
ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਟੇਟ ਮਹਿਲਾ ਕਮਿਸ਼ਨ ਨੂੰ ਸਹਿਯੋਗ ਕਰੇਗੀ ਦਿਸ਼ਾ ਸੰਸਥਾ: ਹਰਦੀਪ ਕੌਰ ਵਿਰਕ
ਦਿਸ਼ਾ ਦੇ ਉੱਚ ਪੱਧਰੀ ਵਫ਼ਦ ਨੇ ਕੀਤੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨਾਲ ਅਹਿਮ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਪੰਜਾਬ ਭਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਵਧੇਰੇ ਜਾਗਰੂਕ ਕਰਨ ਦੀ ਕਵਾਇਦ ਵਜੋਂ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ (ਰਜਿ.) ਵੱਲੋਂ ਮੀਟਿੰਗਾਂ ਦਾ ਦੌਰ ਅਗਲੇ ਹਫ਼ਤੇ ਸ਼ੁਰੂ ਕੀਤਾ ਜਾ ਰਿਹਾ ਹੈ,ਜਿਸ ਦੀ ਪਹਿਲੀ ਮੀਟਿੰਗ ਲੁਧਿਆਣਾ ਵਿਖੇ ਰੱਖੀ ਜਾ ਰਹੀ ਹੈ;ਇਹ ਗੱਲ ਪੰਜਾਬ ਵਿਚ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਸਿਰਮੋਰ ਸੰਸਥਾ-ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਦੇ ਕੌਮੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਹੀ। ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਅੱਜ ਦਿਸ਼ਾ ਦਾ ਉੱਚ ਪੱਧਰੀ ਵਫ਼ਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਮੁਲਾਕਾਤ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਬੇਸ਼ੱਕ ਸਮਾਜ ਵਿੱਚ ਮਰਦ ਔਰਤ ਦਾ ਪੂਰਕ ਹੈ ਪ੍ਰੰਤੂ ਜਿਹੜੇ ਘਰੇਲੂ ਵਿਵਾਦ ਦੇ ਵਿੱਚ ਅੌਰਤਾਂ ਨਾਲ ਵਧੇਰੇ ਧੱਕੇਸ਼ਾਹੀ ਹੁੰਦੀ ਹੈ ਤਾਂ ਇਸ ਸਾਰੀ ਪ੍ਰਕਿਰਿਆ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੇ ਲਈ ਉਹ- ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਅਜਿਹੇ ਕੇਸ ਲੈ ਕੇ ਆ ਰਹੇ ਹਨ, ਜਿਨ੍ਹਾਂ ਦਾ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਵੱਲੋਂ ਸਮਾਂ ਰਹਿੰਦਿਆਂ ਹੱਲ ਵੀ ਕੀਤਾ ਜਾਂਦਾ ਹੈ ਅਤੇ ਪਿਛਲੇ ਕੁਝ ਸਮੇਂ ਦੌਰਾਨ ਹੀ ਕਈ ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿੱਚ ਘਰੇਲੂ ਮਾਮਲੇ ਵਿੱਚ ਭਾਵੇਂ ਲੜਾਈ ਚਰਮ ਸੀਮਾ ਤੇ ਸੀ, ਪ੍ਰੰਤੂ ਮੈਡਮ ਮਨੀਸ਼ਾ ਗੁਲਾਟੀ ਦੀ ਟੀਮ ਵੱਲੋਂ ਦੋਵੇਂ ਧਿਰਾਂ ਦੀ ਕੌਂਸਲਿੰਗ ਤੋਂ ਬਾਅਦ ਕਈ ਪਤੀ-ਪਤਨੀਆਂ ਨੂੰ ਫਿਰ ਤੋਂ ਇਕੱਠੇ ਰਹਿਣ ਦਾ ਮੌਕਾ ਪ੍ਰਦਾਨ ਕੀਤਾ ਹੈ ਅਤੇ ਮੈਡਮ ਮਨੀਸ਼ਾ ਗੁਲਾਟੀ ਵਲੋਂ ਪਿਛਲੇ ਕੁੱਝ ਸਮਾਂ ਪਹਿਲਾਂ ਹੀ ਐਮ ਏ ਪਾਸ ਇਕ ਨਵ ਵਿਆਹੀ ਕੁੜੀ ਨੂੰ ਕਮਿਸ਼ਨ ਦੀ ਅੰਬੈਸਡਰ ਬਣਾਉਣ ਨਾਲ ਸਮਾਜ ਵਿਚ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਔਰਤਾਂ ਦੇ ਹੌਸਲੇ ਪਹਿਲਾਂ ਦੇ ਮੁਕਾਬਲਤਨ ਵਧੇਰੇ ਵਧ ਗਏ ਹਨ ਅਤੇ ਮੈਡਮ ਮਨੀਸ਼ਾ ਗੁਲਾਟੀ ਨੂੰ ਇਕ ਆਇਕਨ ਦੇ ਤੌਰ ਉੱਤੇ ਵੇਖ ਰਹੀਆਂ ਹਨ।
ਹਰਦੀਪ ਕੌਰ ਵਿਰਕ ਨੇ ਦੱਸਿਆ ਕਿ ਅਗਲੇ ਹਫ਼ਤੇ ਦਿਸ਼ਾ ਦੀ ਹੋਣ ਜਾ ਰਹੀ ਮੀਟਿੰਗ ਵਿਚ ਜਿਹੜੇ ਵੀ ਅਜਿਹੇ ਮਾਮਲੇ ਸਾਹਮਣੇ ਆਉਣਗੇ ਉਨ੍ਹਾਂ ਸਭਨਾਂ ਨੂੰ ਪਹਿਲੇ ਪੜਾਅ ਵਿਚ ਦਿਸ਼ਾ ਦੀਆਂ ਮੈਂਬਰ ਔਰਤਾਂ ਵੱਲੋਂ ਕੌਂਸਲਿੰਗ ਕਰ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪ੍ਰੰਤੂ ਜੇਕਰ ਸਾਰਥਿਕ ਹੱਲ ਨਹੀਂ ਨਿਕਲਦਾ ਤਾਂ ਉਨ੍ਹਾਂ ਨੂੰ ਕਮਿਸ਼ਨ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਹਰਦੀਪ ਵਿਰਕ ਨੇ ਮੰਨਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਵਲੋਂ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਵਿੱਚ ਮਦਦ ਕਰਨ ਦੇ ਲਈ ਪ੍ਰੇਰਿਆ ਗਿਆ ਹੈ,ਅਤੇ ਮੈਡਮ ਮਨੀਸ਼ਾ ਗੁਲਾਟੀ ਵੱਲੋਂ ਮਿਲੇ ਸਹਿਯੋਗ ਅਤੇ ਪ੍ਰੇਰਨਾਦਾਇਕ ਸ਼ਬਦਾਂ ਤੋਂ ਬਾਅਦ ਉਹ ਦਿਸ਼ਾ ਦੀਆਂ ਸਰਗਰਮੀਆਂ ਹੋਰ ਤੇਜ਼ ਕਰ ਦੇਣਗੇ , ਇਸ ਮੌਕੇ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਮੈਡਮ ਬਿਮਲਾ ਦੇਵੀ ਵੀ ਹਾਜ਼ਰ ਸਨ।