nabaz-e-punjab.com

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਰਕਸ਼ਾਪ 15 ਸਤੰਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 15 ਸਤੰਬਰ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ (ਮਗਸੀਪਾ) ਸੈਕਟਰ-26 ਚੰਡੀਗੜ੍ਹ ਵਿਖੇ ਜੂਨੀਅਰ ਇੰਜੀਨੀਅਰਾਂ ਤੋਂ ਲੈ ਕੇ ਸੀਨੀਅਰ ਇੰਜੀਨੀਅਰਾਂ ਲਈ ‘ਤਕਨੀਕੀ ਮਾਮਲਿਆਂ ਅਤੇ ਸੰਚਾਰ ਹੁਨਰਾਂ’ ਦੇ ਵਿਸ਼ੇ ’ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਤੱਕ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ (ਜਿੰਪਾ) ਹੋਣਗੇ, ਜਦਕਿ ਵਰਕਸ਼ਾਪ ਦੀ ਅਗਵਾਈ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਸ਼ੇਸ਼ ਸਕੱਤਰ-ਕਮ ਐਚਓਡੀ ਵਿਪੁਲ ਉਜਵਲ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਨੂੰ ਲੈ ਕੇ ਮੁੱਖ ਇੰਜੀਨੀਅਰ ਕੇ.ਐੱਸ. ਸੈਣੀ ਵਲੋਂ ਜਲ ਸਪਲਾਈ ਖੇਤਰ ਨਾਲ ਸੰਬੰਧਤ ਉੱਘੇ ਮਾਹਿਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਪ੍ਰੋ. ਡਾ. ਇੰਜ. ਥੋਮਸ ਗਰੀਸਚੈਕ (ਜਰਮਨੀ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਹਾਇਡ੍ਰੋਲੋਜੀ ਰੁੜਕੀ ਤੋਂ ਡਾ. ਗੋਪਾਲ ਕ੍ਰਿਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਡਾ. ਦੀਪਾਂਕਰ ਸਾਹਾ ਵਿਸ਼ੇਸ਼ ਬੁਲਾਰੇ ਵਜੋਂ ਹਾਜ਼ਰੀ ਭਰਨਗੇ। ਬੁਲਾਰੇ ਅਨੁਸਾਰ ਇਹ ਵਰਕਸ਼ਾਪ ਭਾਰਤ ਰਤਨ ਮੋਕਸਹੈਂਗੁਡਮ ਵਿਸਵੇਸ਼ਵਰਿਆ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਯਾਦ ਵਿਚ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ।
ਉਹ ਪਹਿਲੇ ਭਾਰਤੀ ਸਿਵਿਲ ਇੰਜੀਨੀਅਰ ਸਟੇਟਮੈਨ ਅਤੇ ਮੈਸੂਰ ਦੇ 19ਵੇਂ ਦੀਵਾਨ ਸਨ, ਜਿਨ੍ਹਾਂ ਨੇ 1912 ਤੋਂ ਲੈ ਕੇ 1918 ਤੱਕ ਸੇਵਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਇੰਜੀਨੀਅਰ ਪਾਣੀ ਦੀ ਕਮੀ ਅਤੇ ਪਾਣੀ ਦੀ ਗੁਣਵੱਤਾ ਦੇ ਮੁੱਦਿਆਂ ਨਾਲ ਨਜਿੱਠਣ ਲਈ ਅਹਿਮ ਜਾਣਕਾਰੀ ਹਾਸਲ ਕਰਨਗੇ, ਜੋ ਕਿ ਉਨ੍ਹਾਂ ਦੇ ਬੌਧਿਕ/ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦਗਾਰ ਸਾਬਤ ਹੋਵੇਗੀ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…