
ਸੜਕ ਹਾਦਸੇ ਵਿੱਚ ਜ਼ਖ਼ਮੀ ਅੌਰਤ ਦੀ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਇੱਥੋਂ ਦੇ ਨਜ਼ਦੀਕੀ ਪਿੰਡ ਬਲੌਂਗੀ ਨੇੜੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਈ ਅੌਰਤ ਦੀ ਇਲਾਜ ਖੁਣੋਂ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੰਘੀ ਰਾਤ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇੱਕ ਬਜ਼ੁਰਗ ਅੌਰਤ ਸੜਕ ਪਾਰ ਕਰ ਰਹੀ ਸੀ ਕਿ ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਬੜੇ ਤਰਲੇ ਮਿੰਨਤਾਂ ਕਰਕੇ ਕਿਸੇ ਵਾਹਨ ਵਿੱਚ ਜ਼ਖ਼ਮੀ ਅੌਰਤ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਆਂਦਾ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਇਹ ਕਹਿ ਕੇ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਪੂਰੇ ਸਰਕਾਰੀ ਹਸਪਤਾਲ ਨੂੰ ਕੋਵਿਡ ਕੇਅਰ ਹਸਪਤਾਲ ਬਣਾ ਦਿੱਤਾ ਗਿਆ ਹੈ। ਇੱਥੇ ਸਿਰਫ਼ ਕੋਵਿਡ ਮਰੀਜ਼ਾਂ ਨੂੰ ਹੀ ਦਾਖ਼ਲ ਕੀਤਾ ਜਾਂਦਾ ਹੈ। ਲਿਹਾਜ਼ਾ ਉਹ ਆਪਣੇ ਮਰੀਜ਼ ਨੂੰ ਈਐਸਆਈ ਹਸਪਤਾਲ ਵਿੱਚ ਦਾਖ਼ਲ ਕਰਵਾਉਣ। ਪੀੜਤ ਪਰਿਵਾਰ ਹਾਲੇ ਐਮਰਜੈਂਸੀ ਬਲਾਕ ਦੇ ਬਾਹਰ ਐਂਬੂਲੈਂਸ ਅਤੇ ਕਿਸੇ ਮਦਦਗਾਰ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਏਨੇ ਵਿੱਚ ਜ਼ਖ਼ਮੀ ਅੌਰਤ ਨੇ ਦਮ ਤੋੜ ਦਿੱਤਾ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲੀਸ ਨੂੰ ਕਿਸੇ ਖ਼ਿਲਾਫ਼ ਸ਼ਿਕਾਇਤ ਨਹੀਂ ਦਿੱਤੀ ਹੈ। ਉਂਜ ਵੀ ਸੜਕ ਹਾਦਸੇ ਤੋਂ ਬਾਅਦ ਪਰਿਵਾਰ ਬਿਨਾਂ ਪੁਲੀਸ ਨੂੰ ਦੱਸੇ ਸਿੱਧੇ ਹੀ ਹਸਪਤਾਲ ਚਲੇ ਗਏ ਸੀ। ਪੁਲੀਸ ਨੂੰ ਨਾ ਹਸਪਤਾਲ ’ਚੋਂ ਰੁੱਕਾ ਆਇਆ ਅਤੇ ਨਾ ਹੀ ਪੀੜਤ ਪਰਿਵਾਰ ਨੇ ਹੁਣ ਤੱਕ ਕੋਈ ਸ਼ਿਕਾਇਤ ਹੀ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।