ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ
ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ, ਦੋ ਮਜ਼ਦੂਰਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ
ਐਸਡੀਐਮ ਦਮਨਦੀਪ ਕੌਰ ਅਤੇ ਡੀਐਸਪੀ ਕਰਨ ਸੰਧੂ ਨੇ ਕੀਤੀ ਬਚਾਅ ਕਾਰਜ ਦੀ ਨਿਗਰਾਨੀ
ਲੈਂਟਰ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ
ਨਬਜ਼-ਏ-ਪੰਜਾਬ, ਮੁਹਾਲੀ, 13 ਜਨਵਰੀ:
ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਟੀਡੀਆਈ ਸਿਟੀ ਸੈਕਟਰ-118 ਵਿੱਚ ਸੋਮਵਾਰ ਸ਼ਾਮ ਨੂੰ ਅਚਾਨਕ ਇੱਕ ਉਸਾਰੀ ਅਧੀਨ ਸ਼ੋਅਰੂਮ ਦੀ ਛੱਤ ਦਾ ਲੈਂਟਰ ਡਿੱਗਣ ਕਾਰਨ ਇੱਕ ਮਜ਼ਦੂਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (41) ਵਾਸੀ ਪਿੰਡ ਚੂਹੜਮਾਜਰਾ ਵਜੋਂ ਹੋਈ ਹੈ। ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਇਸ ਹਾਦਸੇ ਵਿੱਚ ਦੋ ਹੋਰ ਮਜ਼ਦੂਰਾਂ ਨੂੰ ਵੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ। ਬਾਅਦ ਵਿੱਚ ਮੁਹਾਲੀ ਦੇ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਅੱਜ ਦੇਰ ਸ਼ਾਮ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਜਿਵੇਂ ਹੀ ਲੈਂਟਰ ਡਿੱਗਣ ਦੀ ਸੂਚਨਾ ਮੁਹਾਲੀ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਤੁਰੰਤ ਐਸਡੀਐਮ ਦਮਨਦੀਪ ਕੌਰ ਅਤੇ ਡੀਐਸਪੀ ਖਰੜ-1 ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਬਚਾਅ ਕਾਰਜ ਸ਼ੁਰੂ ਕੀਤੇ ਗਏ। ਬਚਾਅ ਕਾਰਜ ਦੌਰਾਨ ਲੈਂਟਰ ਦੇ ਮਲਬੇ ਹੇਠਾਂ ਫਸੇ ਦੋ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਫੌਰੀ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਪਹੁੰਚਾਇਆ ਗਿਆ। ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਜਸਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਐਲਾਨਿਆ ਗਿਆ। ਜਿਸ ਨੂੰ ਅਤਿ ਨਾਜ਼ੁਕ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਜਦਕਿ ਦੂਜਾ ਜ਼ਖ਼ਮੀ ਹਾਲੇ ਵੀ ਇਲਾਜ ਅਧੀਨ ਹੈ।
ਏਡੀਸੀ ਤਿੜਕੇ ਨੇ ਕਿਹਾ ਕਿ ਸ਼ੋਅਰੂਮ ਦਾ ਲੈਂਟਰ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਅਤੇ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਐਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਕਰ ਲਏ ਗਏ ਹਨ ਅਤੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੇ ਲੈਂਟਰ ਡਿਗਦੇ ਸਮੇਂ ਛਾਲਾਂ ਮਾਰ ਦਿੱਤੀਆਂ ਸਨ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਟੀਡੀਆਈ ਸਿਟੀ ਵਿੱਚ ਉਸਾਰੀ ਅਧੀਨ ਸ਼ੋਅਰੂਮ ਦੀ ਪਹਿਲੀ ਮੰਜ਼ਲ ਦਾ ਲੈਂਟਰ ਹਾਲ ਹੀ ਵਿੱਚ ਪਾਇਆ ਗਿਆ ਸੀ। ਹਾਲਾਂਕਿ ਹੱਡ ਚੀਰਵੀਂ ਠੰਢ ਪੈਣ ਕਾਰਨ ਪਹਿਲੀ ਮੰਜ਼ਲ ਦੇ ਲੈਂਟਰ ਨੂੰ ਸੁੱਕਣ ਲਈ ਸਮਾਂ ਚਾਹੀਦਾ ਸੀ ਪ੍ਰੰਤੂ ਦੂਜੀ ਮੰਜ਼ਲ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ। ਜਿਸ ਕਾਰਨ ਉਕਤ ਇਮਾਰਤ ਅਚਾਨਕ ਢਹਿ ਢੇਰੀ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਮਜ਼ਦੂਰ ਉਸਾਰੀ ਕਾਰਜਾਂ ਵਿੱਚ ਲੱਗੇ ਹੋਏ ਸੀ। ਇਮਾਰਤ ਡਿੱਗਣ ਦਾ ਅੰਦੇਸ਼ਾ ਹੋਣ ਕਾਰਨ ਕਈ ਮਜ਼ਦੂਰ ਪਹਿਲਾਂ ਹੀ ਪਾਸੇ ਹਟ ਗਏ ਅਤੇ ਦੋ ਮਜ਼ਦੂਰਾਂ ਨੇ ਛਾਲਾਂ ਮਾਰ ਕੇ ਆਪਣਾ ਬਚਾਅ ਕਰ ਲਿਆ ਪ੍ਰੰਤੂ ਦੋ ਮਲਬੇ ਹੇਠ ਦੱਬ ਗਏ। ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ।
ਜ਼ਿਕਰਯੋਗ ਹੈ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਕਈ ਇਮਾਰਤਾਂ ਡਿੱਗ ਚੁੱਕੀਆਂ। ਕੁੱਝ ਦਿਨ ਪਹਿਲਾਂ ਹੀ ਸੋਹਾਣਾ ਵਿੱਚ ਬਹੁਮੰਜ਼ਲਾ ਜਿਮ ਦੀ ਇਮਾਰਤ ਢਹਿ ਗਈ ਸੀ। ਇਸ ਤੋਂ ਪਹਿਲਾਂ ਖਰੜ-ਲਾਂਡਰਾਂ ਸੜਕ ’ਤੇ ਇੱਕ ਬਹੁਮੰਜ਼ਲਾ ਇਮਾਰਤ ਢਹਿ ਢੇਰੀ ਹੋ ਗਈ ਸੀ।