Nabaz-e-punjab.com

ਅੌਰਤਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਲਈ ਇੱਕਜੁੱਟ ਹੋਣ ਦੀ ਲੋੜ: ਅਰੁਣਾ ਚੌਧਰੀ

ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਵੱਲੋਂ ਦੁਆਬਾ ਕਾਲਜ ਵਿੱਚ ਸੂਬਾ ਪੱਧਰੀ ਸਮਾਗਮ ਦਾ ਆਯੋਜਨ

ਪੰਜਾਬ ਤੇ ਹਿਮਾਚਲ ਵਿੱਚ ਤੇਜਾਬ ਹਮਲਿਆਂ ਦਾ ਸ਼ਿਕਾਰ ਪੀੜਤ ਲੜਕੀਆਂ ਨੂੰ ਦਿੱਤੀ ਵਿੱਤੀ ਸਹਾਇਤਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਅਗਸਤ:
ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੌਰਤਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅੌਰਤਾਂ ਜਦੋਂ ਤੱਕ ਖ਼ੁਦ ਅੱਗੇ ਹੋ ਕੇ ਇੱਕਜੁਟਤਾ ਨਾਲ ਆਪਣੇ ਅਧਿਕਾਰਾਂ ਦੀ ਰੱਖਿਆ ਨਹੀਂ ਕਰਨਗੀਆਂ ਉਦੋਂ ਤੱਕ ਸਮਾਜ ਵਿੱਚ ਅੌਰਤਾਂ ਨੂੰ ਸਮਾਜਿਕ ਬਰਾਬਰੀ ਦੇ ਹੱਕ ਨਹੀਂ ਮਿਲਣਗੇ ਅਤੇ ਅੌਰਤਾਂ ਵਿਰੁੱਧ ਅੱਤਿਆਚਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿਣਗੀਆਂ। ਸ੍ਰੀਮਤੀ ਅਰੁਣਾ ਚੌਧਰੀ ਬੁੱਧਵਾਰ ਨੂੰ ਦੁਆਬਾ ਗਰੁੱਪ ਆਫ਼ ਕਾਲਜ ਵਿਖੇ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਵੱਲੋਂ ਬੀਬਾ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਵਿਦਿਆਰਥੀਆਂ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਹੋਏ ਲੋਕਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰ ਰਹੀ ਸਨ।
ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਅਤੇ ਚੰਗੀ ਪਰਵਰਿਸ਼ ਅਪਰਾਧਾਂ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਸਿੱਖਿਆ ਦੇ ਨਾਲ ਬੇਸ਼ੱਕ ਕਾਫੀ ਸੁਧਾਰ ਆਇਆ ਹੈ ਲੇਕਿਨ ਇਸ ਖੇਤਰ ਵਿੱਚ ਹਾਲੇ ਹੋਰ ਵੀ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਅੌਰਤਾਂ ਨੂੰ ਪੰਚਾਇਤਾਂ ਦੇ ਵਿੱਚ 50 ਫੀਸਦੀ ਰਾਖਵਾਂਕਰਨ ਪ੍ਰਦਾਨ ਕਰਕੇ ਸਮਾਜ ਅੱਗੇ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਅੱਠ ਹਜ਼ਾਰ ਦੀ ਵਿੱਤੀ ਮਦਦ ਇਲਾਜ ਲਈ ਦਿੱਤੀ ਜਾਂਦੀ ਹੈ। ਕੈਬਿਨੇਟ ਮੰਤਰੀ ਨੇ ਕਿਹਾ ਕਿ ਪੰਜਾਬ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਕੇਂਦਰਾਂ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਅੌਰਤਾਂ ਅਤੇ ਉਨ੍ਹਾਂ ਦੇ ਬਚਿੱਆਂ ਦੀ ਮਦਦ ਕੀਤੀ ਜਾਂਦੀ ਹੈ।
ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਟਰੱਸਟ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਹੁਣ ਕੀਤੇ ਗਏ ਕੰਮਾਂ ਅਤੇ ਭਵਿੱਖ ਦੀਆਂ ਯੌਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦੁਆਬਾ ਗਰੁੱਪ ਆਫ਼ ਕਾਲਜ ਦੇ ਐਗਜੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਨੇ ਸ੍ਰੀਮਤੀ ਅਰੁਣਾ ਚੌਧਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਰੁਣਾ ਚੌਧਰੀ ਦੀ ਅਗਵਾਈ ਹੇਠ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋੜਵੰਦਾ ਦੀ ਮਦਦ ਕੀਤੀ ਜਾ ਰਹੀ ਹੈ।
ਸਮਾਗਮ ਦੌਰਾਨ ਮੰਤਰੀ ਵੱਲੋਂ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਤੇਜ਼ਾਬੀ ਹਮਲੇ ਤੋਂ ਪੀੜਤ ਜ਼ਿਲ੍ਹਾ ਲੁਧਿਆਣਾ ਤੋਂ ਪੁੱਜੀ ਅੰਜਲੀ ਅਤੇ ਹਿਮਾਚਲ ਦੇ ਬੱਦੀ ਤੋਂ ਪਹੁੰਚੀ ਆਸ਼ਾ ਨੂੰ ਵਿੱਤੀ ਮਦਦ ਦਿੱਤੀ ਗਈ ।ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚੇ ਦਾ ਕੰਮ ਕਰਕੇ ਆਪਣਾ ਜੀਵਨ ਬਸਰ ਕਰਨ ਵਾਲੀਆਂ 11 ਲੜਕੀਆਂ ਨੂੰ ਦਿਸ਼ਾ ਵਿਮੈਨ ਵੈਲਫੇਅਰ ਟਰੰਸਟ ਵੱਲੋਂ ਮੁਫ਼ਤ ਸਾਈਕਲਾਂ ਵੀ ਵੰਡੀਆਂ। ਇਸ ਮੌਕੇ ਤੇ ਅੌਰਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਨਾਟਕ ਵੀ ਪੇਸ਼ ਕੀਤਾ ਗਿਆ। ਆਰ ਦੀਪ ਰਮਨ ਦੇ ਮੰਚ ਸੰਚਾਲਨ ਹੇਠ ਆਯੋਜਿਤ ਸਮਾਗਮ ਦੌਰਾਨ ‘ਅੌਰਤਾਂ ਨਾਲ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਲਈ ਜ਼ਿੰਮੇਵਾਰ ਕੌਣ’ ਵਿਸ਼ੇ ’ਤੇ ਆਯੋਜਿਤ ਸੈਮੀਨਾਰ ਵਿੱਚ ਭਾਗ ਲੈਂਦੇ ਹੋਏ ਸਮਾਜ ਸੇਵੀ ਜਥੇਦਾਰ ਕੁਲਦੀਪ ਸਿੰਘ ਭਾਂਖਰਪੁਰ, ਮਿਸੇਜ਼ ਹਰਿਆਣਾ ਪ੍ਰੋ.ਪੂਜਾ ਅਲਾਣ, ਸੁਪਰੀਮ ਕੋਰਟ ਦੇ ਵਕੀਲ ਰਵਨੀਤ ਸਿੰਘ ਜੋਸ਼ੀ, ਪੰਥਕ ਵਿਦਵਾਨ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਟਰੱਸਟ ਦੀ ਚੇਅਰਪਰਸਨ ਡਾ. ਰਿੰਮੀ ਸਿੰਗਲਾ, ਡਾ. ਸੁਰਜੀਤ ਸਿੰਘ ਗਰੇਵਾਲ, ਵਾਈਸ ਚੇਅਰਪਰਸਨ ਕੁਲਦੀਪ ਕੌਰ, ਜਰਨਲ ਸਕੱਤਰ ਮਨਦੀਪ ਕੌਰ, ਕਰਮਜੀਤ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…