
ਲੋਹਗੜ੍ਹ ਵਿੱਚ ਅੌਰਤ ਦੀ ਸ਼ੱਕੀ ਹਾਲਤ ਵਿੱਚ ਮੌਤ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 17 ਜੂਨ:
ਇਥੋਂ ਦੇ ਲੋਹਗੜ੍ਹ ਖੇਤਰ ਵਿੱਚ ਇਕ ਅੌਰਤ ਦੀ ਕਮਰੇ ਵਿੱਚ ਸ਼ੱਕੀ ਹਾਲਤ ਵਿੱਚ ਲਾਸ਼ ਚੁੰਨੀ ਨਾਲ ਲਮਕਦੀ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ 28 ਸਾਲਾ ਦੀ ਗੁਰਪ੍ਰੀਤ ਕੌਰ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸੂਚਨਾ ਮਿਲੀ ਸੀ ਕਿ ਲੋਹਗੜ੍ਹ ਸਥਿਤ ਸਕਾਈ ਨੈੱਟ ਸੁਸਾਇਟੀ ਦੇ ਨੇੜੇ ਇਕ ਸ਼ੋਅਰੂਮ ਦੇ ਉੱਪਰ ਬਣੇ ਕਮਰੇ ਵਿੱਚ ਬਦਬੂ ਆ ਰਹੀ ਹੈ। ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਦਰਵਾਜਾ ਦੀ ਕੁੰਡੀ ਤੋੜ ਕੇ ਕਮਰਾ ਖੋਲ੍ਹਿਆ ਗਿਆ ਤਾਂ ਅੰਦਰ ਉੱਥੇ ਰਹਿੰਦੀ ਅੌਰਤ ਦੀ ਲਾਸ਼ ਚੁੰਨੀ ਨਾਲ ਲਮਕ ਰਹੀ ਸੀ।
ਅੌਰਤ ਵੱਲੋਂ ਗਲ ਫਾਹਾ ਲਿਆ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਅੌਰਤ ਤਲਾਕਸ਼ੁਦਾ ਸੀ ਜੋ ਲੰਘੇ ਛੇ ਮਹੀਨੇ ਤੋਂ ਇੱਥੇ ਕਿਰਾਏ ’ਤੇ ਰਹਿੰਦੀ ਸੀ। ਅੌਰਤ ਦੇ ਦੋ ਵਿਆਹ ਹੋਏ ਸੀ ਦੋਵਾਂ ਤੋਂ ਤਲਾਕ ਹੋ ਗਿਆ ਸੀ। ਉਸ ਦੀ ਪਹਿਲੇ ਵਿਆਹ ਤੋਂ ਇਕ ਕੁੜੀ ਵੀ ਹੈ ਜੋ ਉਸ ਦੀ ਜ਼ੀਰਕਪੁਰ ਵਸਨੀਕ ਮਾਂ ਕੋਲ ਰਹਿੰਦੀ ਹੈ। ਪੁਲੀਸ ਨੂੰ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਨਹੀ ਮਿਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕਾ ਅੌਰਤ ਚੰਡੀਗੜ੍ਹ ਦੇ ਸੈਕਟਰ-34 ਵਿੱਚ ਨਿੱਜੀ ਨੌਕਰੀ ਕਰਦੀ ਸੀ।