Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਨੈਸ਼ਨਲ ਵਿਗਿਆਨ ਦਿਵਸ ਮੌਕੇ ਅੌਰਤਾਂ ਦਾ ਸ਼ਾਨਦਾਰ ਪ੍ਰਦਰਸ਼ਨ

10 ਕਾਲਜਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਫਰਵਰੀ:
ਵਿਗਿਆਨ ਵਿੱਚ ਅੌਰਤਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਸੀਜੀਸੀ ਲਾਂਡਰਾਂ ਵੱਲੋਂ ਨੈਸ਼ਨਲ ਸਾਇੰਸ ਦਿਵਸ ਮੌਕੇ ਇੰਟਰ ਕਾਲਜ ਸਾਇੰਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਰਾਜ ਦੇ 10 ਕਾਲਜਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਾਇੰਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਕਾਲਜਾਂ ਵਿੱਚ ਐਮਸੀਐਮ ਡੀਏਵੀ ਕਾਲਜ ਚੰਡੀਗੜ੍ਹ, ਸਰਕਾਰੀ ਕਾਲਜ ਸੈਕਟਰ 32 ਚੰਡੀਗੜ੍ਹ, ਕੁਇਸਟ ਗਰੁੱਪ ਆਫ਼ ਇੰਸਟੀਚਿਊਟ, ਚੰਡੀਗੜ੍ਹ ਕਾਲਜ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ, ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨਿਅਰਿੰਗ ਕਾਲਜ ਆਦਿ ਸ਼ਾਮਲ ਸਨ।
ਇਸ ਦੌਰਾਨ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਵਿਗਿਆਨ ਦੇ ਖੇਤਰ ਨਾਲ ਸਬੰਧਤ ਨਾਵਲ ਵਿਚਾਰਾਂ ਨੂੰ ਦਰਸਾਉਂਦੇ ਹੋਏ 250 ਤੋਂ ਜ਼ਿਆਦਾ ਅੰਦਰੂਨੀ ਅਤੇ ਬਾਹਰੀ ਪ੍ਰਾਜੈਕਟਾਂ ਦਾ ਪ੍ਰਦਰਸ਼ਨ ਕੀਤਾ। ਜਿਨ੍ਹਾਂ ਵਿੱਚ ਕਈ ਵਿਚਾਰ ਵਾਤਾਵਰਣ ਦੀ ਸੰਭਾਲ ਪ੍ਰਤੀ ਅਤੇ ਅਪੰਗਤਾ ਨੂੰ ਰੋਕਣ ਨਾਲ ਸੰਬੰਧਤ ਸਨ। ਇਨ੍ਹਾਂ ਵਿੱਚ 110 ਦੇ ਕਰੀਬ ਪ੍ਰਾਜੈਕਟਾਂ ਨੂੰ ਲੜਕੀਆਂ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਅੌਰਤਾਂ ਬਹੁਤ ਵਧੀਆ ਯੋਗਦਾਨ ਦੇ ਰਹੀਆਂ ਹਨ। ਇਸ ਤੋਂ ਇਲਾਵਾ ਪੋਸਟਰ ਮੇਂਕਿੰਗ ਮੁਕਾਬਲੇ, ਕੁਇਜ਼ ਆਦਿ ਵੀ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਰਹੇ।
ਸਾਇੰਸ ਦਿਵਸ ਮੌਕੇ ਕਰਵਾਏ ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਮਹਿਮਾਨ ਅਮਰੀਕਾ ਦੇ ਸਟੇਟ ਯੂਨੀਵਰਸਿਟੀ ਆਫ਼ ਨਿਊ ਯਾਰਕ ਦੇ ਪ੍ਰੋ ਮਾਰਕ ਨਾੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਕੀਤੇ ਜਾ ਰਹੇ ਅਜਿਹੇ ਬੇਹੱਦ ਨਵੀਨਤਾਕਾਰੀ ਪ੍ਰਾਜੈਕਟਾਂ ਨੂੰ ਵੇਖਣਾ ਨਿਸ਼ਚਿਤ ਹੀ ਇੱਕ ਵਧੀਆ ਮੌਕਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਅੌਰਤਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਅਤੇ ਜੋ ਮੁੱਦੇ ਉਨ੍ਹਾਂ ਵੱਲੋਂ ਸੰਬੋਧਿਤ ਕੀਤੇ ਜਾ ਰਹੇ ਸਨ ਉਹ ਨਾ ਸਿਰਫ ਮਹਿਲਾਵਾਂ ਨਾਲ ਸੰਬੰਧਿਤ ਸਨ ਸਗੋਂ ਸਾਰੇ ਲੋਕਾਂ ਨਾਲ ਸੰਬੰਧਤ ਸਨ ਜਿਸ ਨੂੰ ਦੇਖਣਾ ਬਹੁਤ ਦਿਸਚਸਪ ਰਿਹਾ ਅਤੇ ਅੌਰਤਾਂ ਵੱਲੋਂ ਇਸ ਮੁਕਾਬਲੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਾ ਬਹੁਤ ਸ਼ਲਾਘਾਯੋਗ ਕੰਮ ਸੀ। ਇਸ ਤੋਂ ਇਲਾਵਾ ਉਨ੍ਹਾਂ ਨਾਲ ਪ੍ਰੋਗਰਾਮ ਵਿੱਚ ਚੀਫ ਗੈਸਟ ਵਜੋਂ ਟਰਮੀਨਲ ਬਾਲੀਸਟਿਕਸ ਰਿਸਰਚ ਲੈਬੋਰਟਰੀ ਦੀ ਵਿਗਿਆਨੀ ਰਾਜੇਸ਼ ਕੁਮਾਰੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਗੈਸਟ ਆਫ ਆੱਨਰ ਡਾ ਸੁਮਨ ਸਿੰਘ ਦੇ ਨਾਲ ਨਾਲ ਪ੍ਰਿੰਸੀਪਲ, ਵਿਗਿਆਨੀ, ਸੀਐਸਆਈਓ ਅਤੇ ਜੱਜਾਂ ਨੇ ਵੀ ਵਿਦਿਆਰਥੀਆਂ ਵੱਲੋਂ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਸਮਾਗਮ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਣ ਨੂੰ ਮਿਲਿਆ ਜਿੱਥੇ ਮੇਜਬਾਨ ਕਾਲਜ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੇ ਕਈ ਵਿਗਿਆਨਿਕ ਅੰਧਵਿਸ਼ਵਾਸ਼ਾਂ ਨੂੰ ਖਾਰਜ ਕਰਦਿਆਂ ਇੱਕ ਸਕਿੱਟ ਪੇਸ਼ ਕੀਤਾ ਜੋ ਤਰਕਸ਼ੀਲ ਵਿਗਿਆਨਕ ਵਿਆਖਿਆ ਨਾਲ ਸਮਾਜ ਵਿੱਚ ਪ੍ਰਚਲਿਤ ਹੈ। ਇਸ ਉਪਰੰਤ ਇੱਕ ਫੈਸ਼ਨ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ, ਜੋ ਫੈਸ਼ਨ ਅਤੇ ਵਿਗਿਆਨ ਵਿਸ਼ੇ ਤੇ ਨਿਰਧਾਰਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸੰਗੀਤਕ ਅਤੇ ਨਾਚ ਦੀ ਪੇਸ਼ਕਾਰੀ ਵੀ ਕੀਤੀ ਗਈ ਜਿਸ ਨੇ ਸਭ ਦਾ ਮਨ ਮੋਹਿਆ। ਪ੍ਰੋਗਰਾਮ ਦੇ ਅੰਤ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਪਹੁੰਚੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਨਾਲ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਵੱਲੋਂ ਪੇਸ਼ ਕੀਤੇ ਪ੍ਰਾਜੈਕਟ ਵਿਚਾਰਾਂ ਦੀ ਸ਼ਲਾਘਾ ਵੀ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…