Nabaz-e-punjab.com

ਮਹਿਲਾ ਕਮਿਸ਼ਨ ਦੀ ਮੁਖੀ ਨੇ ਮੰਦਰ ਵਿੱਚ ਅੌਰਤਾਂ ਦੇ ਪਖਾਨੇ ਨੂੰ ਲੱਗਿਆ ਤਾਲਾ ਖੁਲ੍ਹਵਾਇਆ

ਮਟੌਰ ਮੰਦਰ ਦੇ ਪ੍ਰਧਾਨ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਕਮਿਸ਼ਨ ਦਫ਼ਤਰ ਵਿੱਚ ਕੀਤਾ ਤਲਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਸੋਮਵਾਰ ਨੂੰ ਇੱਥੋਂ ਦੇ ਸੈਕਟਰ-70 ਸਥਿਤ ਸ੍ਰੀ ਸਤਿ ਨਰਾਇਣ ਮੰਦਰ ਮਟੌਰ ਦਾ ਦੌਰਾ ਕਰਕੇ ਮਹਿਲਾ ਮੰਡਲ, ਸਤਿ ਨਰਾਇਣ ਮੰਦਰ ਮਟੌਰ ਦੇ ਮੈਂਬਰ ਅੌਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਹਿਲਾ ਮੰਡਲ ਦੀ ਪ੍ਰਧਾਨ ਸ੍ਰੀਮਤੀ ਦਇਆਵੰਤੀ ਬਾਂਸਲ ਅਤੇ ਮੀਤ ਪ੍ਰਧਾਨ ਆਭਾ ਬਾਂਸਲ ਵੱਲੋਂ ਸ੍ਰੀ ਸਨਾਤਨ ਧਰਮ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ’ਤੇ ਅੌਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਅੌਰਤਾਂ ਦੀ ਸਹੂਲਤ ਲਈ ਬਣਾਏ ਗਏ ਪਖਾਨਿਆਂ ਨੂੰ ਤਾਲਾ ਲਗਾਉਣ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਗੁਹਾਰ ਲਗਾਈ। ਅੌਰਤਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਮਹਿਲਾ ਕਮਿਸ਼ਨ ਦੀ ਮੁਖੀ ਨੇ ਮੰਦਰ ਕਮੇਟੀ ਦੇ ਪ੍ਰਧਾਨ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਭਲਕੇ 7 ਜਨਵਰੀ ਨੂੰ ਆਪਣੇ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੌਰਤਾਂ ਨਾਲ ਜ਼ਿਆਦਤੀਆਂ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਕਸੂਰਵਾਰਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਮੌਕੇ ’ਤੇ ਮੌਜੂਦ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੂੰ ਮਟੌਰ ਮੰਦਰ ਵਿੱਚ ਮਹਿਲਾ ਮੰਡਲ ਦੀਆਂ ਅੌਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਅਤੇ ਮੰਦਰ ਕੰਪਲੈਕਸ ਵਿੱਚ ਅੌਰਤਾਂ ਦੇ ਪਖਾਨਿਆਂ ਨੂੰ ਲੱਗਿਆ ਤਾਲਾ ਆਪਣੀ ਹਾਜ਼ਰੀ ਵਿੱਚ ਖੁਲ੍ਹਵਾਇਆ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਮੰਦਰ ਦੀ ਨਵੀਂ ਪ੍ਰਬੰਧਕ ਕਮੇਟੀ ਵਿੱਚ ਅੌਰਤਾਂ ਨੂੰ 50 ਫੀਸਦੀ ਨੁਮਾਇੰਦਗੀ ਦਿਵਾਈ ਜਾਵੇਗੀ ਤਾਂ ਜੋ ਅੌਰਤਾਂ ਨਾਲ ਸਬੰਧਤ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ।
ਇਸ ਮੌਕੇ ਮਹਿਲਾ ਮੰਡਲ ਦੀ ਖ਼ਜ਼ਾਨਚੀ ਇੰਦੂ ਵਰਮਾ, ਸਕੱਤਰ ਮੰਜੂ ਪਾਠਕ ਅਤੇ ਹੋਰ ਮੈਂਬਰਾਂ ਪ੍ਰੋਮਿਲਾ ਗਰਗ, ਸੁਦੇਸ਼ ਖੰਨਾ, ਊਸ਼ਾ ਦੇਵੀ, ਸੀਤਾ ਦੇਵੀ, ਮੀਨੂ ਗੋਇਲ, ਗੀਤਾ ਸ਼ਰਮਾ ਅਤੇ ਰਾਜ ਕੱਕੜ ਮੌਜੂਦ ਸਨ। ਜਾਣਕਾਰੀ ਅਨੁਸਾਰ ਮਹਿਲਾ ਮੰਡਲ ਨੇ ਕਮਿਸ਼ਨ ਦੀ ਚੇਅਰਪਰਸਨ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੰਦਰ ਦੇ ਵਿਕਾਸ ਅਤੇ ਰੱਖ ਰਖਾਓ ਵਿੱਚ ਅੌਰਤਾਂ ਨੂੰ ਬਰਾਬਰ ਦੀ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ ਪ੍ਰੰਤੂ ਮੰਦਰ ਕਮੇਟੀ ਸਮੇਤ ਕੁਝ ਹੋਰ ਲੋਕ ਹਮੇਸ਼ਾ ਅੌਰਤਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…