nabaz-e-punjab.com

ਫੈਕਟਰੀ ਕਾਮਿਆਂ ਦੀ ਤੰਬਾਕੂ ਦੀ ਆਦਤ ਛੁਡਾਉਣ ਲਈ ਵਰਕਸ਼ਾਪ

ਗਿਲਾਰਡ ਇਲੈਕਟ੍ਰਾਨਿਕਸ ਵੱਲੋਂ 25 ਮੁਲਾਜ਼ਮਾਂ ’ਤੇ ਕੀਤਾ ਜਾ ਰਿਹੈ ਕੰਮ, ਮਾਡਲ ਨੂੰ ਹੋਰ ਫੈਕਟਰੀ ਮਾਲਕ ਵੀ ਅਪਨਾਉਣ- ਉਪਿੰਦਰਪ੍ਰੀਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਜਨਰੇੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਸਨਅਤੀ ਖੇਤਰ ਵਿਖੇ ਫੈਕਟਰੀ ਗਿਲਾਰਡ ਇਲੈਕਟ੍ਰਾਨਿਕਸ ਦੇ ਕਿਰਤੀਆਂ ਨੂੰ ਤੰਬਾਕੂ ਦੀ ਆਦਤ ਤੋਂ ਮੁਕਤ ਕਰਵਾਉਣ ਲਈ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੁੰਦੀਆਂ ਬਿਮਾਰੀਆਂ ਅਤੇ ਇਸ ਆਦਤ ਨੂੰ ਛੱਡਣ ਦੇ ਤਰੀਕਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਸੰਸਥਾ ਵੱਲੋ ਪਿਛਲੇ ਕੁੱਝ ਮਹੀਨੇ ਪਹਿਲਾਂ ਫੈਕਟਰੀ ਦੀ ਸਾਰੇ ਮੁਲਾਜ਼ਮਾਂ ਲਈ ਵਰਕਸ਼ਾਪ ਲਗਾਈ ਗਈ ਸੀ ਪਰ ਹੁਣ ਦੂਜੇ ਪੜਾਅ ਵਿੱਚ ਉਹਨਾਂ ਮੁਲਾਜ਼ਮਾਂ ਲਈ ਹੀ ਸੈਸ਼ਨ ਰੱਖਿਆ ਗਿਆ ਸੀ ਜੋ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦੇ ਹਨ। ਗਿਲਾਰਡ ਇਲੈਕਟ੍ਰਾਨਿਸ ਦੀ ਡਾਇਰੈਕਟਰ (ਐਚ.ਆਰ.ਡੀ. ਐਂਡ ਸੀ.ਐਸ.ਆਰ.) ਬੀਬੀ ਗੁਨੀਤ ਕੌਰ ਸੇਠੀ ਨੇ ਕਿਹਾ ਉਹਨਾਂ ਵੱਲੋਂ 25 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਮੱਦਦ ਨਾਲ ਲਗਾਤਾਰ ਫੈਕਟਰੀ ਮੁਲਾਜ਼ਮਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਫੈਕਟਰੀ ਦਾ ਮਕਸਦ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਤੌਰ ’ਤੇ ਤੰਬਾਕੂ ਮੁਕਤ ਕਰਨਾ ਹੈ। ਵਰਕਸ਼ਾਪ ਦੌਰਾਨ ਬੋਲਦਿਆਂ ਸੰਸਥਾ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਕਿਹਾ ਕਿ ਗਲੋਬਲ ਅਡਲਟ ਤੰਬਾਕੂ ਸਰਵੇ-2 ਦੀ ਹੁਣੇ ਜਾਰੀ ਹੋਈ ਰਿਪੋਰਟ ਮੁਤਾਬਕ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸੱਤ ਸਾਲਾਂ ਦੌਰਾਨ 6 ਫੀਸਦੀ ਘਟੀ ਹੈ। ਉਹਨਾਂ ਕਿਹਾ ਕਿ ਪਹਿਲਾਂ ਦੇਸ਼ ਵਿੱਚ 15 ਸਾਲਾਂ ਤੋਂ ਉਪਰ ਤੰਬਾਕੂ ਦੀ ਵਰਤੋਂ ਕਰਨ ਵਾਲੇ 2009-10 ਵਿੱਚ ਹੋਏ ਸਰਵੇ ਦੌਰਾਨ 34.6 ਫੀਸਦੀ ਸਨ ਪਰ ਹੁਣ ਦੇ ਅੰਕੜਿਆਂ ਮੁਤਾਬਕ ਇਹ ਫੀਸਦ 28.6 ਰਹਿ ਗਈ ਹੈ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਇਸ ਫੈਕਟਰੀ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਹੋਰ ਫੈਕਟਰੀਆਂ ਵਿੱਚ ਲਾਗੂ ਕੀਤਾ ਜਾਵੇਗਾ। ਟੀਮ ਵਿੱਚ ਸ਼ਾਮਲ ਦੰਦਾਂ ਦੀ ਡਾਕਟਰ ਸ਼੍ਰੀਮਤੀ ਸਰੂਤੀ ਨੇ ਵਰਕਰਾਂ ਨੂੰ ਕੈਂਸਰ ਤੋਂ ਪਹਿਲਾਂ ਦੀਆਂ ਸਥਿਤੀਆਂ ਬਾਰੇ ਤਸਵੀਰਾਂ ਸਹਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਰੀਬ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਹੈ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੰਦਾਂ ਦੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ’ਤੇ ਉੱਕਾ ਹੀ ਧਿਆਨ ਨਹੀਂ ਦਿੰਦੇ। ਸੰਸਥਾ ਦੇ ਡਵੀਜਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਨੇ ਵਰਕਰਾਂ ਨੂੰ ਇਸ ਆਦਤ ਨੂੰ ਛੱਡਣ ਦੇ ਨਸਖੇ ਦਿੰਦਿਆਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੇ ਤੰਬਾਕੂ ਨੂੰ ਛੱਡਣ ਲਈ ਸਿਰਫ 72 ਘੰਟਿਆਂ ਤੱਕ ਥੋੜੀ-ਬਹੁਤ ਤਕਲੀਫ ਰਹਿੰਦੀ ਹੈ। ਜੇਕਰ ਕੋਈ ਇਹ ਤਕਲੀਫ ਝੱਲ ਜਾਂਦਾ ਹੈ ਤਾਂ ਉਹ ਇਸ ਆਦਤ ਤੋਂ ਮੁਕਤ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਤਕਲੀਫ ਝੱਲਣ ਨਾਲੋਂ 72 ਘੰਟੇ ਦੀ ਤਕਲੀਫ ਜਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਤੰਬਾਕੂ ਛੱਡਣ ਉਪਰੰਤ ਤੋੜ ਲੱਗਣ ’ਤੇ ਪਾਣੀ, ਮਿਸ਼ਰੀ, ਇਲਾਇਚੀ, ਲੌਂਗ, ਸੌਂਫ ਆਦਿ ਚੱਬਣ ਨਾਲ ਵੀ ਤੋੜ ਦੂਰ ਹੁੰਦੀ ਹੈ। ਇਸ ਮੌਕੇ ਸੰਸਥਾ ਦੇ ਸਟੇਟ ਪ੍ਰਾਜੈਕਟਰ ਮੈਨੇਜਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…