Nabaz-e-punjab.com

ਕੈਮੀਕਲ ਲੈਬਾਰਟਰੀ ਖਰੜ ਵਿੱਚ ਮਹਿਲਾ ਡਰੱਗ ਇੰਸਪੈਕਟਰ ਦੀਆਂ ਗੋਲੀਆਂ ਮਾਰ ਕੇ ਹੱਤਿਆ, ਹਮਲਾਵਰ ਨੇ ਖ਼ੁਦ ਨੂੰ ਵੀ ਮਾਰੀ ਗੋਲੀ

10 ਸਾਲ ਪੁਰਾਣੀ ਰੰਜ਼ਸ਼ ਕਾਰਨ ਹੋਇਆ ਡਾ. ਨੇਹਾ ਸ਼ੌਰੀ ਦਾ ਕਤਲ: ਐਸਐਸਪੀ ਭੁੱਲਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਮਾਰਚ:
ਖਰੜ ਦੇ ਸਰਕਾਰੀ ਹਸਪਤਾਲ ਵਿੱਚ ਸਥਿਤ ਸਿਹਤ ਵਿਭਾਗ ਦੀ ਡਰੱਗ, ਫੂਡ ਅਤੇ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਸ਼ੁੱਕਰਵਾਰ ਨੂੰ ਸਵੇਰੇ 11.30 ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਜ਼ੋਨਲ ਲਾਈਸੈਸਿੰਗ ਅਥਾਰਟੀ ਅਫ਼ਸਰ ਨੇਹਾ ਸ਼ੌਰੀ ਨੂੰ ਗੋਲੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਨੇਹਾ ਸ਼ੌਰੀ ਮੌਕੇ ’ਤੇ ਹੀ ਖੂਨ ਨਾਲ ਲਥਪਥ ਹੋ ਕੇ ਡਿੱਗ ਗਈ। ਗੋਲੀਆਂ ਚਲਾਉਣ ਉਪਰੰਤ ਹਮਲਾਵਰ ਮੌਕੇ ਤੋੱ ਭੱਜਿਆ ਪ੍ਰੰਤੂ ਇਸ ਦੌਰਾਨ ਉਸ ਨੂੰ ਲੋਕਾਂ ਵੱਲੋਂ ਘੇਰਾ ਪਾ ਲਿਆ ਗਿਆ। ਜਾਣਕਾਰੀ ਅਨੁਸਾਰ ਇਸ ਮੌਕੇ ਹਮਲਾਵਰ ਜਿਸ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੰਤੂ ਮੋਟਰ ਸਾਈਕਲ ਖੰਭੇ ਵਿੱਚ ਵੱਜਿਆ। ਇਸ ਦੌਰਾਨ ਉਸਨੇ ਪਹਿਲਾਂ ਆਪਣੇ ਆਪ ਨੂੰ ਬਚਾਉਣ ਲਈ ਹਵਾਈ ਫਾਇਰ ਕੀਤਾ ਲੇਕਿਨ ਬਾਅਦ ਵਿੱਚ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਲਈ। ਪੁਲੀਸ ਨੇ ਹਮਲਾਵਰ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਗਿਆ ਹਥਿਆਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਵੱਲੋਂ ਖੂਨ ਨਾਲ ਲੱਥਪੱਥ ਡਰੰਗ ਇੰਸਪੈਕਟਰ ਅਤੇ ਹਮਲਾਵਰ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਅਤੇ ਹਮਲਾਵਰ ਦੋਵਾਂ ਦੀ ਹੀ ਮੌਤ ਹੋ ਗਈ ਹੈ।
ਉਧਰ, ਡਾਇਰੈਕਟਰ ਅਸ਼ੋਕ ਕੁਮਾਰ ਗਰਗ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਮਲਵਾਰ ਨੇ ਆਉਣ ਸਾਰ ਨੇਹਾ ਦੀ ਛਾਤੀ ਤੇ ਫਾਇਰ ਕਰ ਦਿੱਤੇ ਅਤੇ ਜਦੋਂ ਦਫ਼ਤਰ ਦੇ ਸਟਾਫ਼ ਨੇ ਹਮਲਾਵਰ ਨੂੰ ਫੜਨ ਦਾ ਯਤਨ ਕੀਤਾ ਤਾਂ ਉਸਨੇ ਸਟਾਫ਼ ’ਤੇ ਵੀ ਫਾਇਰ ਕੀਤੇ। ਬਾਅਦ ਵਿੱਚ ਹਮਲਾਵਰ ਮੋਟਰਸਾਇਕਲ ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੰਤੂ ਘਬਰਾ ਜਾਣ ਕਾਰਨ ਉਸਦਾ ਮੋਟਰ ਸਸਾਈਕਲ ਖੰਭੇ ਨਾਲ ਟਕਰਾ ਗਿਆ ਅਤੇ ਉਸ ਤੋਂ ਬਾਅਦ ਉਸਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਉਨ੍ਹਾਂ ਦਸਿਆ ਕਿ ਮ੍ਰਿਤਕ ਨੇਹਾ ਸ਼ਾਦੀਸ਼ੁਦਾ ਅਤੇ ਪੰਚਕੂਲਾ ਦੀ ਵਸਨੀਕ ਸੀ ਤੇ ਉਸ ਦੀ ਇਕ ਬੇਟੀ ਵੀ ਹੈ।
ਉਧਰ, ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਤਲ ਦਸ ਸਾਲ ਪੁਰਾਣੀ ਰੰਜ਼ਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਬਲਵਿੰਦਰ ਸਿੰਘ ਸਾਲ 2009 ਵਿੱਚ ਮੋਰਿੰਡਾ ਵਿੱਚ ਜਸਪ੍ਰੀਤ ਮੈਡੀਕਲ ਸਟੋਰ ਨਾਂ ਦੀ ਕੈਮਿਸਟ ਦੀ ਦੁਕਾਨ ਚਲਾਉਂਦਾ ਸੀ, ਉਦੋਂ ਡਾ. ਸ਼ੌਰੀ ਰੋਪੜ ਵਿੱਚ ਡਰੱਗ ਇੰਸਪੈਕਟਰ ਵਜੋ ਤਾਇਨਾਤ ਸਨ। ਡਾਕਟਰ ਸ਼ੌਰੀ ਨੇ 29 ਸਤੰਬਰ 2009 ਨੂੰ ਜਸਪ੍ਰੀਤ ਮੈਡੀਕਲ ਸਟੋਰ ਉਤੇ ਛਾਪਾ ਮਾਰਿਆ ਸੀ, ਜਿਸ ਦੌਰਾਨ ਉਥੋੱ ਨਸ਼ੇ ਲਈ ਵਰਤੀਆਂ ਜਾਂਦੀਆਂ 35 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਸਬੰਧੀ ਕੋਈ ਦਸਤਾਵੇਜ਼ ਨਹੀਂ ਸਨ। ਇਸ ਕਾਰਨ ਡਾ. ਸ਼ੌਰੀ ਨੇ ਜਸਪ੍ਰੀਤ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲਾਇਸੈਂਸ ਰੱਦ ਹੋਣ ਕਾਰਨ ਬਲਵਿੰਦਰ ਸਿੰਘ ਗੁੱਸੇ ਵਿੱਚ ਸੀ। ਉਸ ਨੇ 8 ਮਾਰਚ 2019 ਨੂੰ ਅਸਲਾ ਲਾਇਸੈਂਸ ਬਣਾਇਆ ਅਤੇ 11 ਮਾਰਚ ਨੂੰ ਇਸ ਲਾਇਸੈਂਸ ਉੱਤੇ .32 ਬੋਰ ਦਾ ਪਿਸਤੌਲ ਚੜ੍ਹਾਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮ ਇਹ ਪਿਸਤੌਲ ਲੈ ਕੇ ਸਰਕਾਰੀ ਹਸਪਤਾਲ ਖਰੜ ਵਿੱਚ ਸਥਿਤ ਡਰੱਗ, ਫੂਡ ਐੱਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਪੁੱਜਿਆ, ਜਿੱਥੇ ਉਸ ਨੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਡਾ. ਨੇਹਾ ਸ਼ੌਰੀ ਨੂੰ ਤਿੰਨ ਗੋਲੀਆਂ ਮਾਰੀਆਂ। ਇਸ ਮਗਰੋਂ ਉਸ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੈਬ ਦੇ ਸਟਾਫ਼ ਅਤੇ ਹੋਰ ਲੋਕਾਂ ਨੇ ਉਸ ਨੂੰ ਘੇਰ ਲਿਆ। ਇਸ ਉਤੇ ਪਹਿਲਾਂ ਤਾਂ ਉਸ ਨੇ ਪਿਸਤੌਲ ਦਿਖਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਵਾਹ ਨਾ ਚਲਦੀ ਦੇਖ ਕੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਡਾ. ਸ਼ੌਰੀ ਤੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜਾਂਚ ਵਿੱਚ ਜੋ ਵੀ ਸਾਹਮਣੇ ਆਇਆ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…