Nabaz-e-punjab.com

ਮੁਹਾਲੀ ਦੀ 37 ਸਾਲਾ ਅੌਰਤ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਆਪਣੇ ਘਰ ਪਰਤੀ

ਗਿਆਨ ਸਾਗਰ ਹਸਪਤਾਲ ਦਾ ਪਹਿਲਾ ਮਰੀਜ਼ ਹੋਇਆ ਰਾਜ਼ੀ, ਹਸਪਤਾਲੋਂ ਮਿਲੀ ਛੁੱਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਦਾ ਪਹਿਲਾ ਮਰੀਜ਼ ਬਿਲਕੁਲ ਠੀਕ ਹੋ ਗਿਆ ਹੈ। ਜਿਸ ਨੂੰ ਅੱਜ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਆਈਸੋਲੇਸ਼ਨ ਕੇਂਦਰ ਦੇ ਨੋਡਲ ਅਫ਼ਸਰ ਡਾ. ਗੁਰਵਿੰਦਰ ਸਿੰਘ ਮਹਿੰਮੀ ਨੇ ਦੱਸਿਆ ਕਿ ਮੁਹਾਲੀ ਦੇ ਸੈਕਟਰ-69 ਦੀ 37 ਸਾਲਾ ਮਹਿਲਾ ਮਰੀਜ਼ ਨੂੰ 26 ਮਾਰਚ ਨੂੰ ਇਸ ਕੇਂਦਰ ਵਿੱਚ ਦਾਖ਼ਲ ਕੀਤਾ ਗਿਆ ਸੀ। ਇਸ ਅੌਰਤ ਦਾ ਪਤੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਸੀ ਜਿਸ ਨੂੰ ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚੋਂ ਛੁੱਟੀ ਦੇ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜੋੜਾ ਲੰਡਨ ਤੋਂ ਮੁੜਿਆ ਸੀ ਜਿਸ ਕਾਰਨ ਇਨ੍ਹਾਂ ਅੰਦਰ ਕਰੋਨਾਵਾਇਰਸ ਦੇ ਲੱਛਣ ਮਿਲੇ ਸਨ। ਉਨ੍ਹਾਂ ਦੱਸਿਆ ਕਿ ਗਿਆਨ ਸਾਗਰ ਹਸਪਤਾਲ ਵਿੱਚ ਰਾਜ਼ੀ ਹੋਣ ਵਾਲਾ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਰੀਜ਼ ਹੈ।
ਪੰਜਾਬ ਸਰਕਾਰ ਦੁਆਰਾ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਬਣਾਏ ਗਏ ਇਸ ਵਿਸ਼ੇਸ਼ ਆਈਸੋਲੇਸ਼ਨ ਕੇਂਦਰ ਵਿੱਚ ਜ਼ਿਲ੍ਹਾ ਮੁਹਾਲੀ ਦੇ 47 ਮਰੀਜ਼ ਦਾਖ਼ਲ ਹਨ। ਇਸ ਅੌਰਤ ਸਣੇ ਹੁਣ ਤੱਕ ਜ਼ਿਲ੍ਹਾ ਮੁਹਾਲੀ ਦੇ ਛੇ ਮਰੀਜ਼ ਠੀਕ ਹੋ ਕੇ ਆਪੋ-ਅਪਣੇ ਘਰੀਂ ਚਲੇ ਗਏ ਹਨ। ਡਾ. ਮਹਿਮੀ ਨੇ ਗਿਆਨ ਸਾਗਰ ਮੈਨੇਜਮੈਂਟ ਅਤੇ ਸਿਹਤ ਟੀਮਾਂ ਦਾ ਧਨਵਾਦ ਕੀਤਾ ਜਿਹੜੀਆਂ ਇਸ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਦੀ ਪੂਰੀ ਲਗਨ ਨਾਲ ਦੇਖਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਏ ਮਰੀਜ਼ ਨੂੰ ਫਿਲਹਾਲ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਉਸ ਨੂੰ 14 ਦਿਨਾਂ ਤਕ ਘਰ ਅੰਦਰ ਹੀ ਰਹਿਣ ਦੀ ਸਲਾਹ ਦਿਤੀ ਗਈ ਹੈ। ਹਸਪਤਾਲੋਂ ਛੁੱਟੀ ਮਿਲਣ ਤੋਂ ਉਕਤ ਅੌਰਤ ਨੇ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਦਾ ਪੂਰਾ ਖ਼ਿਆਲ ਰੱਖਿਆ ਅਤੇ ਬਿਹਤਰ ਤੇ ਮਿਆਰੀ ਇਲਾਜ ਕੀਤਾ।
ਇਸੇ ਦੌਰਾਨ ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ ਨੇ ਵੀ ਗਿਆਨ ਸਾਗਰ ਮੈਨੇਜਮੈਂਟ ਅਤੇ ਹਸਪਤਾਲ ਵਿਚ ਲਗਾਤਾਰ ਡਿਊਟੀ ਨਿਭਾ ਰਹੀਆਂ ਸਿਹਤ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੇਂਦਰ ਵਿੱਚ ਡਟੇ ਹੋਏ ਤਮਾਮ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਪ੍ਰਸ਼ੰਸਾ ਦੇ ਪਾਤਰ ਹਨ ਜਿਹੜੇ ਦਿਨ ਰਾਤ ਮਰੀਜ਼ਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਰਕਾਰੀ ਸਟਾਫ਼ ਤੋਂ ਇਲਾਵਾ ਗਿਆਨ ਸਾਗਰ ਹਸਪਤਾਲ ਦਾ ਸਟਾਫ਼ ਵੀ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਡਿਊਟੀ ਨਿਭਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…