
ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੇ ਨਿੰਬ ਤੇ ਅੰਬ ਦੇ ਬੂਟੇ ਲਗਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਸ਼੍ਰੋਮਣੀ ਅਕਾਲੀ ਦਲ (ਮਹਿੰਗਾ ਵਿੰਗ) ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਬੀਤੀ 16 ਜੁਲਾਈ ਨੂੰ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਦੇ ਤਹਿਤ ਪਿੰਡ ਸੋਹਾਣਾ ਵਿੱਚ ਸਮੇਤ ਹੋਰ ਵੱਖ-ਵੱਖ ਖਾਲੀ ਥਾਵਾਂ ’ਤੇ ਨਿੰਬ ਅਤੇ ਅੰਬ ਦੇ ਬੂਟੇ ਲਗਾਏ ਅਤੇ ਹੋਰਨਾਂ ਲੋਕਾਂ ਖਾਸ ਕਰਕੇ ਬੀਬੀਆਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਪੌਦੇ ਲਗਾਉਣ ਲਈ ਪ੍ਰੇਰਿਆ। ਇਸ ਮੁਹਿੰਮ ਦਾ ਉਦਘਾਟਨ ਜ਼ਿਲ੍ਹਾ ਇਸਤਰੀ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੀ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਨਿੰਬ ਦਾ ਇਕ ਬੂਟਾ ਲਗਾ ਕੇ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਥਾਵਾਂ ’ਤੇ ਵੀ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਜਾਣਗੇ।
ਇਸ ਮੌਕੇ ਸਾਬਕਾ ਅਕਾਲੀ ਕੌਂਸਲਰ ਕਮਲਜੀਤ ਕੌਰ, ਸਾਬਕਾ ਪੰਚ ਪੂਨਮ ਬੈਦਵਾਨ, ਸ੍ਰੀਮਤੀ ਮਧੂਬਾਲਾ, ਮਨਜੀਤ ਕੌਰ, ਜਸਵੀਰ ਕੌਰ, ਬਲਜੀਤ ਕੌਰ ਅਤੇ ਨੰਬਰਦਾਰ ਹਰਸੰਗਤ ਸਿੰਘ ਵੀ ਹਾਜ਼ਰ ਸਨ। ਇਨ੍ਹਾਂ ਬੀਬੀਆਂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਇਨ੍ਹਾਂ ਪੌਦਿਆਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਵੇਗੀ ਅਤੇ ਇਲਾਕੇ ਦੀਆਂ ਹੋਰਨਾਂ ਬੀਬੀਆਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਜਾ ਕੇ ਰੁੱਖ ਲਗਾਓ ਅਤੇ ਵਾਤਾਵਰਨ ਬਚਾਓ ਦਾ ਹੋਕਾ ਦਿੱਤਾ ਜਾਵੇਗਾ।