
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮਹਿਲਾ ਵਕੀਲਾਂ ਨੇ ‘ਤੀਆਂ’ ਦਾ ਤਿਉਹਾਰ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਮਹਿਲਾ ਮੈਂਬਰ ਵਕੀਲਾਂ ਨੇ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ। ਮਹਿਲਾ ਵਕੀਲਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਕੋ-ਚੇਅਰਮੈਨ ਬਲਜਿੰਦਰ ਸਿੰਘ ਸੈਣੀ ਅਤੇ ਸੀਨੀਅਰ ਵਕੀਲ ਹਰਜਿੰਦਰ ਕੌਰ ਬੱਲ ਨੇ ਤੀਆਂ ਦੇ ਮੇਲੇ ਨੂੰ ਸਪਾਂਸਰ ਕੀਤਾ। ਸ੍ਰੀ ਸੈਣੀ ਅਤੇ ਸ੍ਰੀਮਤੀ ਬੱਲ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮਹਿਲਾ ਵਕੀਲਾਂ ਨੂੰ ਅੌਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਸਮਾਜਿਕ ਅਤੇ ਕਾਨੂੰਨੀ ਲੜਾਈ ਲੜਨ ਲਈ ਪ੍ਰੇਰਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਹਿਲਾ ਵਕੀਲਾਂ ਨੂੰ ਤੀਆਂ ਦੀਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਮਹਿਲਾ ਵਕੀਲਾਂ ਨੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆ। ਵਕੀਲਾਂ ਨੇ ਪੰਜਾਬੀ ਗਿੱਧੇ ਵਿੱਚ ਪਾਈ ਧਮਾਲ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਰਹੀ। ਉਨ੍ਹਾਂ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਹੋਕਾ ਦਿੰਦੇ ਹੋਏ ਭਰੁਣ ਹੱਤਿਆ ਅਤੇ ਅੌਰਤਾਂ ’ਤੇ ਹੋ ਰਹੇ ਅੱਤਿਆਚਾਰ ਵਿਰੁੱਧ ਸਮਾਜ ਨੂੰ ਇੱਕਜੁੱਟ ਹੋਣ ਦਾ ਸਨੇਹਾ ਦਿੱਤਾ।

ਅਖੀਰ ਵਿੱਚ ਬਾਰ ਐਸੋਸੀਏਸ਼ਨ ਮੁਹਾਲੀ ਦੀ ਕੈਸ਼ੀਅਰ ਐਡਵੋਕੇਟ ਕੁਲਵਿੰਦਰ ਕੌਰ, ਸੰਯੁਕਤ ਸਕੱਤਰ ਤਰਨਜੋਤ ਕੌਰ ਅਤੇ ਜਗਦੀਪ ਕੌਰ ਭੰਗੂ ਅਤੇ ਹੋਰਨਾਂ ਮੈਂਬਰਾਂ ਨੇ ਮੁੱਖ ਮਹਿਮਾਨ ਬਲਜਿੰਦਰ ਸਿੰਘ ਸੈਣੀ, ਵਿਸ਼ੇਸ਼ ਮਹਿਮਾਨ ਹਰਜਿੰਦਰ ਕੌਰ ਬੱਲ ਅਤੇ ਹੋਰਨਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਦੋਂਕਿ ਸਮਾਰੋਹ ਵਿੱਚ ਪੁੱਜੀਆਂ ਸਮੂਹ ਮਹਿਲਾ ਵਕੀਲਾਂ ਨੂੰ ਇੱਕ ਇੱਕ ਫੁਲਕਾਰੀ ਅਤੇ ਹੋਰ ਤੋਹਫ਼ੇ ਦੇ ਕੇ ਨਿਵਾਜਿਆ ਗਿਆ।