
ਪੈਰਾਪਲੇਜਿਕ ਪੁਨਰਵਾਸ ਕੇਂਦਰ ਮੁਹਾਲੀ ’ਚ ਮਨਾਇਆ ‘ਵਿਸ਼ਵ ਅਪੰਗਤਾ ਦਿਵਸ’
ਮੁੱਖ ਮੰਤਰੀ ਦੇ ਕੋਟੇ ’ਚੋਂ ਸੋਲਰ ਸਿਸਟਮ ਲਗਾਉਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਇੱਥੋਂ ਦੇ ਫੇਜ਼-6 ਸਥਿਤ ਪੈਰਾਪਲੇਜਿਕ ਪੁਨਰਵਾਸ ਕੇਂਦਰ ਵਿਖੇ ਵੀਰਵਾਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਦੇਸ਼ ਸੇਵਾ ਦੌਰਾਨ ਡਿਊਟੀ ਨਿਭਾਉਂਦਿਆਂ ਅਪਾਹਜ ਹੋਏ ਸੈਨਿਕਾਂ ਨੂੰ ਗਰਮ ਕੰਬਲ ਅਤੇ ਮਿਠਾਈ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਅਪਾਹਜ ਵਿਅਕਤੀਆਂ (ਪੀ.ਡਬਲਿਊ.ਡੀ) ਦੇ ਦਰਪੇਸ਼ ਮੁੱਦਿਆਂ ਨੂੰ ਸਮਝਣ ਤੇ ਵਿਚਾਰਨ ਲਈ ਹਰ ਸਾਲ ਅੱਜ ਦਾ ਦਿਨ ਵਿਸ਼ਵ ਅਪਾਹਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਨੂੰ ਦੇਸ਼ ਦੀ ਰੱਖਿਆ ਕਰਨ ਵਾਲੇ ਮਹਾਨ ਸੂਰਬੀਰ ਜੋ ਮੁਸ਼ਕਲਾਂ ਭਰੇ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਸਮੇਂ ਪੈਰਾਪਲੇਜਿਕ ਹੋ ਗਏ ਹਨ, ਨਾਲ ਮਿਲਕੇ ਵਿਸ਼ਵ ਅਪਾਹਜ ਦਿਵਸ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਸੂਰਬੀਰ ਸਾਡੇ ਦੇਸ਼ ਦੀ ਆਨਬਾਨ ਅਤੇ ਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਹ ਸੂਰਬੀਰ ਅਪਾਹਜ ਹੋਣ ਦੇ ਬਾਵਜੂਦ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣੇ ਹੋਏ ਹਨ ਅਤੇ ਇੱਥੇ ਵੱਖ-ਵੱਖ ਹੁਨਰ ਦੇ ਕਿੱਤੇ ਕਰ ਰਹੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਉਹ ਅਪਾਹਜ ਵਿਅਕਤੀਆਂ ਦੇ ਹੌਸਲੇ ਅਤੇ ਉਨ੍ਹਾਂ ਦੀ ਦ੍ਰਿੜਤਾ ਨੂੰ ਸਲਾਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਪਾਹਜ ਵਿਅਕਤੀਆਂ ਦੇ ਸ਼ਕਤੀਕਰਨ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਪੈਰਾਪਲੇਜਿਕ ਪੁਨਰਵਾਸ ਕੇਂਦਰ ਵਿੱਚ ਸੋਲਰ ਸਿਸਟਮ ਲਗਾਉਣ ਲਈ ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ’ਚੋਂ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕੇਂਦਰ ਵਿੱਚ ਰਹਿ ਰਹੇ ਅਪਾਹਜ ਵਿਅਕਤੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ, ਐਨਐਸ ਸਿੱਧੂ ਅਤੇ ਗੁਰਧਿਆਨ ਸਿੰਘ ਦੁਰਾਲੀ, ਪਰਮਜੀਤ ਸਿੰਘ ਚੌਹਾਨ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।