ ਤਿੰਨ ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ।
ਇੱਥੋੱ ਤਕ ਤਾਂ ਸਭ ਕੁੱਝ ਠੀਕ ਹੈ ਪਰੰਤੂ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦੀ ਥਾਂ ਤੇ ਐਲਈਡੀ ਲਾਈਟਾਂ ਫਿਟ ਕਰਨ ਲਈ ਉਕਤ ਕੰਪਨੀ ਵੱਲੋਂ ਜਿਹੜੀਆਂ ਗੱਡੀਆਂ (ਕ੍ਰੇਨਾਂ) ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਉਹਨਾਂ ਤੇ ਲੱਗੀਆਂ ਨੰਬਰ ਪਲੇਟਾਂ ਤੇ ਕੋਈ ਨੰਬਰ ਨਹੀਂ ਲਿਖਿਆ ਗਿਆ ਹੈ। ਇਹਨਾਂ ਗੱਡੀਆਂ ਦੇ ਅਗਲੇ ਪਾਸੇ ਬੰਪਰ ਤੇ ਇੱਕ ਪੀਲੇ ਰੰਗ ਦਾ ਕਾਗਜ ਜਰੂਰ ਲੱਗਿਆ ਹੈ ਜਿਸ ਉੱਤੇ ਐਮਐਚ 04 ਲਿਖਿਆ ਹੋਇਆ ਹੈ ਅਤੇ ਬਾਕੀ ਦੇ ਨੰਬਰ ਦੀ ਥਾਂ ਖਾਲੀ ਪਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਗੱਡੀਆਂ ਦੇ ਡ੍ਰਾਈਵਰਾਂ ਕੋਲ ਇਹਨਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਕਾਗਜਾਤ ਵੀ ਉਪਲਬਧ ਨਹੀਂ ਹਨ। ਇਹ ਸਾਰੀਆਂ ਗੱਡੀਆਂ ਇੰਨ ਬਿੰਨ ਇੱਕ ਵਰਗੀਆਂ ਹਨ ਅਤੇ ਇਹਨਾਂ ਸਾਰੀਆਂ ਤੇ ਹੀ ਕਿਸੇ ਮਨਿਆਰ ਕੰਪਨੀ ਦਾ ਨਾਮ ਅਤੇ ਉਸ ਦੀ ਵੈਬਸਾਈਟ ਦਾ ਪਤਾ ਮੋਟੇ ਅੱਖਰਾਂ ਵਿੱਚ ਛਪਿਆ ਹੋਇਆ ਹੈ। ਇਸਦੇ ਨਾਲ ਨਾਲ ਇਹਨਾਂ ਗੱਡੀਆਂ ਦੇ ਅਗਲੇ ਹਿੱਸੇ ਤੇ ਮੋਟੇ ਅੱਖਰਾਂ ਵਿੱਚ ਆਨ ਡਿਊਟੀ ਐਮ ਸੀ ਮੁਹਾਲੀ ਵੀ ਲਿਖਿਆ ਹੋਇਆ ਹੈ।
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਇਸ ਸੰਬੰਧੀ ਕਹਿੰਦੇ ਹਨ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਵੀ ਵੱਧ ਸਮੇਂ ਤੋੱ ਐਲ ਈ ਡੀ ਲਗਾਉਣ ਵਾਲੀਆਂ ਇਹ ਅੱਧਾ ਦਰਜਨ ਦੇ ਕਰੀਬ ਗੱਡੀਆਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੀਆਂ ਹਨ ਪਰੰਤੂ ਹੁਣ ਤਕ ਟ੍ਰੈਫਿਕ ਪੁਲੀਸ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਕਰਨੀ ਤਾਂ ਦੂਰ ਇਸ ਪਾਸੇ ਕਿਸੇ ਵੱਲੋਂ ਧਿਆਨ ਤਕ ਨਹੀਂ ਦਿੱਤਾ ਗਿਆ ਕਿ ਜੇਕਰ ਅਚਾਨਕ ਇਹਨਾਂ ਵਿੱਚੋਂ ਕਿਸੇ ਇੱਕ ਗੱਡੀ ਨਾਲ ਅਚਾਨਕ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਗੱਡੀ ਦੀ ਪਹਿਚਾਨ ਕਿਵੇੱ ਹੋਵੇਗੀ ਕਿਉੱਕਿ ਇਹ ਸਾਰੀਆਂ ਹੀ ਗੱਡੀਆਂ ਇੰਨ ਬਿੰਨ ਇੱਕ ਵਰਗੀਆਂ ਹਨ ਅਤੇ ਕਿਸੇ ਹਾਦਸੇ ਤੋੱ ਬਾਅਦ ਇਹਨਾਂ ਦੀ ਪਹਿਚਾਨ ਤਕ ਨਹੀਂ ਕੀਤੀ ਜਾ ਸਕਦੀ ਫਿਰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣ ਦੀ ਗੱਲ ਤਾਂ ਦੂਰ ਹੈ।
ਉਹ ਕਹਿੰਦੇ ਹਨ ਕਿ ਉੱਝ ਤਾਂ ਟ੍ਰੈਫਿਕ ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਨਾਂ ਦੇ ਕਾਗਜਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਦੇ ਚਾਲਾਨ ਵੀ ਕੱਟੇ ਜਾਂਦੇ ਹਨ ਪਰੰਤੂ ਪਿਛਲੇ ਛੇ ਮਹੀਨਿਆਂ ਤੋੱ ਸ਼ਹਿਰ ਵਿੱਚ ਨਗਰ ਨਿਗਮ ਦਾਨਾਮ ਵਰਤ ਕੇ ਬਿਨਾ ਨੰਬਰ ਪਲੇਟਾਂ ਤੋੱ ਗੱਡੀਆਂ ਚਲਾਉਣ ਦੀ ਇਸ ਕਾਰਵਾਈ ਦਾ ਟ੍ਰੈਫਿਕ ਪੁਲੀਸ ਵਲੋੱ ਨੋਟਿਸ ਤਕ ਨਹੀਂ ਲਿਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਵਲੋੱ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਤੇ ਐਲ ਈ ਡੀ ਲਾਈਟਾਂ ਲਗਵਾਉਣ ਵਾਲੀ ਕੰਪਨੀ ਈ ਸਮਾਰਟ ਦੇ ਪ੍ਰੋਜੈਕਟ ਇੰਜਨੀਅਰ ਸ੍ਰੀ ਅਜੀਤ ਨੇ ਮੰਨਿਆ ਕਿ ਉਹਨਾਂ ਦੀਆਂ ਤਿੰਨ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਹੁਣੇ ਮੁਕੰਮਲ ਨਹੀਂ ਹੈ ਜਿਸ ਕਾਰਨ ਇਹਨਾਂ ਗੱਡੀਆਂ ਦੇ ਨੰਬਰ ਨਹੀਂ ਲੱਗੇ ਹਨ। ਉਹਨਾਂ ਸਫਾਈ ਦਿੱਤੀ ਕਿ ਕੰਪਨੀ ਵੱਲੋਂ ਇਹਨਾਂ ਤਿੰਨ ਗੱਡੀਆਂ ਦੀ ਰਜਿਸਟ੍ਰੇਸ਼ਨ ਅਪਲਾਈ ਕੀਤੀ ਹੋਈ ਹੈ। ਇਹ ਪੁੱਛਣ ਤੇ ਕਿ ਗੱਡੀਆਂ ਦੇ ਟੈਂਪਰੇਰੀ ਨੰਬਰ ਤਾਂ ਲਿਖੇ ਜਾ ਸਕਦੇ ਹਨ, ਉਹਨਾਂ ਕਿਹਾ ਕਿ ਉਹ ਅੱਜ ਹੀ ਇਹ ਟੈਂਪਰੇਰੀ ਨੰਬਰ ਲਿਖਵਾ ਦੇਣਗੇ।

Load More Related Articles
Load More By Nabaz-e-Punjab
Load More In Traffic

Check Also

ਐਸਐਸਪੀ ਵੱਲੋਂ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਦਾ ਤਬਾਦਲਾ

ਐਸਐਸਪੀ ਵੱਲੋਂ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਦਾ ਤਬਾਦਲਾ 8 ਥਾਣਿਆਂ ਦੇ ਮੁੱਖ ਅਫਸਰਾਂ ਅਤੇ 1 ਚੌਂਕੀ ਇੰਚਾਰਜ…