ਦੁਨੀਆਂ ਭਰ ’ਚ ਚੈਰੀਟੇਬਲ ਸੰਸਥਾਵਾਂ ਦਾ ਯੋਗਦਾਨ ਵਡਮੁੱਲਾ: ਧਰਮਸੋਤ

ਮਾਤਾ ਅਮਰਤਾਨੰਦਾਮਈ ਦੇਵੀ ਵਲੋਂ ਦੇਸ਼ ਭਰ ’ਚ ਬੇਘਰੇ ਲੋਕਾਂ ਲਈ 1 ਲੱਖ ਘਰ ਬਣਾਉਣ ਦਾ ਟੀਚਾ ਮਹੱਤਵਪੂਰਨ ਕਦਮ

ਧਰਮਸੋਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਮਾਤਾ ਅਮਰਤਾਨੰਦਾਮਈ ਦੇਵੀ ਨਾਲ ਸਬੰਧਤ ਸਮਾਗਮ ’ਚ ਹੋਏ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਮਾਰਚ:
ਪੰਜਾਬ ਦੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਚੈਰੀਟੇਬਲ ਸੰਸਥਾਵਾਂ ਨੇ ਸਮਾਜ ਸੁਧਾਰ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਦੁਨੀਆਂ ਭਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਪ੍ਰਗਟਾਵਾ ਅੱਜ ਇੱਥੇ ਮਾਤਾ ਅਮਰਤਾਨੰਦਾਮਈ ਦੇਵੀ ਨਾਲ ਸਬੰਧਤ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਨ ਮੌਕੇ ਕੀਤਾ। ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਮਾਤਾ ਅਮਰਤਾਨੰਦਾਮਈ ਦੇਵੀ ਨਾਲ ਸਬੰਧਤ ਸਮਾਗਮ ’ਚ ਸ਼ਮੂਲੀਅਤ ਕੀਤੀ।
ਸ੍ਰੀ ਧਰਮਸੋਤ ਨੇ ਕਿਹਾ ਕਿ ਮਨੁੱਖਤਾ ਪ੍ਰਤੀ ਨਿਰਸਵਾਰਥ ਸੇਵਾ ਅਤੇ ਦਿਆਲੂ ਸੁਭਾਅ ਲਈ ਮਾਤਾ ਅਮਰਤਾਨੰਦਾਮਈਦੇਵੀ ਨੂੰ ਵਿਸ਼ਵ ਭਰ ਵਿੱਚ ‘ਅੰਮਾ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਤਾ (ਅੰਮਾ) ਦਾ ਸਾਰਾ ਜੀਵਨ ਗਰੀਬਾਂ ਅਤੇ ਸਰੀਰਕ ਤੇ ਭਾਵਨਾਤਮਕ ਤੌਰ ’ਤੇ ਦੁਖੀ ਲੋਕਾਂ ਦੇ ਦੁੱਖ-ਦਰਦ ਨੂੰ ਘਟਾਉਣ ਲਈ ਸਮਰਪਿਤ ਰਿਹਾ ਹੈ ਅਤੇ ਹੁਣ ਤੱਕ ਮਾਤਾ ਅਮਰਤਾਨੰਦਾਮਈ ਦੇਵੀ ਨੇ 3.7 ਕਰੋੜ ਤੋਂ ਵੱਧ ਲੋਕਾਂ ਨੂੰ ਆਪਣੇ ਗਲੇ ਲਗਾ ਕੇ ਬਿਹਤਰ ਜੀਵਨ ਜਿਊਣ ਦੀ ਹਿੰਮਤ ਦਿੱਤੀ ਹੈ।
ਸ੍ਰੀ ਧਰਮਸੋਤ ਨੇ ਕਿਹਾ ਕਿ ਮਾਤਾ ਨੇ ਆਪਣੇ ਰੂਹਾਨੀ ਗਿਆਨ, ਗਲਵੱਕੜੀ ਅਤੇ ਵਿਸ਼ਵ ਪੱਧਰੀ ਚੈਰੀਟੇਬਲ ਸੰਸਥਾਂਵਾਂ ਦੀ ਮਦਦ ਨਾਲ ਅਨੇਕਾਂ ਲੋਕਾਂ ਨੂੰ ਆਪਣੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਫੈਲੀਆਂ ਇਨ੍ਹਾਂ ਚੈਰੀਟੇਬਲ ਸੰਸਥਾਵਾਂ ਨੂੰ ਸਾਂਝੇ ਤੌਰ ’ਤੇ ਐਂਬ੍ਰੇਸਿੰਗ ਦਾ ਵਰਲਡ (ਵਿਸ਼ਵ ਨੂੰ ਗਲੇ ਲਗਾਉਣ ਵਾਲੇ) ਵਜੋਂ ਜਾਣਿਆ ਜਾਂਦਾ ਹੈ। ਸ. ਧਰਮਸੋਤ ਨੇ ਕਿਹਾ ਕਿ ਮਾਤਾ ਨੇ ਵਿਸ਼ਵ ਵਿਆਪੀ ਚੈਰੀਟੇਬਲ ਮਿਸ਼ਨ ਤਹਿਤ ਭਾਰਤ ਭਰ ਵਿੱਚ ਬੇਘਰ ਲੋਕਾਂ ਲਈ 1 ਲੱਖ ਘਰ ਅਤੇ 3 ਅਨਾਥ ਆਸ਼ਰਮ ਬਣਾਉਣ ਦਾ ਟੀਚਾ ਮਿੱਥਿਆ ਹੈ, ਜੋਕਿ ਮਨੁੱਖਤਾ ਦੀ ਭਲਾਈ ਲਈ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਪੇਸ਼ ਆਉਣ ਵਾਲੀਆਂ ਕੁਦਰਤੀ ਆਫਤਾਂ ਮੌਕੇ ਰਾਹਤ, ਪੁਨਰਵਾਸ, ਮੁਫ਼ਤ ਡਾਕਟਰੀ ਇਲਾਜ, ਵਿਧਵਾਵਾਂ ਅਤੇ ਵਿਕਲਾਂਗਾਂ ਲਈ ਪੈਨਸ਼ਨ ਆਦਿ ਸੇਵਾਂਵਾਂ ਰਾਹੀਂ ਮਦਦ ਕਰਨਾ ਵੀ ਇਸ ਚੈਰੀਟੇਬਲ ਮਿਸ਼ਨ ਦਾ ਹਿੱਸਾ ਹੈ।
ਸ੍ਰੀ ਧਰਮਸੋਤ ਨੇ ਕਿਹਾ ਕਿ ਹਾਲਾਂਕਿ ਮਾਤਾ ਨੂੰ ਭਾਰਤ ਦੇ ਸਭ ਤੋਂ ਪ੍ਰਮੁੱਖ ਰੂਹਾਨੀ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਮਾਤਾ ਦਾ ਕਹਿਣਾ ਹੈ ਕਿ ਉਸਦਾ ਧਰਮ ਪਿਆਰ ਹੈ। ਉਨ੍ਹਾਂ ਕਦੇ ਵੀ ਕਿਸੇ ਨੂੰ ਆਪਣੇ ਧਰਮ ਨੂੰ ਬਦਲਣ ਲਈ ਨਹੀਂ ਕਿਹਾ। ਉਨ੍ਹਾਂ ਨੇ ਹਮੇਸ਼ਾਂ ਸਭ ਨੂੰ ਆਪਣੇ ਧਰਮ ਦੇ ਜ਼ਰੂਰੀ ਸਿਧਾਂਤਾਂ ’ਤੇ ਵਿਚਾਰ ਕਰਨ ਅਤੇ ਉਸ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਤਾ ਅਮਰਤਾਨੰਦਾਮਈ ਦੇਵੀ ਵਲੋਂ ਆਪਣਾ ਸਮੁੱਚਾ ਜੀਵਨ ਮਨੁੱਖਤਾ ਨੂੰ ਜਾਗਰੂਕ ਕਰਨ ਪ੍ਰਤੀ ਸਮਰਪਿਤ ਕਰਨਾ ਵਡਮੁੱਲਾ ਕਾਰਜ ਹੈ। ਸ. ਧਰਮਸੋਤ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਹਿੱਤ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਗ਼ਰੀਬਾਂ, ਪਿਛੜੇ ਵਰਗਾਂ ਅਤੇ ਅਨੁਸੂਚਿਤ ਜਾਤੀ ਲੋਕਾਂ ਦੇ ਸਰਬਪੱਖੀ ਵਿਕਾਸ ਦੀਆਂ ਅਨੇਕਾਂ ਯੋਜਨਾਵਾਂ ਅਮਲ ’ਚ ਲਿਆ ਰਹੀ ਹੈ ਤਾਂ ਜੋ ਉਹ ਬਿਹਤਰ ਜੀਵਨ ਜੀਅ ਸਕਣ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…