nabaz-e-punjab.com

ਮਹਿਲਾ ਕਮਿਸ਼ਨ ਨੇ ਕੰਮ ਵਾਲੀ ਥਾਂ ਉਤੇ ਔਰਤਾਂ ਦੀ ਸੁਰੱਖਿਆ ਲਈ ਦਿਸ਼ਾ ਨਿਰਦੇਸ਼ ਐਲਾਨੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਅਕਤੂਬਰ-
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ‘ਮੀਟੂ’ ਮੁਹਿੰਮ ਨੂੰ ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਦੀ ਦਿਸ਼ਾ ਵਿੱਚ ਅਹਿਮ ਕਦਮ ਦੱਸਦਿਆਂ ਰਾਜ ਵਿੱਚ ਕੰਮ ਵਾਲੀਆਂ ਥਾਵਾਂ ਉਤੇ ਔਰਤਾਂ ਦੀ ਸੁਰੱਖਿਆ ਬਾਬਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਨੇ ਔਰਤਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਰਾਜ ਦੇ ਸਮੁੱਚੇ ਕਰਮਚਾਰੀਆਂ, ਪ੍ਰਸ਼ਾਸਕਾਂ ਤੇ ਚੁਣੇ ਹੋਏ ਮੈਂਬਰਾਂ ਲਈ ਦਿਸ਼ਾ ਨਿਰਦੇਸ਼ ਬਣਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ 9 ਨਵੰਬਰ 2013 ਨੂੰ ਆਪਣੇ ਨੋਟੀਫਿਕੇਸ਼ਨ ਰਾਹੀਂ ਕੰਮ ਵਾਲੀਆਂ ਥਾਵਾਂ ਉਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਐਕਟ ਬਣਾਇਆ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕਮਿਸ਼ਨ ਨੇ ਕੰਮ ਵਾਲੀਆਂ ਥਾਵਾਂ ਉਤੇ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਕੁੱਝ ਨਿਯਮ ਤੇ ਕਾਇਦੇ-ਕਾਨੂੰਨ ਬਣਾਏ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਪੁਰਸ਼ ਅਧਿਕਾਰੀ ਜਾਂ ਮੰਤਰੀ ਕਿਸੇ ਵੀ ਮੀਟਿੰਗ ਜਾਂ ਚਰਚਾ ਲਈ ਕਿਸੇ ਮਹਿਲਾ ਕਰਮਚਾਰੀ ਨੂੰ ਇਕੱਲੇ ਦਫ਼ਤਰ ਵਿੱਚ ਨਹੀਂ ਬੁਲਾ ਸਕੇਗਾ। ਅਜਿਹੀ ਮੀਟਿੰਗ ਜਾਂ ਚਰਚਾ ਦਫ਼ਤਰ ਵਿੱਚ ਕਿਸੇ ਹੋਰ ਮਹਿਲਾ ਮੁਲਾਜ਼ਮ ਦੀ ਹਾਜ਼ਰੀ ਵਿੱਚ ਹੀ ਹੋਵੇਗੀ। ਇਨ੍ਹਾਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨਸੀ ਸ਼ੋਸ਼ਣ ਸਿਰਫ਼ ਸੀਨੀਅਰ ਵੱਲੋਂ ਕਰੀਅਰ, ਤਨਖ਼ਾਹ ਜਾਂ ਨੌਕਰੀ ਦੇ ਇਵਜ਼ ਵਿੱਚ ਕਿਸੇ ਉਤੇ ਪ੍ਰਭਾਵ ਪਾਉਣਾ ਹੀ ਨਹੀਂ, ਸਗੋਂ ਦੋ ਸਹਿਯੋਗੀ ਵਰਕਰਾਂ ਵਿਚਾਲੇ ਦੇ ਇਤਰਾਜ਼ਯੋਗ ਵਿਹਾਰ ਨੂੰ ਵੀ ਇਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਚੇਅਰਪਰਸਨ ਨੇ ਆਖਿਆ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਸਰੀਰਕ ਛੋਹ ਜਾਂ ਖੁੱਲ੍ਹ ਲੈਣ ਨੂੰ ਵੀ ਜਿਨਸੀ ਸ਼ੋਸ਼ਣ ਵਜੋਂ ਵਿਚਾਰਨ ਦੀ ਗੱਲ ਆਖੀ ਗਈ ਹੈ। ਕੰਮ ਵਾਲੀ ਥਾਂ ਕਿਸੇ ਵੀ ਮਹਿਲਾ ਦੇ ਕੱਪੜਿਆਂ ਜਾਂ ਸਰੀਰ ਬਾਰੇ ਕਿਸੇ ਵੀ ਤਰ੍ਹਾਂ ਦੀ ਭੱਦੀ ਟਿੱਪਣੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਭੱਦੇ ਕਿਸਮ ਦੇ ਵਿਅੰਗ ਜਾਂ ਲਤੀਫ਼ਿਆਂ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਆਖਿਆ ਕਿ ਕਿਸੇ ਵੀ ਮਹਿਲਾ ਸਾਥੀ, ਜੂਨੀਅਰ ਜਾਂ ਸੀਨੀਅਰ ਨੂੰ ਮੋਬਾਈਲ ਫੋਨ ਉਤੇ ਕੋਈ ਭੱਦਾ ਲਤੀਫ਼ਾ, ਤਸਵੀਰਾਂ, ਜੀਆਈਐਫ, ਵੀਡੀਓਜ਼ ਜਾਂ ਟੈਕਸਟ ਮੈਸੇਜ ਭੇਜਣਾ ਵੀ ਜਿਨਸੀ ਸ਼ੋਸ਼ਣ ਦੇ ਘੇਰੇ ਵਿੱਚ ਆਏਗਾ ਅਤੇ ਇਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨਾਂ, ਟੈਬਲੈÎੱਟ, ਕੰਪਿਊਟਰ ਜਾਂ ਲੈਂਡਲਾਈਨ ਫੋਨ ਉਤੇ ਦਫ਼ਤਰੀ ਸਮੇਂ ਜਾਂ ਇਸ ਤੋਂ ਬਾਅਦ ਪੁਰਸ਼ ਮੁਲਾਜ਼ਮ ਵੱਲੋਂ ਆਪਣੀ ਜੂਨੀਅਰ ਜਾਂ ਸੀਨੀਅਰ ਮਹਿਲਾ ਮੁਲਾਜ਼ਮ ਨੂੰ ਕਿਸੇ ਵੀ ਤਰ੍ਹਾਂ ਦਾ ਇਤਰਾਜ਼ਯੋਗ ਸੰਦੇਸ਼ ਭੇਜਣ ਨੂੰ ਕਮਿਸ਼ਨ ਬਰਦਾਸ਼ਤ ਨਹੀਂ ਕਰੇਗਾ ਅਤੇ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…