ਸੜਕ ਹਾਦਸੇ ਵਿੱਚ ਅੌਰਤ ਦੀ ਮੌਤ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 28 ਮਾਰਚ:
ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ-ਬਿੰਦਰਖ ਸੰਪਰਕ ਸੜਕ ‘ਤੇ ਨਦੀ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਅੌਰਤ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਟੱਪਰੀਆਂ ਦੇ ਵਸਨੀਕ ਹਰਬੰਸ ਸਿੰਘ ਆਪਣੀ ਪਤਨੀ ਨਾਲ ਕਿਸੇ ਵਿਆਹ ਵਿਚੋਂ ਵਾਪਸ ਆਪਣੇ ਘਰ ਫਤਿਹਪੁਰ ਟੱਪਰੀਆਂ ਜਾ ਰਹੇ ਸੀ ਤੇ ਜਦੋਂ ਖਿਜ਼ਰਾਬਾਦ ਨਦੀ ਨੇੜੇ ਪਹੁੰਚੇ ਤਾਂ ਟਰੱਕ ਨੰਬਰ ਪੀ. ਬੀ 23 ਟੀ-2460 ਦੀ ਲਪੇਟ ਵਿਚ ਆਉਣ ਕਾਰਨ ਮੋਟਰ ਸਾਈਕਲ ਦੇ ਪਿੱਛੇ ਬੈਠੀ ਹਰਬੰਸ ਸਿੰਘ ਦੀ ਪਤਨੀ ਸੁਖਪਾਲ ਕੌਰ ਹੇਠਾਂ ਡਿੱਗ ਗਈ ਅਤੇ ਟਰੱਕ ਦੇ ਪਿਛਲੇ ਟਾਇਰ ਉਸਦੇ ਸਿਰ ਉਪਰੋਂ ਦੀ ਲੰਘ ਗਏ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਪੁਲਿਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਲਾਸ਼ ਦਾ ਪੋਸਟ ਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਿਸ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਫਤਹਿਪੁਰ ਵਿੱਚ ਅੰਤਿਮ ਸਸਕਾਰ ਕੀਤਾ ਗਿਆ।