Nabazepunjab.com

ਮੁਹਾਲੀ ਦੀਆਂ ਹਾਊਸਿੰਗ ਸੁਸਾਇਟੀਆਂ ਦੇ ਵਿਕਾਸ ਲਈ ਛੇਤੀ ਹੀ ਕੰਮ ਸ਼ੁਰੂ ਕੀਤੇ ਜਾਣਗੇ: ਮੇਅਰ ਕੁਲਵੰਤ ਸਿੰਘ

ਪੰਜਾਬ ਸਰਕਾਰ ਨੇ ਮੁਹਾਲੀ ਨਿਗਮ ਵੱਲੋਂ ਪਾਸ ਕੀਤੇ 46 ਵਿਕਾਸ ਮਤਿਆਂ ’ਚੋਂ 13 ਮਤਿਆਂ ਨੂੰ ਮਨਜ਼ੂਰੀ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਦੀਆਂ ਹਾਊਸਿੰਗ ਸੁਸਾਇਟੀਆਂ ਦੇ ਬਾਸ਼ਿੰਦਿਆਂ ਨੂੰ ਸਰਬਪੱਖੀ ਵਿਕਾਸ ਹੋਣ ਦੀ ਆਸ ਬੱਝ ਗਈ ਹੈ। ਮੁਹਾਲੀ ਨਗਰ ਨਿਗਮ ਵੱਲੋਂ ਹਾਊਸਿੰਗ ਸੁਸਾਇਟੀਆਂ ਦੇ ਵਿਕਾਸ ਲਈ ਪਾਸ ਕੀਤੇ 46 ਵਿਕਾਸ ਮਤਿਆਂ ’ਚੋਂ ਸਥਾਨਕ ਸਰਕਾਰਾਂ ਵਿਭਾਗ ਨੇ 13 ਮਤਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਮੇਅਰ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹਾਊਸਿੰਗ ਸੁਸਾਇਟੀਆਂ ਦੇ ਵਿਕਾਸ ਕੰਮਾਂ ਸਬੰਧੀ ਟੈਂਡਰ ਲਗਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤਾ ਜਾ ਰਹੀ ਹੈ ਅਤੇ ਛੇਤੀ ਹੀ ਕੰਮ ਸ਼ੁਰੂ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਹਾਊਸਿੰਗ ਸੁਸਾਇਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੁਸਾਇਟੀਆਂ ਦੇ ਵਿਕਾਸ ਕਾਰਜ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਹੁਣ ਤੱਕ ਇਨ੍ਹਾਂ ਸੁਸਾਇਟੀਆਂ ਦੇ ਬਾਹਰਲੇ ਕੰਮ ਨਗਰ ਨਿਗਮ ਵੱਲੋਂ ਕਰਵਾਏ ਜਾਂਦੇ ਸੀ ਜਦੋਂਕਿ ਅੰਦਰਲੇ ਖੇਤਰ ਦਾ ਵਿਕਾਸ ਅਤੇ ਹੋਰ ਕੰਮ ਸੁਸਾਇਟੀਆਂ ਦੀ ਕਮੇਟੀ ਨੂੰ ਖ਼ੁਦ ਹੀ ਕੀਤੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸੁਸਾਇਟੀਆਂ ਵਿੱਚ ਰਹਿੰਦੇ ਲੋਕਾਂ ਦੀ ਮੁੱਖ ਦੇ ਮੱਦੇਨਜ਼ਰ ਨਗਰ ਨਿਗਮ ਦੀ ਮੀਟਿੰਗ ਵਿੱਚ ਵੱਖ ਵੱਖ ਸੁਸਾਇਟੀਆਂ ਵਿੱਚ 12 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਕੁੱਲ 46 ਕੰਮਾਂ ਦੇ ਐਸਟੀਮੇਟ ਪਾਸ ਕਰਕੇ ਮਤਾ ਸਰਕਾਰ ਨੂੰ ਭੇਜਿਆ ਗਿਆ ਸੀ। ਸਰਕਾਰ ਨੇ ਇਨ੍ਹਾਂ ’ਚੋਂ 2.18 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ 13 ਕੰਮਾਂ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਬਾਕੀ ਦੇ ਕੰਮਾਂ ਦੀ ਮਨਜ਼ੂਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੁਸਾਇਟੀਆਂ ਦੇ ਵਿਕਾਸ ਕੰਮਾਂ ਸਬੰਧੀ ਨਗਰ ਨਿਗਮ ’ਤੇ ਕੋਈ ਵਿੱਤੀ ਭਾਰ ਨਹੀਂ ਪਏਗਾ ਕਿਉਂਕਿ ਇਸ ਸਬੰਧੀ ਪੀਆਈਡੀਬੀ ਨੇ ਕੰਮਾਂ ’ਤੇ ਖਰਚ ਹੋਣ ਵਾਲੀ ਰਕਮ (2.18 ਕਰੋੜ) ਦਾ 25 ਫੀਸਦੀ ਹਿੱਸਾ 54 ਲੱਖ 55 ਹਜ਼ਾਰ ਰੁਪਏ ਨਗਰ ਨਿਗਮ ਨੂੰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਸੂਚੀ ਵਿੱਚ ਸਰਕਾਰ ਵੱਲੋਂ ਜਿਨ੍ਹਾਂ ਕੰਮਾਂ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਵਿੱਚ ਪੁਲੀਸ ਕਲੋਨੀ ਫੇਜ਼-8 (ਵਾਰਡ ਨੰਬਰ-23) ਲਈ 22 ਲੱਖ 78 ਹਜ਼ਾਰ ਰੁਪਏ, ਪੀਸੀਏ ਸਟੇਡੀਅਮ ਦੇ ਪਿਛਲੇ ਪਾਸੇ ਪਾਰਕਿੰਗ ਲਈ 30 ਲੱਖ 58 ਹਜ਼ਾਰ, ਫੇਜ਼-11 ਦੇ ਕੋਮਾਂਡੋ ਕੰਪਲੈਕਸ ਲਈ 23 ਲੱਖ 11 ਹਜ਼ਾਰ, ਸੈਕਟਰ-66 ਦੀ ਮੰਡੀ ਬੋਰਡ ਕਲੋਨੀ (ਵਾਰਡ ਨੰਬਰ-27) ਲਈ 3 ਲੱਖ 87 ਹਜ਼ਾਰ, ਫੇਜ਼-10 ਦੀ ਮਾਰਕੀਟ 40 ਲੱਖ 60 ਹਜ਼ਾਰ, ਪੁਲੀਸ ਕਲੋਨੀ, ਉਦਯੋਗਿਕ ਖੇਤਰ ਫੇਜ਼-1 ਲਈ 2 ਲੱਖ 55 ਹਜ਼ਾਰ, ਕਮਾਂਡੋ ਕੰਪਲੈਕਸ ਫੇਜ਼-11 ਵਿੱਚ ਐਲਈਡੀ ਲਾਈਟਾਂ ਲਈ 6 ਲੱਖ 95 ਹਜ਼ਾਰ, ਫੇਜ਼-1 ਪੁਲੀਸ ਕਲੋਨੀ ਲਈ 2 ਲੱਖ 50 ਹਜ਼ਾਰ, ਫੇਜ਼-6 ਵਿੱਚ ਕਾਲੀ ਮਾਤਾ ਮੰਦਰ ਨੇੜੇ ਪਾਰਕ ਦੀਆਂ ਲਾਈਟਾਂ ਲਈ 2 ਲੱਖ 13 ਹਜ਼ਾਰ, ਪਿੰਡ ਮਦਨਪੁਰਾ ਦੇ ਪਿਛਲੇ ਪਾਸੇ ਐਚਆਈਜੀ ਫਲੈਟਾਂ (ਫੇਜ਼-2) ਲਈ 3 ਲੱਖ 37 ਹਜ਼ਾਰ, ਫੇਜ਼-6 ਵਿੱਚ ਕਾਲੀ ਮਾਤਾ ਮੰਦਰ ਨੇੜੇ ਪਾਰਕ ਦੀ ਉਸਾਰੀ ਲਈ 21 ਲੱਖ 71 ਹਜ਼ਾਰ ਅਤੇ ਪਿੰਡ ਮਦਨਪੁਰਾ ਦੀ ਫਿਰਨੀ 2 ਲਈ 58 ਲੱਖ 5 ਹਜ਼ਾਰ ਖਰਚਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਜ ਨੇਪਰੇ ਚੜ੍ਹਨ ਨਾਲ ਸੁਸਾਇਟੀਆਂ ਵਿੱਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਨਗਰ ਨਿਗਮ ਵੱਲੋਂ ਛੇਤੀ ਹੀ ਟੈਂਡਰ ਜਾਰੀ ਕਰ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…