
ਇਸਤਰੀ ਅਕਾਲੀ ਦਲ ਵੱਲੋਂ ਮੁਹਾਲੀ ਹਲਕੇ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂ
ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ’ਤੇ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਸ਼੍ਰੋਮਣੀ ਅਕਾਲੀ ਦਲ (ਮਹਿੰਗਾ ਵਿੰਗ) ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਅੱਜ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਲੋਂ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦਾ ਰਸਮੀ ਆਗਾਜ਼ ਵੀਰਵਾਰ ਨੂੰ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ‘ਨਿੰਮ’ ਦਾ ਪੌਦਾ ਲਗਾ ਕੇ ਕੀਤਾ। ਇਸ ਮੁਹਿੰਮ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਬਲਾਕ ਸਮਿਤੀ ਦੀ ਸਾਬਕਾ ਮੈਂਬਰ ਬਲਬੀਰ ਕੌਰ ਬੈਦਵਾਨ ਨੇ ਕੀਤਾ ਅਤੇ ਪਿੰਡ ਵਿੱਚ ਵੱਖ-ਵੱਖ ਖਾਲੀ ਥਾਵਾਂ ’ਤੇ ਪੌਦੇ ਲਗਾਏ ਅਤੇ ਹੋਰਨਾਂ ਲੋਕਾਂ ਖਾਸ ਕਰਕੇ ਬੀਬੀਆਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਪੌਦੇ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਮੁਹਾਲੀ ਹਲਕੇ ਵਿੱਚ ਇਹ ਮੁਹਿੰਮ 21 ਜੁਲਾਈ ਤੱਕ ਜਾਰੀ ਰਹੇਗੀ। ਇਸ ਦੌਰਾਨ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਪੌਦੇ ਲਗਾਏ ਜਾਣਗੇ।
ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੈਸੇ ਤਾਂ ਸਾਰੇ ਹੀ ਪੌਦਿਆਂ ਦੀ ਪੂਰੀ ਮਹੱਤਤਾ ਹੈ ਪ੍ਰੰਤੂ ਨਿੰਮ ਵਰਗੇ ਮੈਡੀਕੇਟਿਡ ਪੌਦੇ ਲਗਾਉਣ ਦੀ ਕੁਝ ਖਾਸ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਨਿੰਮ ਦੇ ਪੌਦੇ ਅਜੋਕੇ ਸਮੇਂ ਵਿੱਚ ਅਲੋਪ ਹੁੰਦੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਦਿਨਾਂ ਵਿੱਚ ਪੌਦੇ ਲਗਾਉਣਾ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਮੌਸਮ ਵਿੱਚ ਪੌਦੇ ਉੱਗਦੇ ਹਨ। ਬੀਬੀ ਬਲਬੀਰ ਕੌਰ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਨੇ ਇਸ ਨੇਕ ਕੰਮ ਵਿੱਚ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਹਰਜਿੰਦਰ ਕੌਰ ਸੋਹਾਣਾ, ਬੀਬੀ ਕੁਲਦੀਪ ਕੌਰ, ਬੀਬੀ ਸੁਰਜੀਤ ਕੌਰ, ਬਲਜੀਤ ਕੌਰ, ਚਰਨਜੀਤ ਕੌਰ, ਜਸਵੀਰ ਕੌਰ, ਸਵਰਨ ਕੌਰ, ਰਿੰਪੀ ਸੋਹਾਣਾ ਅਤੇ ਇਸਤਰੀ ਵਿੰਗ ਦੀਆਂ ਵਰਕਰਾਂ ਹਾਜ਼ਰ ਸਨ।