nabaz-e-punjab.com

ਨੋ ਵਰਕ-ਨੋ ਪੇਅ: ਪਾਵਰਕੌਮ ਮੁਲਾਜ਼ਮਾਂ ਵੱਲੋਂ ਮੁਹਾਲੀ ਵਿੱਚ ਰੋਸ ਪ੍ਰਦਰਸ਼ਨ

ਹੜਤਾਲ ਕਾਰਨ ਕੋਈ ਵੀ ਮੁਲਾਜ਼ਮ ਡਿਊਟੀ ’ਤੇ ਨਹੀਂ ਪਰਤਿਆ, ਪਾਵਰਕੌਮ ਅਧਿਕਾਰੀਆਂ ਨੇ ਜਤਾਈ ਬੇਵਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਪੰਜਾਬ ਸਰਕਾਰ ਦੇ ’ਨੋ ਵਰਕ ਨੋ ਪੇਅ’ ਦੇ ਹੁਕਮਾਂ ਖ਼ਿਲਾਫ਼ ਹੁਣ ਪਾਵਰਕੌਮ ਦੇ ਮੁਲਾਜ਼ਮ ਵੀ ਸੜਕਾਂ ’ਤੇ ਉਤਰ ਆਏ ਹਨ। ਪਾਵਰਕੌਮ ਦੇ ਸਮੂਹ ਕਰਮਚਾਰੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀਐਸਯੂ) ਪੰਜਾਬ ਵੱਲੋਂ ਉਲੀਕੇ ਸੰਘਰਸ਼ ਦੇ ਤਹਿਤ ਲੰਘੀ ਰਾਤ 12 ਵਜੇ ਤੋਂ 24 ਘੰਟੇ ਦੀ ਹੜਤਾਲ ’ਤੇ ਚਲੇ ਗਏ ਹਨ। ਜਿਸ ਕਾਰਨ ਖਪਤਕਾਰਾਂ ਅਤੇ ਅਧਿਕਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੌਮ ਮੁਲਾਜ਼ਮਾਂ ਨੇ ਵਰ੍ਹਦੇ ਮੀਂਹ ਵਿੱਚ ਮੁਹਾਲੀ ਦਫ਼ਤਰ ਦੇ ਬਹਾਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਟੀਐਸਯੂ ਦੇ ਡਵੀਜ਼ਨ ਪ੍ਰਧਾਨ ਜਨਕ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਪਾਵਰਕੌਮ ਮੈਨੇਜਮੈਂਟ ਵਿੱਚ ਰੈਗੂਲਰ ਭਰਤੀ ਨਾ ਕਰਕੇ ਠੇਕੇਦਾਰੀ ਸਿਸਟਮ ਰਾਹੀਂ ਪਾਵਰਕੌਮ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ। ਜਿਹੜੇ ਬਿਜਲੀ ਕਾਮੇ ਘੱਟ ਗਿਣਤੀ ਹੋਣ ਦੇ ਬਾਵਜੂਦ ਦਿਨ ਰਾਤ ਕੰਮ ਕਰਦੇ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਖਾਲੀ ਅਸਾਮੀਆਂ ਭਰਨ ਦੀ ਬਜਾਏ ਉਨ੍ਹਾਂ ਨੂੰ ਖ਼ਤਮ ਕੀਤੀਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਧਾਰਨ ਅੜੀਅਲ ਰਵੱਈਏ ਕਾਰਨ ਅੱਕੇ ਹੋਏ ਬਿਜਲੀ ਕਾਮੇ ਆਪਣੀਆਂ ਡਿਊਟੀਆਂ ਤਿਆਗਦੇ ਹੋਏ ਇਕ ਰੋਜ਼ਾ ਹੜਤਾਲ ਕਰਕੇ ਧਰਨੇ ਵਿੱਚ ਸ਼ਾਮਲ ਹੋਏ ਹਨ।
ਸਰਕਲ ਆਗੂ ਲੱਖਾ ਸਿੰਘ, ਗੁਰਬਖ਼ਸ਼ ਸਿੰਘ, ਮਹਿੰਦਰ ਸਿੰਘ, ਜਤਿੰਦਰ ਸਿੰਘ, ਜਗਦੀਪ ਸਿੰਘ, ਸਤਵੰਤ ਸਿੰਘ, ਪਰਮਜੀਤ ਸਿੰਘ ਤੇ ਹੋਰ ਸਾਥੀਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਵਿੱਚ ਕੰਮ ਭਾਰ ਮੁਤਾਬਕ ਰੈਗੂਲਰ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ, ਪੇ-ਬੈਂਡ 1 ਦਸੰਬਰ 2011 ਤੋਂ ਛੇਤੀ ਦਿੱਤਾ ਜਾਵੇ, ਮੁਲਾਜ਼ਮਾਂ ਦੇ ਪੇ-ਸਕੇਲ ਜਲਦੀ ਦੋ ਧਿਰੀ ਗੱਲਬਾਤ ਰਾਹੀਂ ਸੋਧੇ ਜਾਣ, ਮਹਿੰਗਾਈ ਭੱਤੇ ਦੀਆਂ ਪਿਛਲੀਆਂ ਰਹਿੰਦੀਆਂ ਕਿਸ਼ਤਾਂ ਦਾ ਨਿਪਟਾਰਾ ਕਰਕੇ ਬਣਦਾ ਬਕਾਇਆ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿੱਚ ਮਹਿੰਗਾਈ ਭੱਤੇ ਦੀ ਕਿਸ਼ਤ ਜਨਵਰੀ ਅਤੇ ਜੁਲਾਈ ਵਿੱਚ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ, ਤਰੱਕੀ ਨੀਤੀ ਵਿੱਚ ਇੱਕਸਾਰਤਾ ਲਿਆਂਦੀ ਜਾਵੇ। ਆਗੂਆਂ ਨੇ ਪਾਵਰਕੌਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਛੇਤੀ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
(ਬਾਕਸ ਆਈਟਮ)
ਉਧਰ, ਬੀਤੀ ਰਾਤ ਅੱਜ ਦਿਨ ਵਿੱਚ ਬਿਜਲੀ ਸਪਲਾਈ ਵਿੱਚ ਪਏ ਵਿਘਨ ਸਬੰਧੀ ਕੋਈ ਕਰਮਚਾਰੀ ਡਿਊਟੀ ’ਤੇ ਨਹੀਂ ਪਰਤਿਆ। ਜਿਸ ਕਾਰਨ ਪਾਵਰਕੌਮ ਦੇ ਅਧਿਕਾਰੀਆਂ ਨੂੰ ਪ੍ਰਾਈਵੇਟ ਕਰਮਚਾਰੀਆਂ ਨੂੰ ਦਿਹਾੜੀ ’ਤੇ ਲਗਾ ਕੇ ਬੂਤਾ ਸਾਰਿਆ ਗਿਆ। ਗੁਰੂ ਅੰਗਦ ਦੇਵ ਨਗਰ, ਰੰਧਾਵਾ ਰੋਡ ਖਰੜ ਹੋਰਨਾਂ ਥਾਵਾਂ ’ਤੇ ਬੀਤੀ ਰਾਤ ਕਰੀਬ 10 ਵਜੇ ਤੇਜ਼ ਬਾਰਸ਼ ਸ਼ੁਰੂ ਹੋਣ ਕਾਰਨ ਅਚਾਨਕ ਬਿਜਲੀ ਗੁੱਲ ਹੋ ਗਈ ਸੀ ਲੇਕਿਨ ਦੇਰ ਰਾਤ ਤੱਕ ਬਿਜਲੀ ਵਾਪਸ ਨਹੀਂ ਆਈ। ਜਿਸ ਕਾਰਨ ਇਸ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਸਬੰਧੀ ਪਾਵਰਕੌਮ ਦੇ ਸ਼ਿਕਾਇਤ ਘਰ ਵਿੱਚ ਤਾਲਮੇਲ ਕਰਨ ’ਤੇ ਭਰੋਸਾ ਦਿੱਤਾ ਗਿਆ ਕਿ ਅਨਾਜ ਮੰਡੀ ਵਾਲੇ ਫੀਡਰ ਵਿੱਚ ਤਕਨੀਕੀ ਨੁਕਸ ਪੈ ਗਿਆ ਹੈ ਅਤੇ ਸ਼ਾਮ ਚਾਰ ਵਜੇ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ। ਪ੍ਰੰਤੂ ਬਿਜਲੀ ਨਹੀਂ ਆਈ। ਇਸ ਤੋਂ ਬਾਅਦ ਐਸਡੀਓ ਸਮੀਰ ਭਾਰਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਪਾਵਰਕੌਮ ਦੇ ਸਾਰੇ ਮੁਲਾਜ਼ਮ ਲੰਘੀ ਰਾਤ 12 ਵਜੇ ਤੋਂ ਹੜਤਾਲ ’ਤੇ ਚਲ ਰਹੇ ਹਨ। ਜਿਸ ਕਾਰਨ ਇਹ ਦਿੱਕਤ ਆ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…