
ਮਹਿਲਾ ਪਹਿਲਵਾਨਾਂ ਤੇ ਡਾ. ਨਵਸ਼ਰਨ ਦੇ ਹੱਕ ਵਿੱਚ ਸੜਕਾਂ ’ਤੇ ਉੱਤਰੀਆਂ ਕਿਸਾਨ ਬੀਬੀਆਂ
ਜੰਤਰ-ਮੰਤਰ ਤੋਂ ਗ੍ਰਿਫ਼ਤਾਰ ਕੀਤੀਆਂ ਮਹਿਲਾਂ ਪਹਿਲਵਾਨਾਂ ਦੀ ਤੁਰੰਤ ਰਿਹਾਈ ਮੰਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਪੰਜਾਬ ਦੀਆਂ ਅੌਰਤਾਂ ਆਪਣੇ ਘਰਾਂ ਦਾ ਚੱੁਲ੍ਹਾ ਚੌਕਾ ਛੱਡ ਕੇ ਸੜਕਾਂ ’ਤੇ ਉਤਰ ਆਈਆਂ ਹਨ। ਉਨ੍ਹਾਂ ਨੇ ਨਵਸ਼ਰਨ ਕੌਰ ਨੂੰ ਈਡੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਮੁੱਦਾ ਵੀ ਚੁੱਕਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਪੰਜਾਬ ਭਰ ’ਚੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਬਾਹਰ ਇਕੱਠੀਆਂ ਹੋਈਆਂ ਹਜ਼ਾਰਾਂ ਅੌਰਤਾਂ ਨੇ ਐਤਵਾਰ ਨੂੰ ਸਿੱਖਰ ਦੁਪਹਿਰੇ ਗਵਰਨਰ ਹਾਊਸ ਵੱਲ ਕੂਚ ਕਰਨ ਦਾ ਯਤਨ ਕੀਤਾ। ਲੇਕਿਨ ਮੁਹਾਲੀ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਪ੍ਰਦਰਸ਼ਨਕਾਰੀ ਅੌਰਤਾਂ ਦਾ ਰਾਹ ਡੱਕ ਲਿਆ। ਜਿਸ ਕਾਰਨ ਉਹ ਮੁਹਾਲੀ-ਬੁੜੈਲ ਜੇਲ੍ਹ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਹਾਲਾਤਾਂ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਵੱਲੋਂ ਐਸਡੀਐਮ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਬੀਬੀਆਂ ਤੋਂ ਪ੍ਰਧਾਨ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਹਾਸਲ ਕੀਤਾ।
ਇਸ ਮੌਕੇ ਕਿਸਾਨ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ ਪਰਮਜੀਤ ਕੌਰ ਸਲੇਮਗੜ੍ਹ, ਕਮਲਜੀਤ ਕੌਰ ਬਰਨਾਲਾ, ਮਨਦੀਪ ਕੌਰ ਬਾਰਨ, ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਧਰਨੇ ਨੂੰ ਸੰਬੋਧਨ ਕੀਤਾ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਡਾ. ਨਵਸ਼ਰਨ ਦੇ ਪਰਿਵਾਰ ਵੱਲੋਂ ਡਾ. ਅਰੀਤ, ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਤੇ ਕੇਵਲ ਧਾਲੀਵਾਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਡਾਕਟਰ ਸੁਖਦੇਵ ਸਿਰਸਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਕਿਸਾਨਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਮੰਗ ਕੀਤੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋ ਕੇਸਾਂ ਵਿੱਚ ਨਾਮਜ਼ਦ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜੰਤਰ-ਮੰਤਰ ’ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਨੇੜੇ ਕੀਤੀ ਪੁਲੀਸ ਦੀ ਘੇਰਾਬੰਦੀ ਹਟਾਈ ਜਾਵੇ, ਜਮਹੂਰੀ ਹੱਕਾਂ ਦੀ ਉੱਘੀ ਸ਼ਖ਼ਸੀਅਤ ਡਾ. ਨਵਸ਼ਰਨ ਨੂੰ ਈਡੀ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਨਵਸ਼ਰਨ ਸਮੇਤ ਹੋਰਨਾਂ ਅੌਰਤ ਕਾਰਕੁਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਚਾਲਾਂ ਬੰਦ ਕੀਤੀਆਂ ਜਾਣ, ਲੋਕਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਅੌਰਤਾਂ ਲਈ ਸੁਰੱਖਿਅਤ ਮਾਹੌਲ ਦੀ ਗਰੰਟੀ ਦਿੱਤੀ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਪੁਰਸ ਪ੍ਰਧਾਨ ਸਮਾਜ ਵਿੱਚ ਭਾਵੇਂ ਸਦੀਆਂ ਤੋਂ ਹੀ ਅੌਰਤ ਵਰਗ ਧੱਕੇ, ਜ਼ਬਰ, ਜਿਨਸੀ ਸ਼ੋਸ਼ਣ ਤੇ ਨਾਬਰਾਬਰੀ ਵਰਗੀਆਂ ਅਨੇਕਾਂ ਅਲਾਮਤਾਂ ਦਾ ਸ਼ਿਕਾਰ ਹੈ ਪਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਅੌਰਤਾਂ ਨਾਲ ਅਨਿਆਂ, ਜਬਰ ਜਨਾਹ ਤੇ ਵਧੀਕੀਆਂ ਦੇ ਮਾਮਲੇ ਸਿੱਖ਼ਰਾਂ ਛੋਹ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਦੀ ਮੰਨੂ ਸਿਮਰਤੀ ’ਤੇ ਆਧਾਰਿਤ ਅੌਰਤ ਵਿਰੋਧੀ ਸੋਚ ਤੇ ਸੱਭਿਆਚਾਰ ਦਾ ਹੀ ਨਤੀਜਾ ਹੈ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਦੇਸ਼ ਦੀਆਂ ਨਾਮਵਰ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਲੈਣ ਲਈ ਮਹੀਨਿਆਂਬੱਧੀ ਅੰਦੋਲਨ ਕਰਨਾ ਪੈ ਰਿਹਾ ਹੈ। ਪ੍ਰੰਤੂ ਇਨਸਾਫ਼ ਦੇਣ ਦੀ ਥਾਂ ਹਕੂਮਤ ਵੱਲੋਂ ਜ਼ਿੰਮੇਵਾਰ ਆਗੂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਦਰ ਅਣਐਲਾਨੀ ਐਮਰਜੈਂਸੀ ਲਾਗੂ ਕਰ ਰਹੀ ਹੈ। ਇਸੇ ਕਰਕੇ ਦੇਸ਼ ਦੇ ਲੋਕਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸੇ ਨੀਤੀ ਤਹਿਤ ਡਾ. ਨਵਸ਼ਰਨ ਨੂੰ ਈਡੀ ਰਾਹੀਂ ਪੁੱਛ-ਪੜਤਾਲ ਦੀ ਆੜ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਨੀ ਲਾਡਰਿੰਗ ਪ੍ਰੀਵੈਨਸ਼ਨ ਐਕਟ ਤਹਿਤ ਝੂਠੇ ਕੇਸ ਵਿੱਚ ਫਸਾਉਣ ਲਈ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਡਾ. ਨਵਸ਼ਰਨ ਸਮੇਤ ਹੋਰਨਾਂ ਅੌਰਤ ਕਾਰਕੁਨਾਂ ਤੋਂ ਹੱਥ ਪਰੇ ਰੱਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਆਪਣੀ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਹੁਕਮਰਾਨਾਂ ਨੂੰ ਜਨਤਕ ਸੰਘਰਸ਼ ਦਾ ਸੇਕ ਝੱਲਣਾ ਪਵੇਗਾ।