ਗਰੀਬ ਬੱਚਿਆਂ ਨੂੰ ਵਿੱਦਿਆ ਦੇਣ ਲਈ ਘਰੇਲੂ ਅੌਰਤ ਨੇ ਖੋਲ੍ਹੀ ‘ਮਾਂ ਦੀ ਪਾਠਸ਼ਾਲਾ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਹਰ ਮਾਂ ਬਾਪ ਚਾਹੁੰਦਾ ਹੈ ਕਿ ਉਸ ਦਾ ਬੱਚਾ ਪੜ੍ਹ ਲਿਖ ਕੇ ਇੱਕ ਸਫ਼ਲ ਇਨਸਾਫ਼ ਬਣੇ ਪਰ ਕਈ ਵਾਰ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਹਨ ਕਿ ਗ਼ਰੀਬ ਮਾਪੇ ਆਪਣੀ ਅੌਲਾਦ ਨੂੰ ਭੀਖ ਮੰਗਣ, ਛੋਟੀ ਉਮਰੇ ਮਜ਼ਦੂਰੀ ਕਰਨ ਅਤੇ ਲੋਕਾਂ ਦੇ ਘਰਾਂ ਵਿੱਚ ਜੂਠੇ ਭਾਂਡੇ ਮਾਂਜਣ ਲਗਾ ਦਿੰਦੇ ਹਨ। ਪ੍ਰੰਤੂ ਕੁਝ ਸਮਾਜ ਸੇਵੀ ਅਤੇ ਸੰਸਥਾਵਾਂ ਅਜਿਹੇ ਬੱਚਿਆਂ ਲਈ ਚਾਨਣ ਮੁਨਾਰਾ ਵੀ ਬਣੇ ਹਨ। ਜਿਨ੍ਹਾਂ ’ਚੋਂ ਮੁਹਾਲੀ ਦੀ ਬੀਬੀ ਸੁਲੇਖਾ ਰਾਣੀ ਵੀ ਇੱਕ ਹੈ। ਜੋ ਇੱਕ ਘਰੇਲੂ ਅੌਰਤ ਹੈ ਅਤੇ ਨਾਲ ਨਾਲ ਛੋਟਾ ਜਿਹਾ ਬੂਟੀਕ ਵੀ ਚਲਾਉਂਦੀ ਹੈ। ਇਸ ਉੱਦਮੀ ਅੌਰਤ ਨੇ ਸਿੱਖਿਆ ਤੋਂ ਵਾਂਝੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਇਸ ਕੰਮ ਲਈ ਬੀਬੀ ਸੁਲੇਖਾ ਰਾਣੀ ਨੇ ਆਪਣੇ ਘਰ ਵਿੱਚ ‘ਮਾਂ ਦੀ ਪਾਠਸ਼ਾਲਾ ਖੋਲ੍ਹੀ ਹੈ। ਇਸ ਕੰਮ ਵਿੱਚ ਉਸ ਦੀਆਂ ਦੋ ਬੇਟੀਆਂ ਰਿਪੂਦਮਨ ਅਤੇ ਸਿਮਰਨ ਵੀ ਹੱਥ ਵਟਾਉਂਦੀਆਂ ਹਨ।
ਜਿਸ ਵਿੱਚ ਸੜਕਾਂ ’ਤੇ ਭੀਖ ਮੰਗਦੇ ਬੱਚੇ, ਕੂੜਾ ਕਰਕਟ ਚੁੱਕਣ ਅਤੇ ਲੋਕਾਂ ਦੇ ਘਰਾਂ ਵਿੱਚ ਜੂਠੇ ਭਾਂਡੇ ਮਾਂਜਣ ਦਾ ਕੰਮ ਕਰਦੇ ਬੱਚਿਆਂ ਨੂੰ ਜਾਗਰੂਕ ਕਰਕੇ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਆ ਹੈ। ਸੁਲੇਖਾ ਰਾਣੀ ਨੇ ਦੱਸਿਆ ਕਿ ਇਸ ਸਮੇਂ ‘ਮਾਂ ਦੀ ਪਾਠਸ਼ਾਲਾ’ ਵਿੱਚ ਕਰੀਬ 50 ਗ਼ਰੀਬ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਲੜਕੀਆਂ ਹਨ। ਇਸ ਉੱਦਮੀ ਅੌਰਤ ਨੂੰ ਕੇਂਦਰ ਜਾਂ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਸੇ ਕਿਸਮ ਦੀ ਕੋਈ ਵਿੱਤੀ ਸਹਾਇਤਾ ਨਹੀਂ ਮਿਲ ਰਹੀ ਹੈ, ਸਗੋਂ ਉਨ੍ਹਾਂ ਵੱਲੋਂ ਆਪਣੇ ਘੇਰਲੂ ਖਰਚੇ ਘਟਾ ਕੇ ਅਤੇ ਬੂਟੀਕ ਦੀ ਕਮਾਈ ਨਾਲ ਪਾਠਸ਼ਾਲਾ ਚਲਾਈ ਜਾ ਰਹੀ ਹੈ। ਲੜਕੀਆਂ ਨੂੰ ਮੁਫ਼ਤ ਕਿਤਾਬਾਂ ਅਤੇ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਿੱਖਿਆ ਸੈਸ਼ਨ ਵਿੱਚ 22 ਗਰੀਬ ਬੱਚੀਆਂ ਨੂੰ ਪਾਠਸ਼ਾਲਾ ਵਿੱਚ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਮਗਰੋਂ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਇੱਕ ਚੈਰੀਟੇਬਲ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਹੜੀਆਂ ਲੜਕੀਆਂ ਪੜ੍ਹ ਲਿਖ ਨਹੀਂ ਸਕਦੀਆਂ ਹਨ। ਉਨ੍ਹਾਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਬੀਤੀ ਸ਼ਾਮ ਮਾਂ ਦੀ ਪਾਠਸ਼ਾਲਾ ਵਿੱਚ ਸਾਲਾਨਾ ਸਮਾਰੋਹ ਵੀ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਸਬੂਤ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…