ਸਰਕਾਰੀ ਹਸਪਤਾਲ ਵਿੱਚ ਹੋਇਆ ਵਿਸ਼ਵ ਸਿਹਤ ਦਿਵਸ ਤੇ ਵਿਸ਼ਵ ਟੀਬੀ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ

ਟੀਬੀ ਦੇ ਮਰੀਜ਼ਾਂ ਸਬੰਧੀ ਜਾਣਕਾਰੀ ਨਾ ਦੇਣ ਵਾਲੇ ਪ੍ਰਾਈਵੇਟ ਡਾਕਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਬ੍ਰਹਮ ਮਹਿੰਦਰਾ

ਮੰਤਰੀ ਨੇ ਆਰਐਨਟੀਸੀਪੀ ਮੋਬਾਈਲ ਵੈਨ ਨੂੰ ਦਿਖਾਈ ਹਰੀ ਝੰਡੀ, ਸੰਵੇਦਨਸ਼ੀਲ ਇਲਾਕਿਆਂ ਵਿੱਚ ਕੀਤੇ ਜਾਣਗੇ ਮੁਫ਼ਤ ਟੈਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਪੰਜਾਬ ਸਰਕਾਰ ਵੱਲੋਂ ਵਿਸ਼ਵ ਸਿਹਤ ਦਿਵਸ ਅਤੇ ਵਿਸ਼ਵ ਟੀ.ਬੀ. ਦਿਵਸ-2018 ਸਬੰਧੀ ਰਾਜ ਪੱਧਰੀ ਸਮਾਗਮ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ ਕਰਵਾਇਆ ਗਿਆ, ਜਿੱਥੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਆਰ.ਐਨ.ਟੀ.ਸੀ.ਪੀ. ਮੋਬਾਈਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵੈਨ ਜ਼ਰੀਏ ਦੂਰ-ਦੁਰਾਡੇ ਦੇ ਟੀ.ਬੀ. ਸਬੰਧੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੇ ਟੈੱਸਟ ਕੀਤੇ ਜਾਇਆ ਕਰਨਗੇ। ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਲ 2022 ਤੱਕ ਰਾਜ ਨੂੰ ਟੀਬੀ ਮੁਕਤ ਕਰਨ ਦੇ ਟੀਚੇ ਤਹਿਤ ਇਹ ਵੈਨ ਸਾਰੇ ਸੂਬੇ ਵਿੱਚ ਜਾਵੇਗੀ ਅਤੇ ਟੀਬੀ ਦੇ ਜਿਹੜੇ ਸ਼ੱਕੀ ਮਰੀਜ਼ ਹੈੱਲਥ ਸੈਂਟਰਾਂ ਤੱਕ ਨਹੀਂ ਪਹੁੰਚ ਸਕਦੇ, ਉਨ੍ਹਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ’ਤੇ ਜਾਂ ਰਿਹਾਇਸ਼ਾਂ ਨੇੜੇ ਹੀ ਟੀਬੀ ਸਬੰਧੀ ਟੈੱਸਟਾਂ ਤੇ ਰਿਪੋਰਟਾਂ ਮੁਹੱਈਆ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਟੀਬੀ ਦੇ ਮਰੀਜ਼ਾਂ ਸਬੰਧੀ ਪ੍ਰੋਗਰੈੱਸ ਰਿਪੋਰਟ ਦੇਣ ਅਤੇ ਫ਼ੌਰੀ ਤੌਰ ’ਤੇ ਜਾਣਕਾਰੀ ਦਰਜ ਕਰਨ ਲਈ ਆਰ.ਐਨ.ਟੀ.ਸੀ.ਪੀ. ਸਟਾਫ਼ ਨੂੰ ਸਮਾਰਟ ਟੈਬਲੈਟਸ ਵੰਡੇ ਗਏ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਟੀਬੀ ਦੇ ਸ਼ੱਕੀ ਮਰੀਜ਼ਾਂ ਦੇ ਛਾਤੀ ਦੇ ਐਕਸ-ਰੇਅ, ਸਪਟੱਮ ਮਾਈਕਰੋਸਕੋਪੀ ਅਤੇ ਸੀ.ਬੀ.ਐਨ.ਏ.ਏ.ਟੀ. ਟੈਸਟ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਟੀ.ਬੀ. ਦੇ ਮਰੀਜ਼ਾਂ ਦਾ ਸਾਰਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਟੀ.ਬੀ. ਦੇ ਮਰੀਜ਼ਾਂ ਨੂੰ ਖ਼ੁਰਾਕ ਲਈ 500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਕਰਨਗੇ ਕਿਉਂਕਿ ਚੰਗੀ ਖ਼ੁਰਾਕ ਟੀ.ਬੀ. ਦੇ ਇਲਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਐਮਡੀਆਰ ਟੀਬੀ ਮਰੀਜ਼ਾਂ ਲਈ ਸ਼ੌਰਟਰ ਟਰੀਟਮੈਂਟ ਰੈਜ਼ੀਮਨ (ਘੱਟ ਸਮੇਂ ਵਿੱਚ ਹੋਣ ਵਾਲੇ ਇਲਾਜ) ਦੀ ਸ਼ੁਰੂਆਤ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਸਰਕਾਰ ਦੇ 16 ਮਾਰਚ 2018 ਨੂੰ ਜਾਰੀ ਹੋਏ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਐੈਂਟੀ ਟੀ.ਬੀ. ਦਵਾਈ ਲਿਖਣ ਤੇ ਦੇਣ ਵਾਲੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ, ਡਾਕਟਰਾਂ, ਮੈਡੀਕਲ ਲੈਬਜ਼ ਅਤੇ ਕੈਮਿਸਟਸਾਂ ਲਈ ਇਹ ਲਾਜ਼ਮੀ ਹੈ ਕਿ ਟੀਬੀ ਦੇ ਕੇਸ ਸਬੰਧੀ ਜਾਣਕਾਰੀ ਨੇੜਲੇ ਸਰਕਾਰੀ ਸਿਹਤ ਕੇਂਦਰ ਨੂੰ ਦੇਣ। ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਨੂੰ ਟੀਬੀ ਦੇ ਕੇਸ ਦੀ ਜਾਣਕਾਰੀ ਨਾ ਦੇਣ ’ਤੇ ਆਈਪੀਸੀ ਦੇ ਸੈਕਸ਼ਨ 269 ਤੇ 270 (45 ਆਫ 1860) ਤਹਿਤ ਛੇ ਮਹੀਨੇ ਤੋਂ ਦੋ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਹਾਲੇ ਵੀ ਵੱਡੀ ਗਿਣਤੀ ਟੀ.ਬੀ. ਦੇ ਕੇਸ ਅਜਿਹੇ ਹਨ ਜਿਹੜੇ ਰਿਪੋਰਟ ਨਹੀਂ ਹੁੰਦੇ ਅਤੇ ਅੰਦਾਜ਼ਨ, ਰਾਜ ਵਿੱਚ ਸਾਲਾਨਾ 20 ਹਜ਼ਾਰ ਦੇ ਕਰੀਬ ਕੇਸਾਂ ਦਾ ਇਲਾਜ ਪ੍ਰਾਈਵੇਟ ਸੈਕਟਰ ਵਿੱਚ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਭਾਰਤ ਸਰਕਾਰ ਦੇ ਉਪਰੋਕਤ ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਟੀਬੀ ਦੇ ਮਰੀਜ਼ਾਂ ਦੀ ਪੁਸ਼ਟੀ ਕਰਨ ਜਾਂ ਇਲਾਜ ਨਾਲ ਸਬੰਧਤ ਹਨ, ਉਹ ਟੀਬੀ ਦੇ ਮਰੀਜ਼ਾਂ ਦੀ ਜਾਣਕਾਰੀ ਸਰਕਾਰੀ ਸਿਹਤ ਸੰਸਥਾਵਾਂ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਨੂੰ ਦੇਣੀ ਯਕੀਨੀ ਬਣਾਉਣ। ਇਸ ਸਬੰਧੀ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਵਿਸ਼ਾ ਹੈ ਕਿਉਂਕਿ ਟੀਬੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫ਼ੈਲਦੀ ਹੈ ਅਤੇ ਭਾਰਤ ਵਿੱਚ 20 ਲੱਖ ਦੇ ਕਰੀਬ ਮਰੀਜ਼ ਇਸ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਟੀਬੀ ਦੇ ਮਰੀਜ਼ਾਂ ਦੀ ਪਛਾਣ ਨਾ ਹੋਣਾ ਸਮਾਜ ਲਈ ਬਹੁਤ ਖ਼ਤਰਨਾਕ ਹੈ। ਅਜਿਹੇ ਹਾਲਾਤ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸੂਬੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵਿਸ਼ੇਸ਼ ਟੀਮਾਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਜਾ ਕੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਂਦੀਆਂ ਹਨ ਤਾਂ ਜੋ ਮਰੀਜ਼ਾਂ ਦੀ ਪੁਸ਼ਟੀ ਹੋ ਸਕੇ। ਇਸੇ ਸਮਾਗਮ ਦੌਰਾਨ ਉਨ੍ਹਾਂ ਨੇ ਟੀਬੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕੱਢੀ ਗਈ ਰੈਲੀ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ, ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵੜਾ, ਐਮਡੀ ਵਰੁਣ ਰੂਜਮ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਨਰੇਸ਼ ਕਨਸਾ, ਸਟੇਟ ਟੀ.ਬੀ. ਪ੍ਰੋਗਰਾਮ ਅਫ਼ਸਰ ਡਾ. ਨਰੇਸ਼ ਸ਼ਰਮਾ, ਸਿਵਲ ਸਰਜਨ ਮੋਹਾਲੀ ਡਾ. ਰੀਟਾ ਭਾਰਦਵਾਜ, ਵਿਧਾਇਕ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਮੱਛਲੀ ਕਲਾਂ, ਕੌਂਸਲਰ ਨਰਾਇਣ ਸਿੰਘ ਸਿੱਧੂ, ਕੌਸਲਰ ਨਛੱਤਰ ਸਿੰੰਘ, ਗੁਰਚਰਨ ਸਿੰਘ ਭੰਵਰਾ, ਮੋਹਨ ਸਿੰਘ ਬਠਲਾਣਾ, ਸਤਪਾਲ ਸਿੰਘ, ਚੌਧਰੀ ਹਰੀਪਾਲ ਚੋਲਟਾਂ ਕਲਾਂ ਅਤੇ ਐਚਐਸ ਢਿੱਲੋਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…