
ਕੁਲਜੀਤ ਬੇਦੀ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਅੌਰਤਾਂ ਨੇ ਪਾਈ ਹਿੱਸੇਦਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਇੱਥੋਂ ਦੇ ਫੇਜ਼-3ਬੀ2 (ਵਾਰਡ ਨੰਬਰ-8) ਤੋਂ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਬੇਦੀ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤੇਜ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੀ ਗਈ ਮੀਟਿੰਗ ਵਿੱਚ ਵਾਰਡ ਦੀਆਂ ਮੋਹਤਬਰ ਅੌਰਤਾਂ ਨੇ ਵੱਡੀ ਗਿਣਤੀ ਸ਼ਮੂਲੀਅਤ ਕਰਕੇ ਸ੍ਰੀ ਬੇਦੀ ਨੂੰ ਪੂਰਨ ਬਹੁਮਤ ਨਾਲ ਜਿਤਾਉਣ ਦਾ ਵਾਅਦਾ ਕੀਤਾ। ਇਸ ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਤਨੀ ਬੀਬੀ ਦਲਜੀਤ ਕੌਰ ਸਿੱਧੂ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਬੀਬੀ ਜਤਿੰਦਰ ਕੌਰ ਸਿੱਧੂ ਵੀ ਉਚੇਚੇ ਤੌਰ ’ਤੇ ਪਹੁੰਚ ਕੇ ਬੀਬੀਆਂ ਅਤੇ ਵਰਕਰਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਬੀਬੀ ਦਲਜੀਤ ਕੌਰ ਸਿੱਧੂ ਅਤੇ ਬੀਬੀ ਜਤਿੰਦਰ ਕੌਰ ਸਿੱਧੂ ਸਮੇਤ ਆਪਣੇ ਵਾਰਡ ਦੀਆਂ ਸਾਰੀਆਂ ਅੌਰਤਾਂ ਦਾ ਮੀਟਿੰਗ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਦੇ ਲਈ ਪਰਿਵਾਰ ਦੀ ਤਰ੍ਹਾਂ ਹੀ ਵਿਚਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਉਹ ਆਪਣੇ ਵਾਰਡ ਦੇ ਘਰ-ਘਰ ਪਹੁੰਚ ਬਣਾ ਕੇ ਆਉੱਦੀਆਂ ਚੋਣਾਂ ਲਈ ਵੋਟਾਂ ਦੇ ਸਹਿਯੋਗ ਦੀ ਮੰਗ ਕਰਨਗੇ।
ਇਸ ਮੌਕੇ ਵਾਰਡ ਦੀਆਂ ਮੋਹਤਬਰ ਅੌਰਤਾਂ ਵਿੱਚੋੱ ਪਿੱਕੀ ਅੌਲਖ ਅਤੇ ਗੁਰਪ੍ਰੀਤ ਕੌਰ ਭੱਟੀ ਨੇ ਕਿਹਾ ਕਿ ਕੁਲਜੀਤ ਸਿੰਘ ਬੇਦੀ ਵੱਲੋੱ ਬਤੌਰ ਕੌਂਸਲਰ ਆਪਣੇ ਪਿੱਛਲੇ ਪੂਰੇ ਕਾਰਜਕਾਲ ਦੌਰਾਨ ਫੇਜ਼-3ਬੀ2 ਵਿੱਚ ਬਹੁਤ ਹੀ ਵਧੀਆ ਕਾਰਗੁਜਾਰੀ ਕੀਤੀ ਗਈ ਹੈ ਅਤੇ ਉਹ ਹਰ ਵਿਅਕਤੀ ਦੇ ਦੁੱਖ ਸੁੱਖ ਵਿੱਚ ਵੀ ਨਾਲ ਖੜ੍ਹਦੇ ਹਨ। ਇਸ ਮੌਕੇ ਵਾਰਡ ਦੀਆਂ ਅੌਰਤਾਂ ਵੱਲੋਂ ਸ੍ਰੀ ਬੇਦੀ ਦੀ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਕੰਮ ਕਰਨ ਅਤੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਦਾ ਵਾਇਦਾ ਕੀਤਾ। ਮੀਟਿੰਗ ਵਿੱਚ ਗਗਨਜੋਤ ਕੌਰ, ਇੰਦਰਜੀਤ ਕੌਰ, ਗਗਨਦੀਪ ਕੌਰ, ਦਲਜੀਤ ਕੌਰ, ਜਤਿੰਦਰ ਕੌਰ, ਪਰਵਿੰਦਰ ਗਰੋਵਰ, ਕਮਲਜੀਤ ਕੌਰ, ਅਰੁਣਦੀਪ ਕੌਰ, ਕਿਰਨਜੀਤ ਭਾਟੀਆ, ਸੁਰਿੰਦਰ ਕੌਰ, ਅਜੀਤ ਕੌਰ, ਅੰਜਨਾ ਸੋਨੀ, ਹਰਪ੍ਰੀਤ ਕੌਰ ਗਿੱਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਅੌਰਤਾਂ ਹਾਜ਼ਰ ਸਨ।