Nabaz-e-punjab.com

ਪਿੰਡ ਮਨੌਲੀ ਵਿੱਚ ਸਰਪੰਚੀ ਦੀ ਚੋਣ ਲੜ ਰਹੀ ਮਹਿਲਾ ਉਮੀਦਵਾਰ ਨੂੰ ਨਹੀਂ ਦਿੱਤਾ ਚੋਣ ਨਿਸ਼ਾਨ

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਇਸ਼ਾਰੇ ’ਤੇ ਕਾਗਜ਼ ਰੱਦ ਕਰਨ ਦੇ ਦੋਸ਼

ਏਡੀਸੀ ਮੁਹਾਲੀ ਬੈਂਸ ਰਾਹੀਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਭੇਜੀ ਲਿਖਤੀ ਸ਼ਿਕਾਇਤ, ਚੋਣ ਨਿਸ਼ਾਨ ਅਲਾਟ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਕਾਗਜ਼ ਭਰਨ ਵਾਲੇ ਸਰਕਾਰੀ ਦਫ਼ਤਰਾਂ ਵਿਚ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਹੇਠਾਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਦੌਰ ਸ਼ਰੇਆਮ ਚੱਲ ਰਿਹਾ ਹੈ। ਜ਼ਿਲ੍ਹਾ ਮੁਹਾਲੀ ਦੇ ਬਲਾਕ ਖਰੜ ਅਧੀਨ ਆਉਂਦੇ ਪਿੰਡ ਮਨੌਲੀ ਤੋਂ ਸਰਪੰਚੀ ਦੀ ਚੋਣ ਲੜ ਰਹੀ ਸਾਬਕਾ ਸਰਪੰਚ ਦੀ ਪਤਨੀ ਪਰਵਿੰਦਰ ਕੌਰ ਵੀ ਇਸੇ ਸਿਆਸੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਗਈ ਹੈ। ਅੱਜ ਇਥੇ ਫੇਜ਼-5 ਸਥਿਤ ਦਾਵਤ ਹੋਟਲ ਵਿੱਚ ਆਯੋਜਿਤ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਕੌਰ ਨੇ ਸਰਕਾਰੀ ਅਧਿਕਾਰੀਆਂ ਦੀ ਧੱਕੇਸ਼ਾਹੀ ਬਾਰੇ ਜਾਣਕਾਰੀ ਦਿੱਤੀ। ਅੱਜ ਇੱਥੇ ਪ੍ਰੈਸ ਕਾਨਫਰੰਸ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿਚ ਹੋਈ ਇਸ ਕਾਨਫ਼ਰੰਸ ਵਿਚ ਕਾਂਗਰਸ ਸਰਕਾਰ ਦੇ ਰਾਜ ਵਿਚ ਪੰਚਾਇਤੀ ਚੋਣ ਪ੍ਰਕਿਰਿਆ ਵਿੱਚ ਹੋ ਰਹੀ ਧੱਕੇਸ਼ਾਹੀ ਦਾ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਰਾਜ ਦੇਣ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੀ ਪੰਚਾਇਤੀ ਚੋਣਾਂ ਵਿਚ ਗੁੰਡਾਗਰਦੀ ’ਤੇ ਉਤਰ ਆਈ ਹੈ। ਕਾਂਗਰਸ ਦੀ ਇਸੇ ਗੁੰਡਾਗਰਦੀ ਦਾ ਜਵਾਬ ਪੰਜਾਬ ਦੇ ਲੋਕੀਂ ਇਨ੍ਹਾਂ ਪੰਚਾਇਤੀ ਚੋਣਾਂ ਵਿਚ ਹੀ ਦੇ ਦੇਣਗੇ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਬਲਵਿੰਦਰ ਸਿੰਘ ਕੁੰਭੜਾ, ਐਡਵੋਕੇਟ ਬਲਦੇਵ ਸਿੰਘ ਸਿੱਧੂ, ਸਾਬਕਾ ਸਰਪੰਚ ਅਵਤਾਰ ਸਿੰਘ ਮਨੌਲੀ ਅਤੇ ਹੋਰ ਕਈ ਪਤਵੰਤਿਆਂ ਨੂੰ ਨਾਲ ਲੈ ਕੇ ਬੀਬੀ ਪਰਵਿੰਦਰ ਕੌਰ ਵੱਲੋਂ ਏਡੀਸੀ ਮੁਹਾਲੀ ਰਾਹੀਂ ਪੰਜਾਬ ਰਾਜ ਚੋਣ ਕਮਿਸ਼ਨਰ ਦੇ ਨਾਂ ਇੱਕ ਲਿਖਤੀ ਪੱਤਰ ਭੇਜ ਕੇ ਇਨਸਾਫ਼ ਦੀ ਮੰਗ ਵੀ ਕੀਤੀ ਗਈ।
ਏਡੀਸੀ ਮੁਹਾਲੀ ਨੂੰ ਸੌਂਪੀ ਗਈ ਲਿਖਤੀ ਸ਼ਿਕਾਇਤ ਵਿੱਚ ਬੀਬੀ ਪਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਖਰੜ ਸਥਿਤ ਦਫ਼ਤਰ ਵਿੱਚ ਚੋਣਾਂ ਸਬੰਧੀ ਕਾਗਜ਼ ਭਰੇ ਸਨ ਅਤੇ ਰਮਨਪ੍ਰੀਤ ਕੌਰ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ ਗਏ ਸਨ। ਇਹ ਕਾਗਜ਼ 20 ਦਸੰਬਰ ਨੂੰ ਚੈੱਕ ਕੀਤੇ ਗਏ ਜੋ ਕਿ ਠੀਕ ਪਾਏ ਗਏ ਸਨ। ਉਸ ਤੋਂ ਬਾਅਦ 21 ਦਸੰਬਰ ਨੂੰ ਰਾਤੀਂ ਸਾਢੇ 10 ਵਜੇ ਤੱਕ ਰਿਟਰਨਿੰਗ ਅਫ਼ਸਰ ਹਰਭਜਨ ਸਿੰਘ ਨੇ ਉਸ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਜਦਕਿ ਬਾਕੀ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਸਨ। ਉਸ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਰਾਤੀਂ 11 ਵਜੇ ਰਿਟਰਨਿੰਗ ਅਫ਼ਸਰ ਵੱਲੋਂ ਦਫ਼ਤਰ ਦੇ ਬਾਹਰ ਚੋਣ ਨਿਸ਼ਾਨਾਂ ਸਮੇਤ ਲਗਾਈ ਗਈ ਲਿਸਟ ਵਿੱਚ ਉਸ ਦਾ ਨਾਂ ਹੀ ਗਾਇਬ ਕਰ ਦਿੱਤਾ।
ਰਿਟਰਨਿੰਗ ਅਫ਼ਸਰ ਨੂੰ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਉਸ ਉੱਤੇ ਮੰਤਰੀ ਦਾ ਸਿਆਸੀ ਦਬਾਅ ਹੈ ਅਤੇ ਏਨਾ ਕਹਿ ਕੇ ਉਹ ਉੱਥੋਂ ਚਲਾ ਗਿਆ। ਬੀਬੀ ਪਰਵਿੰਦਰ ਕੌਰ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਧੂ ਦੇ ਸਿਆਸੀ ਦਬਾਅ ਹੇਠਾਂ ਉਸ ਦੇ ਕਾਗਜ਼ ਰੱਦ ਕੀਤੇ ਗਏ। ਉਨ੍ਹਾਂ ਇਹ ਵੀ ਦੱਸਿਆ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਦਬਾਅ ਹੇਠਾਂ ਉਸ ਦੇ ਪਤੀ ਅਵਤਾਰ ਸਿੰਘ ਮਨੌਲੀ (ਸਾਬਕਾ ਸਰਪੰਚ) ਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ ਸਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੋਣ ਕਮਿਸ਼ਨ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਮੰਤਰੀ ਦੀ ਧੱਕੇਸ਼ਾਹੀ ਤੁਰੰਤ ਬੰਦ ਕਰਕੇ ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ। ਇਸ ਮੌਕੇ ਮਲਕੀਤ ਸਿੰਘ, ਅਮਰਨਾਥ, ਬਲਜਿੰਦਰ ਸਿੰਘ, ਸਤਿੰਦਰ ਕੌਰ, ਮਨਦੀਪ ਕੌਰ, ਕਮਲੇਸ਼ ਕੌਰ, ਰਾਮ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …