Nabaz-e-punjab.com

ਵਰਲਡ ਹਾਰਟ ਦਿਵਸ: ਸਿਹਤ ਵਿਭਾਗ ਵੱਲੋਂ ਮੁਹਾਲੀ ਵਿੱਚ ਜਾਗਰੂਕਤਾ ਦਾ ਹੋਕਾ, ਸਾਈਕਲ ਰੈਲੀ ਕੱਢੀ

ਦਿਲ ਦੀਆਂ ਬਿਮਾਰੀਆਂ ਤੋਂ ਬਚਨ ਲਈ ਹਰੇਕ ਵਿਅਕਤੀ ਨੂੰ ਜੀਵਨ-ਸ਼ੈਲੀ ਵਿੱਚ ਸੁਧਾਰ ਕਰਨ ਦੀ ਲੋੜ: ਡਾ. ਅਵਨੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਮਾਜ ਸੇਵੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੋਮਵਾਰ ਨੂੰ ਵਰਲਡ ਹਾਰਟ ਦਿਵਸ ਦੇ ਮੌਕੇ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਈਕਲ ਰੈਲੀ ਕੱਢੀ ਗਈ। ਜਿਸ ਨੂੰ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਵਨੀਤ ਕੌਰ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਵੇਰੇ 6 ਵਜੇ ਇੱਥੋਂ ਦੇ ਫੇਜ਼-5 ਦੀ ਮਾਰਕੀਟ ਤੋਂ ਸ਼ੁਰੂ ਹੋਈ ਇਸ ਸਾਈਕਲ ਰੈਲੀ ਵਿੱਚ ਸੈਂਕੜੇ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਸਕੂਲਾਂ ਦੇ ਵਿਦਿਆਰਥੀ ਅਤੇ ਟਰੈਫ਼ਿਕ ਪੁਲੀਸ ਦੇ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਸਨ। ਇਹ ਸਾਈਕਲ ਰੈਲੀ ਸਰਕਾਰੀ ਡਿਸਪੈਂਸਰੀ ਫੇਜ਼-11 ਦੇ ਸਾਹਮਣੇ ਪਹੁੰਚ ਕੇ ਸਮਾਪਤ ਹੋਈ।
ਇਸ ਮੌਕੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਵਨੀਤ ਕੌਰ ਨੇ ਕਿਹਾ ਕਿ ਸਾਈਕਲ ਰੈਲੀ ਕੱਢਣ ਦਾ ਮੁੱਖ ਮੰਤਵ ਸ਼ਹਿਰ ਵਾਸੀਆਂ ਨੂੰ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦੇਣਾ ਹੈ। ਸਾਡਾ ਦਿਲ ਉਦੋਂ ਹੀ ਨੌਂ-ਬਰ-ਨੌਂ ਅਤੇ ਪੂਰਾ ਕਾਇਮ ਰਹਿ ਸਕਦਾ ਹੈ ਜਦੋਂ ਅਸੀਂ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਵਾਂਗੇ। ਉਨ੍ਹਾਂ ਕਿਹਾ ਕਿ ਅਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣਾ ਕੋਈ ਅੌਖਾ ਕੰਮ ਨਹੀਂ। ਜਦੋਂ ਅਸੀਂ ਆਪਣੇ ਲਈ ਵਧੀਆ ਕੱਪੜੇ, ਘਰ ਦਾ ਜ਼ਰੂਰੀ ਸਮਾਨ, ਗੱਡੀ ਆਦਿ ਲੈਣ ਸਮੇਂ ਪੂਰੀ ਪੁੱਛ-ਪੜਤਾਲ ਅਤੇ ਤਸੱਲੀ ਕਰਦੇ ਹਾਂ ਅਤੇ ਫਿਰ ਉਸ ਚੀਜ਼ ਦੀ ਪੂਰੀ ਸੰਭਾਲ ਰੱਖਦੇ ਹਾਂ ਤਾਂ ਫਿਰ ਅਸੀਂ ਆਪਣੇ ਸਰੀਰ ਦੇ ਸਭ ਤੋਂ ਅਹਿਮ ਅੰਗ ਦਿਲ ਦੀ ਸੰਭਾਲ ਕਿਉਂ ਨਾ ਕਰੀਏ?’ ਉਨ੍ਹਾਂ ਦਿਲ ਨੂੰ ਤੰਦਰੁਸਤ ਰੱਖਣ ਦਾ ਬੁਨਿਆਦੀ ਨੁਸਖ਼ਾ ਦੱਸਦਿਆਂ ਕਿਹਾ ਕਿ ਸਵੇਰ ਦੀ ਸੈਰ, ਹਲਕੀ-ਫੁਲਕੀ ਕਸਰਤ, ਸਾਈਕਲ ਚਲਾਉਣਾ, ਤੈਰਨਾ, ਤੇਲ, ਲੂਣ, ਘੀ, ਮਿੱਠਾ, ਮੈਦਾ ਆਦਿ ਦੀ ਘੱਟ ਤੋਂ ਘੱਟ ਵਰਤੋਂ ਅਤੇ ਜੰਕ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਸਰੀਰ ਦੀ ਮੁਕੰਮਲ ਡਾਕਟਰੀ ਜਾਂਚ ਮਨੁੱਖ ਗੰਭੀਰ ਬਿਮਾਰੀਆਂ ਤੋਂ ਬਚਾ ਸਕਦੀ ਹੈ।
ਇਸ ਤੋਂ ਪਹਿਲਾਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਚੀਭ ਦੇ ਸੁਆਦ ਕਾਰਨ ਮਨੁੱਖ ਨੂੰ ਦਿਲ ਦੀਆਂ ਬਿਮਾਰੀਆਂ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਤੋਂ ਪਹਿਲਾਂ ਅਸੀਂ ਘੱਟ ਹੀ ਸੋਚਦੇ ਹਾਂ ਕਿ ਖਾਧੀ ਜਾਣ ਵਾਲੀ ਚੀਜ਼ ਦਾ ਸਾਡੇ ਸਰੀਰ ’ਤੇ ਕੀ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੀ ਜੀਵਨ-ਸ਼ੈਲੀ ਨੂੰ ਠੀਕ ਕਰ ਲਵੇ ਤਾਂ ਬਹੁਤੇ ਮਾਮਲਿਆਂ ਵਿੱਚ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਫੈਟ ਅਤੇ ਤੇਲ ਵਾਲੀਆਂ ਚੀਜ਼ਾਂ ਦੀ ਲੋੜ ਤੋਂ ਵੱਧ ਵਰਤੋਂ ਦਿਲ ਅਤੇ ਸਿਹਤ ਲਈ ਨੁਕਸਾਨਦੇਹ ਹੈ।
ਇਸ ਮੌਕੇ ਸੂਬਾ ਟੀਕਾਕਰਨ ਅਫ਼ਸਰ ਡਾ. ਜੀਬੀ ਸਿੰਘ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਉਪਿੰਦਰਪ੍ਰੀਤ ਕੌਰ ਗਿੱਲ ਅਤੇ ਮੀਤ ਪ੍ਰਧਾਨ ਸੁਰਜੀਤ ਕੌਰ, ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ, ਡਾ. ਹਰਮਨਦੀਪ ਕੌਰ, ਡਾ. ਭੁਪਿੰਦਰ ਸਿੰਘ, ਡਾ. ਨਿਧੀ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…