ਮੁਹਾਲੀ ਵਿੱਚ ਗੈਰ-ਸੰਚਾਰੀ ਰੋਗਾਂ ’ਤੇ ਕੰਟਰੋਲ ਲਈ ਸਿਵਲ ਸੁਸਾਇਟੀ ਦਾ ਰੋਲ ਵਿਸ਼ੇ ’ਤੇ ਵਰਕਸ਼ਾਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਹੈਲਦੀ ਇੰਡੀਆ ਅਲਾਇੰਸ ਵੱਲੋਂ ਅੱਜ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਗੈਰ ਸੰਚਾਰੀ ਰੋਗਾਂ (ਐਨਸੀਡੀਸ) ’ਤੇ ਕੰਟਰੋਲ ਲਈ ਸਿਵਲ ਸੁਸਾਇਟੀ ਦਾ ਰੋਲ’ ਵਿਸ਼ੇ ’ਤੇ ਵਿਚਾਰ-ਚਰਚਾ ਲਈ ਪਹਿਲੀ ਖੇਤਰੀ ਵਰਕਸ਼ਾਪ ਮਿਉਂਸਪਲ ਭਵਨ ਵਿਖੇ ਕਰਵਾਈ ਗਈ ਜਿਸ ਵਿੱਚ ਚੰਡੀਗੜ੍ਹ ਖੇਤਰ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਭਾਗ ਲਿਆ। ਵਰਕਸ਼ਾਪ ਦਾ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਗੈੈਰ ਸੰਚਾਰ ਰੋਗਾਂ ਦੇ ਸਟੇਟ ਨੋਡਲ ਅਫਸਰ ਡਾ. ਜੀ.ਬੀ. ਸਿੰਘ ਨੇ ਕੀਤਾ। ਵਰਕਸ਼ਾਪ ਦੌਰਾਨ ਪੀਜੀਆਈ ਚੰਡੀਗੜ੍ਹ ਦੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਜੇ.ਐਸ. ਠਾਕੁਰ, ਵਧੀਕ ਪ੍ਰੋਫੈਸਰ ਡਾ. ਸੋਨੂੰ ਗੋਇਲ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਗੁਪਤਾ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਦਾ ਯੂਨੀਅਨ ਸਾਊਥ ਈਸਟ ਏਸ਼ੀਆ ਦੇ ਡਿਪਟੀ ਰੀਜਨਲ ਡਾਇਰੈਕਟਰ ਡਾ. ਰਾਣਾ ਜੇ ਸਿੰਘ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਅਤੇ ਸੰਸਥਾ ‘ਹਰੀਦੇ’ ਦੀ ਪ੍ਰੋਜੈਕਟ ਅਫਸਰ ਬੀਬੀ ਪ੍ਰਾਚੀ ਕਥੂਰੀਆ ਨੇ ਸੰਬੋਧਨ ਕੀਤਾ।
ਵਰਕਸ਼ਾਪ ਦੌਰਾਨ ਬੋਲਦਿਆਂ ਡਾ. ਜੀਬੀ ਸਿੰਘ ਨੇ ਕਿਹਾ ਕਿ ਗੈਰ ਸੰਚਾਰੀ ਰੋਗ ਆਮ ਤੌਰ ਤੇ ਲੰਮੇ ਸਮੇਂ ਤੱਕ ਚੱਲਣ ਵਾਲੇ ਅਤੇ ਹੌਲੀ ਹੌਲੀ ਵਧਣ ਵਾਲੇ ਰੋਗ ਹੁੰਦੇ ਹਨ ਜਿਹਨਾਂ ਦਾ ਪਸਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਨਹੀਂ ਹੁੰਦਾ। ਉਹਨਾਂ ਹਾਜ਼ਰ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਰੋਗਾਂ ਬਾਰੇ ਵੱਧ ਤੋਂ ਵੱਧ ਜਾਗਰੂਕਤ ਫੈਲਾਉਣ ਤਾਂਕਿ ਬਿਮਾਰੀਆਂ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਡਾ. ਜੇ ਐਸ ਠਾਕੁਰ ਨੇ ਕਿਹਾ ਦਿਲ ਦੀਆਂ ਬੀਮਾਰੀਆਂ, ਸੂਗਰ, ਕੈਂਸਰ, ਹਾਈ ਬਲੱਡ ਪ੍ਰੈਸ਼ਰ ਆਦਿ ਸਹਿਤ ਗੈਰ ਸੰਚਾਰੀ ਰੋਗਾਂ ਵਿੱਚ ਕੁੱਲ 22 ਦੇ ਕਰੀਬ ਬੀਮਾਰੀਆਂ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਰਤ ਵਿੱਚ 60 ਫੀਸਦੀ ਤੋਂ ਉਪਰ ਮੌਤਾਂ ਦਾ ਕਾਰਨ ਗੈਰ ਸੰਚਾਰੀ ਰੋਗ ਹਨ ਅਤੇ ਇਹਨਾਂ ਵਿੱਚੋਂ ਕਰੀਬ 55 ਫੀਸਦੀ ਮੌਤਾਂ ਉਮਰ ਤੋਂ ਪਹਿਲਾਂ ਹੁੰਦੀਆਂ ਹਨ ਜਿਹਨਾਂ ਨੂੰ ਬਚਾਇਆ ਜਾ ਸਕਦਾ ਹੈ। ਡਾ. ਕਾਜਲ, ਡਿਪਟੀ ਡਾਇਰੈਕਟਰ, ਐਨਸੀਡੀ ਕੰਟਰੋਲ, ਹਰਿਆਣਾ ਨੇ ਹਰਿਆਣਾ ਵਿੱਚ ਚੱਲ ਰਹੇ ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ ਸੰਬੰਧੀ ਚੱਲ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ।
ਡਾ. ਰਾਣਾ ਜੇ. ਸਿੰਘ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦਾ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਮਹੱਤਵਪੂਰਨ ਰੋਲ ਹੈ ਅਤੇ ਸਮਾਜਿਕ ਸੰਸਥਾਵਾਂ ਦੀ ਭਾਈਵਲੀ ਨਾਲ ਆਮ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ 90 ਫੀਸਦੀ ਮੂੰਹ ਦੇ ਕੈਂਸਰਾਂ ਦਾ ਕਾਰਨ ਤੰਬਾਕੂ ਹੈ ਅਤੇ ਪੰਜਾਬ ਵਿੱਚ ਤੰਬਾਕੂ ਕੰਟਰੋਲ ਦੇ ਕਾਰਜਾਂ ਨੂੰ ਜਿਲ੍ਹਾ ਪੱਧਰ ’ਤੇ ਪੂਰੀ ਸਰਗਰਮੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਸੰਸਥਾ ‘ਹਰੀਦੇ’ ਦੀ ਪ੍ਰੋਜੈਕਟ ਅਫਸਰ ਬੀਬੀ ਪ੍ਰਾਚੀ ਕਥੂਰੀਆ ਨੇ ਕਿਹਾ ਕਿ ਉਤਰੀ ਖੇਤਰ ਦੀਆਂ ਸੰਸਥਾਵਾਂ ਨੂੰ ਗੈਰ ਸੰਚਾਰੀ ਰੋਗਾਂ ਦੀ ਜਾਗਰੂਕਤਾ ਲਈ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ‘ਹੈਲਥੀ ਇੰਡੀਆ ਅਲਾਇੰਸ’ ਦੀ ਸਥਾਪਨਾ ਅਕਤੂਬਰ 2015 ਵਿੱਚ ਜੋ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਵੱਖੋ ਵੱਖ ਤਰੀਕਿਆਂ ਨਾਲ ਜਾਗਰੂਕ ਕਰ ਰਿਹਾ ਹੈ।
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਨੇ ਸਕੂਲਾਂ ਵਿੱਚ ਕੰਮ ਕਰਨ ਦੀ ਸਖ਼ਤ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਵਿਦਿਆਰਥੀਆਂ ਨੂੰ ਜੰਗ ਫੂਡ, ਡੱਬਾ ਬੰਦ ਜੂਸ ਅਤੇ ਠੰਢਿਆਂ ਵਿੱਚ ਪਾਏ ਜਾਂਦੀ ਉਚ ਸੂਗਰ ਦੀ ਜਾਣਕਾਰੀ ਦਿੱਤੀ ਜਾ ਸਕਦੇ। ਇਸ ਮੌਕੇ ਡਾ. ਅਨੀਸ਼ ਗਰਗ, ਡਾ. ਸੋਨੂੰ ਗੋਇਲ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਬੀਬੀ ਸੁਰਜੀਤ ਕੌਰ, ਸੋਸ਼ਨ ਡਿਵੈਲਪਮੈਂਟ ਅਤੇ ਰਿਸਰਚ ਫਾਊੰਡੇਸ਼ਨ ਤੋਂ ਸ. ਅਜੈਬ ਸਿੰਘ, ਕੰਜਿਊਮਰ ਵੈਲਫੇਅਰ ਫੈਡਰੇਸ਼ਨ ਤੋਂ ਪੀ ਐਸ ਵਿਰਦੀ, ਨਹਿਰੂ ਯੁਵਾ ਕੇਂਦਰ ਤੋਂ ਜਿਲ੍ਹਾ ਪ੍ਰੋਜੈਕਟ ਅਫਸਰ ਗੁਰਵਿੰਦਰ ਸਿੰਘ, ਨਿਊ ਚੰਡੀਗੜ੍ਹ ਵੈਲਫੇਅਰ ਸੁਸਾਇਟੀ ਤੋਂ ਕੁਲਵੰਤ ਸਿੰਘ, ਸੁਸਾਇਟੀ ਫਾਰ ਯੂਥ ਪ੍ਰਮੋਸ਼ਨ ਐਂਡ ਮਾਸੇਜ਼ ਤੋਂ ਡਾ. ਸੁਖਵਿੰਦਰ ਕੌਰ, ਅੰਬੂਜਾ ਫਾਊਡੇਸ਼ਨ ਤੋਂ ਸੰਜੇ ਕੁਮਾਰ, ਪੰਜਾਬ ਯੂਨੀਵਰਸਿਟੀ ਦੇ ਸੋਸ਼ਨ ਵਰਕ ਵਿਭਾਗ ਤੋਂ ਅਨੀਰੁੱਧ ਤੋਂ ਇਲਾਵਾ ਸ਼ਮਸ਼ੀਰ ਰਾਣਾ ਟੰਡਨ, ਮਲਕੀਤ ਸਿੰਘ, ਐਸਪੀ ਸੁਰੀਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…