
ਪਹਿਲਕਦਮੀ: ਬਿਨਾਂ ਸਰਕਾਰੀ ਫੰਡ ਤੋਂ ਗੁਰੂ ਨਾਨਕ ਕਲੋਨੀ ਜਗਤਪੁਰਾ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ
ਸਰਕਾਰਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਦੇ ਸੰਜੀਦਗੀ ਨਾਲ ਯਤਨ ਨਹੀਂ ਕੀਤੇ: ਸਮਾਣਾ
ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ: ਸਰਬਜੀਤ ਸਮਾਣਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੜਾਅਵਾਰ ਪੁਗਾਉਣ ਦੀ ਕਾਰਵਾਈ ਤਹਿਤ ਜਗਤਪੁਰਾ ਸਥਿਤ ਗੁਰੂ ਨਾਨਕ ਕਲੋਨੀ ਵਿੱਚ ਸੀਵਰੇਜ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇਸ ਕੰਮ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ’ਤੇ 15 ਲੱਖ ਰੁਪਏ ਖ਼ਰਚਾ ਆਵੇਗਾ। ਜਿਸ ਵਿੱਚ ਕੁਲਵੰਤ ਸਿੰਘ ਨੇ ਆਪਣੇ ਨਿੱਜੀ ਖਾਤੇ ’ਚੋਂ 5 ਲੱਖ ਰੁਪਏ ਦਿੱਤੇ ਗਏ ਹਨ ਜਦੋਂਕਿ ਬਾਕੀ ਦਾ ਪੈਸਾ ਲੋਕਾਂ ਵੱਲੋਂ ਇਕੱਠਾ ਕੀਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਆਪ ਸਰਕਾਰ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਇਨਸਾਫ਼ ਅਤੇ ਸਰਬਪੱਖੀ ਵਿਕਾਸ ਦੀ ਆਸ ਬੱਝੀ ਹੈ। ਉਨ੍ਹਾਂ ਐਲਾਨ ਕੀਤਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਗਤਪੁਰਾ ਵਿੱਚ ਲੋਕ ਪਿਛਲੇ ਲਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਸਨ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਲੋਕਾਂ ਦੀ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਕਦੇ ਵੀ ਸੰਜੀਦਗੀ ਨਾਲ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਵਿਦੇਸ਼ ਦੌਰੇ ’ਤੇ ਹਨ, ਪ੍ਰੰਤੂ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਮੁਹਾਲੀ ਹਲਕੇ ਵਿੱਚ ਵਿਕਾਸ ਕੰਮ ਜਾਰੀ ਹਨ।

ਇਸ ਮੌਕੇ ਨਾਜ਼ਰ ਸਿੰਘ, ਰਣਜੀਤ ਸਿੰਘ ਰਾਣਾ, ਧੀਰਜ ਗੋਰੀ, ਰਾਜੇਸ਼ ਕੁਮਾਰ, ਮਦਨ ਲਾਲ, ਹਰਜੀਤ ਸਿੰਘ, ਮਨਿੰਦਰ ਸਿੰਘ ਬਿੱਟੂ, ਰਾਮਜੀਤ ਯਾਦਵ, ਸੌਰਵ, ਰਾਕੇਸ਼ ਤੁਲਸਾਨੀ ਸਮੇਤ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਕਲੋਨੀ ਦੇ ਪਤਵੰਤੇ ਹਾਜ਼ਰ ਸਨ।