Nabaz-e-punjab.com

ਮੁਹਾਲੀ ਦੀ 80 ਸਾਲ ਦੀ ਬੇਬੇ ਸਮੇਤ ਦੋ ਅੌਰਤਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤੀ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
‘ਕਰੋਨਾਵਾਇਰਸ’ ਦੀ ਲਾਗ ਤੋਂ ਪੀੜਤ ਦੋ ਹੋਰ ਮਰੀਜ਼ ਬਿਲਕੁਲ ਤੰਦਰੁਸਤ ਹੋ ਗਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 54 ਹੋ ਗਈ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਦੋ ਬਜ਼ੁਰਗ ਅੌਰਤਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਇੱਥੋਂ ਦੇ ਸੈਕਟਰ-91 ਦੀ ਵਸਨੀਕ ਮਹਿੰਦਰ ਕੌਰ (80) ਅਤੇ ਜਸਵਿੰਦਰ ਕੌਰ (56) ਵਾਸੀ ਪਿੰਡ ਜਵਾਹਰਪੁਰ ਸ਼ਾਮਲ ਹਨ। ਦੋ ਦਿਨ ਪਹਿਲਾਂ ਵੀ ਤੇਜ ਕੌਰ (80) ਨੇ ਇਸ ਮਹਾਮਾਰੀ ਨੂੰ ਮਾਤ ਦਿੱਤੀ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 98 ਹੈ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 54 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਇਸ ਸਮੇਂ 41 ਐਕਟਿਵ ਕੇਸ ਹਨ। ਇਹ ਸਾਰੇ ਮਰੀਜ਼ ਪੀਜੀਆਈ ਅਤੇ ਗਿਆਨ ਸਾਗਰ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਜਵਾਹਰਪੁਰ ਨਾਲ ਸਬੰਧਤ 35 ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੀ ਮਹਿੰਦਰ ਕੌਰ ਨੂੰ ਘਰ ਭੇਜ ਦਿੱਤਾ ਹੈ ਪ੍ਰੰਤੂ ਉਨ੍ਹਾਂ ਨੂੰ ਆਪਣੇ ਘਰ ਵਿੱਚ ਵੀ 14 ਦਿਨਾਂ ਲਈ ਦੂਜੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿਣ ਲਈ ਕਿਹਾ ਗਿਆ ਹੈ। ਜਸਵਿੰਦਰ ਕੌਰ ਨੂੰ ਭਾਵੇਂ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ ਪ੍ਰੰਤੂ ਫਿਲਹਾਲ ਉਸ ਨੂੰ ਘਰ ਨਹੀਂ ਭੇਜਿਆ ਜਾਵੇਗਾ ਸਗੋਂ ਸਾਵਧਾਨੀ ਵਜੋਂ ਉਸ ਨੂੰ ਨਿਰੰਕਾਰੀ ਭਵਨ ਡੇਰਾਬੱਸੀ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇੱਥੇ 14 ਦਿਨਾਂ ਦਾ ਇਕਾਂਤਵਾਸ ਸਮਾਂ ਪੂਰਾ ਹੋਣ ਮਗਰੋਂ ਹੀ ਉਸ ਨੂੰ ਘਰ ਭੇਜਿਆ ਜਾਵੇਗਾ।
ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਆਪਣੇ ਘਰਾਂ ’ਚੋਂ ਬਿਲਕੁਲ ਵੀ ਬਾਹਰ ਨਾ ਨਿਕਲਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈਣ ’ਤੇ ਹੀ ਬਾਹਰ ਜਾਣ। ਉਨ੍ਹਾਂ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਵੀ ਹਸਪਤਾਲ ਨਾ ਜਾਣ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰਕੇ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਣ ਅਤੇ ਮਾਸਕ ਪਾਉਣ ਲਈ ਪ੍ਰੇਰਿਆ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂ ਸਿੰਘ ਅਤੇ ਨੋਡਲ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…