ਮੁਹਾਲੀ ਵਿੱਚ ਬਜ਼ੁਰਗ ਅੌਰਤ ਵੱਲੋਂ ਖ਼ੁਦਕੁਸ਼ੀ, ਬਾਥਰੂਮ ’ਚੋਂ ਮਿਲੀ ਅੱਗ ਨਾਲ ਸੜੀ ਲਾਸ਼

ਸਥਾਨਕ ਫੇਜ਼-3ਬੀ2 ਵਿੱਚ ਆਪਣੀ ਸਭ ਤੋਂ ਛੋਟੀ ਧੀ ਦੇ ਘਰ ਰਹਿੰਦੀ ਸੀ ਬਜ਼ੁਰਗ ਅੌਰਤ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਇੱਥੋਂ ਦੇ ਫੇਜ਼-3ਬੀ2 ਵਿੱਚ ਲੰਘੀ ਰਾਤ ਇਕ ਬਜ਼ੁਰਗ ਅੌਰਤ ਨੇ ਕਥਿਤ ਤੌਰ ’ਤੇ ਖ਼ੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਅੌਰਤ ਦੀ ਪਛਾਣ ਅਮਰਜੀਤ ਕੌਰ (78) ਪਤੀ ਅਵਤਾਰ ਸਿੰਘ ਵਜੋਂ ਹੋਈ ਹੈ। ਉਹ ਇੱਥੇ ਆਪਣੀ ਸਭ ਤੋਂ ਛੋਟੀ ਬੇਟੀ ਕੰਵਲਜੀਤ ਕੌਰ ਦੇ ਸਹੁਰੇ ਘਰ ਵਿੱਚ ਰਹਿੰਦੀ ਸੀ। ਪਿੱਛੋਂ ਉਹ ਕਰਨਾਲ (ਹਰਿਆਣਾ) ਦੀ ਰਹਿਣ ਵਾਲੀ ਸੀ। ਬਜ਼ੁਰਗ ਅੌਰਤ ਦੀ ਲਾਸ਼ ਘਰ ਦੇ ਬਾਥਰੂਮ ’ਚੋਂ ਮਿਲੀ, ਜੋ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜੀ ਹੋਈ ਸੀ।
ਸੂਚਨਾ ਮਿਲਦੇ ਹੀ ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਤੜਕੇ ਕਰੀਬ ਸਾਢੇ 3 ਵਜੇ ਬਜ਼ੁਰਗ ਅੌਰਤ ਨੇ ਬਾਥਰੂਮ ਵਿੱਚ ਖ਼ੁਦ ਨੂੰ ਅੱਗ ਲਗਾ ਲਈ ਸੀ। ਪੁਲੀਸ ਅਨੁਸਾਰ ਬਜ਼ੁਰਗ ਅੌਰਤ ਦੇ ਪਤੀ ਅਵਤਾਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਤੀ ਦੀ ਮੌਤ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਰਹਿੰਦੀ ਸੀ ਅਤੇ ਉਸ ਦਾ ਪ੍ਰਾਈਵੇਟ ਡਾਕਟਰ ਤੋਂ ਇਲਾਜ ਵੀ ਚਲ ਰਿਹਾ ਸੀ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।
ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਮੁੱਢਲੀ ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਕਿ ਬਜ਼ੁਰਗ ਅੌਰਤ ਨੇ ਡਿਪਰੈਸ਼ਨ ਦੇ ਚੱਲਦਿਆਂ ਖ਼ੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕੀਤੀ ਹੈ। ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਅੱਜ ਤੜਕੇ ਸਵੇਰੇ ਲਗਭਗ ਸਾਢੇ 3 ਵਜੇ ਵਾਪਰੀ ਦੱਸੀ ਜਾ ਰਹੀ ਹੈ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਬਜ਼ੁਰਗ ਦੀ ਬੇਟੀ ਕੰਵਲਦੀਪ ਕੌਰ ਅਤੇ ਜਵਾਈ ਰਤਨ ਸਿੰਘ ਦੂਜੇ ਕਮਰੇ ਵਿੱਚ ਸੁੱਤੇ ਪਏ ਸੀ। ਇਸ ਦੌਰਾਨ ਬਜ਼ੁਰਗ ਅੌਰਤ ਨੇ ਬਾਥਰੂਮ ਵਿੱਚ ਜਾ ਕੇ ਆਤਮ ਹੱਤਿਆ ਕਰ ਲਈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਅੌਰਤ ਦੇ ਲੱਕ ਤੋਂ ਹੇਠਲਾ ਹਿੱਸਾ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਹ ਚੱਲਣ ਫਿਰਨ ਤੋਂ ਅਸਮਰੱਥ ਸੀ। ਅਜਿਹੇ ਵਿੱਚ ਉਸ ਵੱਲੋਂ ਬਾਥਰੂਮ ਵਿੱਚ ਜਾ ਕੇ ਆਪਣੇ ’ਤੇ ਸਪਰੇਅ ਛਿੜਕ ਕੇ ਖ਼ੁਦ ਨੂੰ ਅੱਗ ਲਗਾਉਣ ਦੀ ਗੱਲ ਕਈ ਤਰ੍ਹਾਂ ਸ਼ੰਕੇ ਖੜ੍ਹੀ ਕਰਦੀ ਹੈ। ਇਸ ਸਬੰਧੀ ਪੁਲੀਸ ਨੇ ਮ੍ਰਿਤਕ ਅੌਰਤ ਦੀਆਂ ਤਿੰਨ ਬੇਟੀਆਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਮਟ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…