
ਚੰਡੀਗੜ੍ਹ ਰੈਫਰ ਕੀਤੀ ਅੌਰਤ ਨੇ ਰਸਤੇ ਵਿੱਚ ਦਿੱਤਾ ਨੰਨ੍ਹੇ ਮੁੰਨ੍ਹੇ ਬੱਚੀ ਨੂੰ ਜਨਮ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 5 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਬੱਦੀ ਦੇ ਹਸਪਤਾਲ ਵੱਲੋਂ ਸੈਕਟਰ 32 ਹਸਪਤਾਲ ਚੰਡੀਗੜ੍ਹ ਰੈਫਰ ਕੀਤੀ ਅੌਰਤ ਦੇ ਰਾਸਤੇ ਵਿੱਚ ਪ੍ਰਸੂਤ ਪੀੜਾਂ ਉੱਠ ਗਈਆਂ ਜਿਸ ਨੂੰ ਐਂਬੂਲੈਂਸ ਦੇ ਡਰਾਈਵਰ ਅਤੇ ਸਟਾਫ ਨੇ ਤੁਰੰਤ ਰਸਤੇ ਵਿਚ ਪੈਂਦੇ ਪੀ.ਐਚ.ਸੀ ਬੂਥਗੜ੍ਹ ਲਿਆਂਦਾ ਜਿਥੇ ਅੌਰਤ ਨੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਹਸਪਤਾਲ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਮਰੀਜ਼ ਪਹੁੰਚੀ, ਜਿਸ ਨੂੰ ਬੱਦੀ ਤੋਂ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਸੀ। ਉਕਤ ਅੌਰਤ ਦੇ ਸਫ਼ਰ ਦੌਰਾਨ ਰਾਸਤੇ ਵਿੱਚ ਪ੍ਰਸੂਤ ਪੀੜਾਂ ਤੇਜ਼ ਹੋ ਗਈਆਂ ਜਿਸ ਨੂੰ ਡਰਾਈਵਰ ਨੇ ਸੂਝਬੂਝ ਵਰਤਦਿਆਂ ਤੁਰੰਤ ਪੀ.ਐਸ.ਸੀ ਬੂਥਗੜ੍ਹ ਲਿਆਂਦਾ ਜਿੱਥੇ ਅੌਰਤਾਂ ਦੇ ਰੋਗਾਂ ਦੀ ਮਾਹਿਰ ਡਾ. ਅੰਚਲ ਨੇ ਪੀੜਤ ਅੌਰਤ ਨੂੰ ਤੁਰੰਤ ਸਾਂਭਿਆ ਅਤੇ ਉਸ ਦਾ ਇਲਾਜ਼ ਸ਼ੁਰੂ ਕਰ ਦਿੱਤਾ। ਹਸਪਤਾਲ ਅੰਦਰ ਕੁੱਝ ਹੀ ਮਿੰਟਾਂ ਬਾਅਦ ਅੌਰਤ ਨੇ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ। ਇਸ ਮੌਕੇ ਪੀੜਤ ਅੌਰਤ ਆਰਤੀ ਅਤੇ ਉਸਦੇ ਪਤੀ ਨਿਪਾਲ ਪ੍ਰਸਾਦ ਨੇ ਐਸ.ਐਮ.ਓ ਡਾ. ਮੁਲਤਾਨੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਮੇਂ ਸਿਰ ਪੀੜਤ ਅੌਰਤ ਨੂੰ ਸਾਂਭਦੇ ਹੋਏ ਉਸ ਦਾ ਇਲਾਜ਼ ਕੀਤਾ।