ਅੌਰਤਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ: ਡੀਸੀ ਸ੍ਰੀਮਤੀ ਸਪਰਾ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਵਿਮੈੱਨ ਐਂਟਰਪਰਨਿਊਰ ਕਮੇਟੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ

ਮੁਸ਼ਕਲ ਹਾਲਾਤ ਦਾ ਸਾਹਮਣਾ ਕਰਕੇ ਕਾਮਯਾਬ ਹੋਈਆਂ ਗ਼ਰੀਬ ਅੌਰਤਾਂ ਦਾ ਕੀਤਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੀ ਵਿਮੈਨ ਐਂਟਰਪਰਨਿਊਰ ਕਮੇਟੀ ਵੱਲੋਂ ਇੱਥੇ ਐਮਆਈਏ ਭਵਨ ਵਿਖੇ ਕਰਵਾਏ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਅੌਰਤਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ ਹੈ ਪਰ ਇਸ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ ਕਿ ਮਹਿਲਾ ਤੇ ਪੁਰਸ਼ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤ ਨੇ ਹਰ ਥਾਂ ਇੱਕ ਸੰਤੁਲਨ ਕਾਇਮ ਕੀਤਾ ਹੋਇਆ ਹੈ। ਠੀਕ ਉਸੇ ਤਰ੍ਹਾਂ ਜੇ ਸਾਡੇ ਘਰਾਂ ਵਿੱਚ ਪਤੀ-ਪਤਨੀ ਇੱਕ ਸੰਤੁਲਨ ਕਾਇਮ ਰੱਖਣ ਤਾਂ ਉਹ ਦੋਵੇਂ ਹੀ ਤਰੱਕੀ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਹੰਕਾਰ ਦੀ ਭਾਵਨਾ ਨੂੰ ਪਾਸੇ ਰੱਖ ਕੇ ਇੱਕ ਦੂਜੇ ਦਾ ਸਮਰੱਥਨ ਕੀਤਾ ਜਾਵੇ।
ਸ੍ਰੀਮਤੀ ਸਪਰਾ ਨੇ ਆਖਿਆ ਕਿ ਕਾਮਯਾਬੀ ਲਈ ਮਿਹਨਤ ਲਾਜ਼ਮੀ ਹੈ ਤੇ ਉਨ੍ਹਾਂ ਨੇ ਸਮਾਗਮ ਵਿੱਚ ਹਾਜ਼ਰ ਮਹਿਲਾਵਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣ ਲਈ ਖ਼ੁਦ ਨੂੰ ਬਦਲਣਾ ਲਾਜ਼ਮੀ ਹੈ ਤੇ ਜਿਹੜੇ ਲੋਕ ਕਾਮਯਾਬੀ ਦੀ ਪੌੜੀ ਚੜ੍ਹ ਗਏ ਹਨ, ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ। ਉਨ੍ਹਾਂ ਆਖਿਆ ਕਿ ਮਹਿਲਾਵਾਂ ਦੇ ਵਿਕਾਸ ਲਈ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਉਨ੍ਹਾਂ ’ਤੇ ਅਮਲ ਕੀਤਾ ਜਾਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਅਤੇ ਵਿਮੈੱਨ ਐਂਟਰਪਰਨਿਊਰ ਕਮੇਟੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਣ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਆਤਮ ਨਿਰਭਰ ਬਣਾਉਣ ਲਈ ਸਰਕਾਰ ਵੱਲੋਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਚਲਾਏ ਜਾ ਰਹੇ ਹਨ ਤੇ ਇਸ ਸਬੰਧੀ ਪ੍ਰਸ਼ਾਸਨ ਅਤੇ ਸਨਅਤਕਾਰਾਂ ਨੂੰ ’ਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਕੰਮਕਾਜੀ ਅੌਰਤਾਂ ਨੂੰ ਕੰਮਕਾਜ ਵਾਲੇ ਥਾਂ ’ਤੇ ਕਿਸੇ ਕਿਸਮ ਦੀ ਵਧੀਕੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਅਗਵਾਈ ਵਿੱਚ ਮੋਹਾਲੀ ਤੋਂ ਪੈਡ ਬੈਂਕ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਸੈਨੇਟਰੀ ਪੈਡਾਂ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਪੈਡ ਬੈਂਕ ਰਾਹੀਂ ਸੈਨੇਟਰੀ ਪੈਡਾਂ ਦੀ ਵੰਡ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇਗਾ।
ਸਮਾਗਮ ਵਿੱਚ ਆਰਥਿਕ ਪੱਖੋਂ ਗ਼ਰੀਬ ਉਨ੍ਹਾਂ ਅੌਰਤਾਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਜ਼ਿੰਦਗੀ ਵਿੱਚ ਵੱਖ ਵੱਖ ਪੱਧਰਾਂ ’ਤੇ ਕਾਮਯਾਬੀ ਹਾਸਲ ਕੀਤੀ ਹੈ ਤੇ ਹੋਰਨਾਂ ਅੌਰਤਾਂ ਲਈ ਪ੍ਰੇਰਨਾ ਸਰੋਤ ਬਣੀਆਂ ਹਨ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਜੋਯਤੀ ਸ਼ਰਮਾ, ਜਸਵੀਰ ਕੌਰ, ਸੰਦੀਪ ਕੌਰ, ਮੀਨਾ ਕੁਮਾਰੀ, ਨਿਰਮਲਾ ਰਾਵਤ, ਸੁਮਨ ਸਕਸੈਨਾ, ਰੇਖਾ ਰਾਣੀ ਅਤੇ ਮੀਨੂੰ ਸ਼ਾਮਲ ਹਨ। ਪੇਂਡੂ ਵਿਕਾਸ ਮੰਤਰਾਲਾ, ਕੇਂਦਰ ਸਰਕਾਰ ਵੱਲੋਂ ਤੇਲੰਗਾਨਾ ਵਿੱਚ ਕੰਮ ਕਰ ਰਹੇ ਸ੍ਰੀ ਕਾਰਤਿਕਿਆ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਸਰਕਾਰ ਵੱਲੋਂ ਹੁਨਰ ਵਿਕਾਸ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ। ਸਮਾਗਮ ਵਿੱਚ ਸ਼ਾਮਲ ਕਾਰੋਬਾਰੀਆਂ ਨੇ ਹੁਨਰਮੰਦ ਕਾਮਿਆਂ ਦੀ ਲੋੜ ਦੀ ਪੂਰਤੀ ਸਬੰਧੀ ਉਨ੍ਹਾਂ ਨਾਲ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਅਤੇ ਵਿਮੈੱਨ ਐਂਟਰਪਰਨਿਊਰ ਕਮੇਟੀ ਵੱਲੋਂ ਡੀ.ਸੀ. ਗੁਰਪ੍ਰੀਤ ਕੌਰ ਸਪਰਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਵਿਮੈੱਨ ਐਂਟਰਪਰਨਿਊਰ ਕਮੇਟੀ ਦੀ ਚੇਅਰਪਰਸਨ ਨੀਤੂ ਸਿੰਘਾ, ਵਾਈਸ ਚੇਅਰਪਰਸਨ ਸ਼ਿਰਿਨ ਸੇਠ ਸਿੰਘ, ਐਮ.ਆਈ.ਏ. ਦੇ ਪ੍ਰਧਾਨ ਗਗਨ ਛਾਬੜਾ, ਸੰਯੁਕਤ ਸਕੱਤਰ ਆਈ.ਐਸ. ਛਾਬੜਾ, ਸਾਬਕਾ ਪ੍ਰਧਾਨ ਬੀ.ਐਸ. ਆਨੰਦ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਅਿੰਮ੍ਰਤ ਬਾਲਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਅਤੇ ਲੇਖਕ ਅਸ਼ੋਕ ਭੰਡਾਰੀ ਸਮੇਤ ਹੋਰ ਸਖ਼ਸ਼ੀਅਤਾਂ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀ ‘ਆਪ’ ਸਰਕਾਰ ਨੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਕੀਤਾ: ਕੁਲਵੰਤ ਸਿੰਘ

ਪੰਜਾਬ ਦੀ ‘ਆਪ’ ਸਰਕਾਰ ਨੇ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਮੁੜ ਸੁਰਜੀਤ ਕੀਤਾ: ਕੁਲਵੰਤ ਸਿੰਘ ਮੁਹਾਲੀ ਵਿਖੇ…