
ਸ਼ਰਾਬ ਗੀਤ ਵਿਵਾਦ: ਮਹਿਲਾ ਕਮਿਸ਼ਨ ਵੱਲੋਂ ਗਾਇਕ ਕਰਨ ਅੌਜਲਾ ਤੇ ਹਰਜੀਤ ਹਰਮਨ ਤਲਬ
ਪ੍ਰੋ. ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ, ਪੁਲੀਸ ਨੂੰ ਵੀ ਭੇਜੀਆਂ ਸ਼ਿਕਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਪੰਜਾਬ ਦੇ ਮਸ਼ਹੂਰ ਗਾਇਕ ਕਰਨ ਅੌਜਲਾ, ਹਰਜੀਤ ਹਰਮਨ ਦਾ ਆਇਆ ਗੀਤ ‘ਸ਼ਰਾਬ’ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਗੀਤ ਨੂੰ ਲੈ ਕੇ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਤਲਬ ਕੀਤਾ ਗਿਆ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਵਸਨੀਕ ਪ੍ਰੋ. ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਉਨ੍ਹਾਂ ਨੇ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ‘ਸ਼ਰਾਬ’ ਗਾਣੇ ਵਿੱਚ ਅੌਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰਕੇ ਅੌਰਤਾਂ ਦੀ ਕਥਿਤ ਬੇਇੱਜ਼ਤੀ ਕੀਤੀ ਗਈ ਹੈ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਿਲਾ ਕਮਿਸ਼ਨ ਨੇ ਗਾਇਕ ਕਰਨ ਅੌਜਲਾ, ਹਰਜੀਤ ਹਰਮਨ ਅਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਆਪਣੇ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ।
ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ‘ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਸਮਾਜ ਦੇ ਜ਼ਿੰਮੇਵਾਰ ਲੋਕ ਅੌਰਤਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਅੌਜਲਾ, ਹਰਜੀਤ ਹਰਮਨ ਦੇ ਆਏ ਗਾਣੇ ‘ਸ਼ਰਾਬ’ ਵਿੱਚ ਅੌਰਤਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਦੋਵੇਂ ਗਾਇਕਾਂ ਕਰਨ ਅੌਜਲਾ, ਹਰਜੀਤ ਹਰਮਨ ਅਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੌਰਤਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਅਤੇ ਉਨ੍ਹਾਂ ਦੀ ਤੁਲਨਾ ਬੰਦੂਕਾਂ, ਨਸ਼ਿਆਂ ਨਾਲ ਕਰਨਾ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਸਾਰੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਗੀਤ ਬਣਾਉਣ ਅਤੇ ਗਾਇਨ ਸਮੇਂ ਸਮਾਜਿਕ ਜ਼ਾਬਤੇ ਦਾ ਜ਼ਰੂਰ ਖਿਆਲ ਰੱਖਣ ਅਤੇ ਭਵਿੱਖ ਵਿੱਚ ਅੌਰਤਾਂ ਦਾ ਮਾਣ ਸਨਮਾਨ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਗੀਤਾਂ ਵਿੱਚ ਸ਼ਰਾਬ ਅਤੇ ਹੋਰ ਕਿਸਮ ਦੇ ਨਸ਼ਿਆਂ ਅਤੇ ਹਥਿਆਰਾਂ ਦੀ ਨੁਮਾਇਸ਼ ਤੋਂ ਗੁਰੇਜ਼ ਕੀਤਾ ਜਾਵੇ। ਉਧਰ, ਇਸ ਸਬੰਧੀ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਜਲੰਧਰ ਦੇ ਪੁਲੀਸ ਕਮਿਸ਼ਨਰ ਅਤੇ ਪਟਿਆਲਾ ਦੇ ਐਸਐਸਪੀ ਨੂੰ ਵੀ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ।